ਫਤਿਹਗੜ੍ਹ ਸਾਹਿਬ :- “ਕਿਸੇ ਮਿਸ਼ਨ ਦੀ ਪੂਰਤੀ ਲਈ ਅਰਦਾਸ ਕਰਕੇ ਨਿਭਾਉਣਾ ਤਾਂ ਸਿੱਖ ਕੌਮ ਦੇ ਹਿੱਸੇ ਵਿੱਚ ਹੀ ਆਇਆ ਹੈ ਨਾ ਕਿ ਡਰਾਮੇਬਾਜ਼ ਬਾਬਾ ਰਾਮਦੇਵ ਜਾਂ ਸ੍ਰੀ ਅੰਨਾ ਹਜ਼ਾਰੇ ਵਰਗੇ ਹਿੰਦੂਤਵ ਆਗੂਆਂ ਦੇ। ਅਜਿਹੇ ਆਗੂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਤਈ ਨਹੀਂ ਬਣ ਸਕਦੇ ਜਿਨ੍ਹਾ ਨੇ ਗੁਰੂ ਨਾਲ ਵਚਨ ਕਰਕੇ ਪੂਰਨ ਕੀਤਾ, ਭਾਵੇ ਕਿ ਇਸ ਮਿਸ਼ਨ ਲਈ ਉਨ੍ਹਾ ਨੂੰ ਆਪਣਾ ਸਰੀਰ ਵੀ ਕਿਉ ਨਾ ਲਾਉਣਾ ਪਿਆ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਾਬਾ ਰਾਮਦੇਵ ਵੱਲੋ ਹਰਿਦੁਆਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਅਧੀਨ “ਰਿਸ਼ਵਤਖੋਰੀ ਨੂੰ ਖਤਮ ਕਰਨ ਅਤੇ ਬਾਹਰਲੇ ਮੁਲਕਾਂ ਦੇ ਬੈਕਾਂ ਵਿੱਚ ਪਏ ਕਾਲੇ ਧਨ ਨੂੰ ਵਾਪਿਸ ਮੰਗਵਾਉਣ” ਦੇ ਸਮਾਜਿਕ ਮੁੱਦੇ ਉਤੇ ਬੀਤੇ ਕਈ ਦਿਨਾਂ ਤੋ ਰੱਖੇ ਗਏ ਮਰਨ ਵਰਤ ਨੂੰ ਤੋੜ ਦੇਣ ਦੀ ਅਤੇ ਇੱਥੋ ਦੇ ਬਸਿ਼ੰਦਿਆ ਨਾਲ ਧੋਖਾ ਕਰਨ ਦੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਸ: ਮਾਨ ਨੇ ਕਿਹਾ ਕਿ ਜੇਕਰ ਇਹ ਉਪਰੋਕਤ ਦੋਵੇ ਹਿੰਦੂਤਵ ਆਗੂ ਆਪਣੇ ਮਿਸ਼ਨ ਵਿੱਚ ਸੁਹਿਰਦ ਹੁੰਦੇ ਤਾਂ ਉਹ ਸ਼੍ਰੀ ਰਵੀਸ਼ੰਕਰ ਅਤੇ ਮੁਰਾਰੀ ਬਾਪੂ ਵਰਗੇ ਹਿੰਦੂਤਵ ਪ੍ਰਚਾਰਕਾਂ ਤੋ ਆਪਣਾ ਮਰਨ ਵਰਤ ਤੁੜਵਾਉਣ ਦਾ ਬਹਾਨਾ ਕਦੀ ਨਾ ਤੱਕਦੇ। ਉਨ੍ਹਾ ਕਿਹਾ ਕਿ ਕਿੰਨੀ ਹਾਸੋਹੀਣੀ ਅਤੇ ਨਮੌਸ਼ੀ ਵਾਲਾ ਵਰਤਾਰਾ ਹੈ ਕਿ ਹਸਪਤਾਲ ਵਿੱਚ ਬਾਬਾ ਰਾਮਦੇਵ ਦੀ ਖਬਰਸਾਰ ਲੈਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਓਮ ਪ੍ਰਕਾਸ ਚੌਟਾਲਾ ਅਤੇ ਇਨ੍ਹਾ ਵਰਗੇ ਹੋਰ ਗੈਰ ਇਖਲਾਕੀ ਅਤੇ ਰਿਸ਼ਵਤਖੋਰੀ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਦਾਗੀ ਲੋਕ ਹੀ ਪਹੁੰਚ ਰਹੇ ਹਨ। ਇੱਥੋ ਦਾ ਕੋਈ ਵੀ ਇਖਲਾਕੀ ਇਨਸਾਨ ਦੇਹਰਾਦੂਨ ਹਸਪਤਾਲ ਵਿੱਚ ਨਹੀਂ ਗਿਆ। ਉਨ੍ਹਾ ਬਾਬਾ ਰਾਮਦੇਵ ਅਤੇ ਉਨ੍ਹਾ ਦੀ ਸ੍ਰਪ੍ਰਸਤੀ ਕਰਨ ਵਾਲੀ ਜਮਾਤ ਭਾਜਪਾ ਨੂੰ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾ ਦੇ ਆਲੇ ਦੁਆਲੇ ਅਕਸਰ ਹੀ ਉਹ ਲੋਕ ਅਤੇ ਅਨਸਰ ਹੀ ਦਿਖਾਈ ਦਿੰਦਾ ਹੈ ਜੋ ਮੁਲਕ ਦੇ ਵੱਡੇ ਵੱਡੇ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਅਤੇ ਹੇਰਾ ਫੇਰੀਆਂ ਕਰਨ ਵਾਲੇ ਹਨ। ਜੇਕਰ ਇਨ੍ਹਾ ਦੇ ਉਪਰੋਕਤ ਸਮਾਜਿਕ ਮਿਸ਼ਨ ਵਿੱਚ ਸੱਚਾਈ ਹੁੰਦੀ ਤਾਂ ਉੱਚੇ-ਸੁੱਚੇ ਇਖਲਾਕ ਵਾਲੀਆਂ ਸਖਸੀਅਤਾਂ ਕਦੀ ਵੀ ਇਸ ਅੰਦੋਲਨ ਤੋ ਦੂਰੀ ਨਾ ਬਣਾਉਦੀਆਂ। ਸ: ਮਾਨ ਨੇ ਸ: ਬਾਦਲ ਨੂੰ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਉਹ ਬਾਬਾ ਰਾਮਦੇਵ ਦੀਆਂ ਉਨ੍ਹਾ ਮੰਗਾਂ ਨੂੰ ਪੂਰਨ ਕਰਨ ਦੀ ਦੁਹਾਈ ਦੇ ਰਹੇ ਹਨ, ਜਿਸ ਨਾਲ ਉਸਨੇ ਇੱਥੋ ਦੇ ਬਸਿ਼ੰਦਿਆਂ ਨਾਲ ਧੋਖੇ ਅਤੇ ਫਰੇਬ ਕਰਕੇ 1100 ਕਰੋੜ ਰੁਪਏ ਦੀ ਜਾਇਦਾਦ ਬਣਾਈ? ਕੀ ਸ: ਬਾਦਲ ਨੂੰ ਇਹ ਜਾਣਕਾਰੀ ਹੈ ਕਿ ਬਾਬਾ ਰਾਮਦੇਵ ਨੂੰ ਦਾਨ ਵਿੱਚ ਦਿੱਤਾ ਗਿਆ ਜਹਾਜ਼ ਕਿਸਨੇ ਦਿੱਤਾ ਸੀ ਅਤੇ ਬਾਬਾ ਰਾਮਦੇਵ ਅਜਿਹੇ ਧਨਾਢ ਆਗੂਆਂ ਅਤੇ ਵੱਡੇ ਵੱਡੇ ਕਾਰੋਬਾਰੀ ਲੋਕਾਂ ਤੋ ਤੋਹਫ਼ੇ ਪ੍ਰਾਪਤ ਕਰਕੇ ਇੱਥੋ ਦੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਲੁਟੇਰਿਆਂ ਅਤੇ ਗਬਨ ਕਰਨ ਵਾਲੇ ਲੋਕਾਂ ਤੋ ਦਾਨ ਦੇ ਰੂਪ ਵਿੱਚ ਕਰੋੜਾਂ ਅਰਬਾਂ ਰੁਪਏ ਪ੍ਰਾਪਤ ਕਰਕੇ ਬਾਬਾ ਰਾਮਦੇਵ ਕਿਹੜੀ ਰਿਸ਼ਵਤਖੋਰੀ ਨੂੰ ਖਤਮ ਕਰਨ ਜਾ ਰਹੇ ਹਨ ਜਾਂ ਉਨ੍ਹਾ ਕੋਲ ਕਿਹੜਾ ਅਜਿਹਾ ਫਾਰਮੂਲਾ ਹੈ, ਜਿਸ ਨਾਲ ਬਾਹਰਲੇ ਮੁਲਕਾਂ ਦੇ ਬੈਕਾਂ ਵਿੱਚ ਪਏ ਕਾਲੇ ਧਨ ਨੂੰ ਉਹ ਵਾਪਿਸ ਲਿਆਉਣ ਦੀ ਸਮਰੱਥਾ ਅਤੇ ਸੰਜੀਦਗੀ ਰੱਖਦੇ ਹਨ?