ਨਵੀਂ ਦਿੱਲੀ- ਅੱਜ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ ਕਾਰਜਾਂ ਦੀ ਅਰੰਭਤਾ ਦਾ ਨੀਂਹ ਪੱਥਰ ਸੰਤਾਂ ਮਹਾਂਪੁਰਖਾਂ ਅਤੇ ਸੰਗਤਾਂ ਦੇ ਰਿਕਾਰਡ ਤੋੜ ਇੱਕਠ ਵਿੱਚ ਦਿੱਲੀ ਦੀ ਮੁਖਮੰਤਰੀ ਸ਼ੀਲਾ ਦੀਕਸ਼ਤ ਅਤੇ ਸ੍ਰ. ਅਰਵਿੰਦਰ ਸਿੰਘ ਲਵਲੀ ਸਿੱਖਿਆ ਮੰਤਰੀ ਵਲੋਂ ਰੱਖਿਆ ਗਿਆ। ਇਸ ਮੌਕੇ ਸਵੇਰ ਤੋਂ ਹੀ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਵਿਸ਼ਾਲ ਦੀਵਾਨ ਸਜਾਏ ਗਏ। ਜਥੇਦਾਰ ਗਿਆਨੀ ਇਕਬਾਲ ਸਿੰਘ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਦੁਆਰਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਤੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਸੰਦੀਪ ਦੀਕਸ਼ਤ,ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਭਾਈ ਰਾਮ ਸਿੰਘ, ਬਾਬਾ ਬਚਨ ਸਿੰਘ ਜੀ,ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਅਮਰ ਸਿੰਘ ਜੀ ਯੂ.ਕੇ, ਸੰਤ ਅੰਮ੍ਰਿਤਪਾਲ ਸਿੰਘ ਜੀ ਅਤੇ ਭਾਈ ਚਮਨਜੀਤ ਸਿੰਘ ਜੀ ਲਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਅਰੰਭਤਾ ਨੂੰ ਰੋਕਣ ਲਈ ਆਰ.ਐਸ.ਐਸ ਦੇ ਏਜੰਡੇ ਤਹਿਤ ਰੋਕਣ ਦੀਆਂ ਪੂਰੀਆਂ ਕੋਸਿ਼ਸ਼ਾ ਦੇ ਬਾਵਜੂਦ ਇਹ ਪ੍ਰੋਜੈਕਟ ਮਿੱਥੇ ਸਮੇ ਤੇ ਪੂਰਾ ਕੀਤਾ ਜਾਵੇਗਾ ਅਤੇ ਜੋ ਲੋਕ ਇਸ ਦੇ ਵਧੇ ਬਜਟ ਬਾਰੇ ਅਤੇ ਇਸ ਪ੍ਰੋਜੈਕਟ ਨੂੰ ਪੂਰਿਆਂ ਕਰਨ ਲਈ ਮਾਇਆ ਇਕੱਤਰ ਕੀਤੇ ਜਾਣ ਬਾਰੇ ਸ਼ੰਕੇ ਖੜੇ ਕਰ ਰਹੇ ਹਨ, ਇਹ ਸੇਵਾ ਪੂਰੀ ਹੋ ਜਾਣ ਤੇ ਉਨ੍ਹਾਂ ਨੂੰ ਇਸ ਦਾ ਜਵਾਬ ਮਿਲ ਜਾਵੇਗਾ।
ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਸਮਾਗਮ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਸ਼ੁਭ ਦਿਨ ਹੈ ਅਤੇ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਰੰਭੇ ਜਾ ਰਹੇ ਵਿਕਾਸ ਕਾਰਜਾਂ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਉਨ੍ਹਾਂ ਨੇ ਇਸ ਗੱਲ ਤੇ ਜੋਰ ਦੇ ਕੇ ਕਿਹਾ ਕੌਮ ਦੀ ਸੇਵਾ, ਸੰਗਤ ਦੀ ਸੇਵਾ ਦੇ ਕੰਮਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਜਾਂ ਰਾਜਨੀਤੀ ਕਰਨ ਦੀ ਲੋੜ ਨਹੀਂ। ਉਨ੍ਹਾਂ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਸੰਗਤਾਂ ਦੀ ਸਹੂਲਤ ਲਈ ਅਰੰਭੇ ਜਾ ਰਹੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਿਆਂ ਕਰਨ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਉਹ ਚਾਹੁੰਦੇ ਹਨ ਕਿ ਇਹ ਪ੍ਰੋਜੈਕਟ ਜਲਦੀ ਪੂਰਾ ਹੋਵੇ। ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਹ ਸਾਬਿਤ ਕਰ ਦਿੱਤਾ ਕਿ ਵਿਰੋਧੀਆਂ ਦੇ ਗੁੰਮਰਾਹਕੁਨ ਬਿਆਨਾਂ ਦਾ ਉਨ੍ਹਾਂ ਉਪਰ ਕੋਈ ਅਸਰ ਨਹੀਂ ਹੋਇਆ।