ਵਾਸਿੰਗਟਨ- ਅਮਰੀਕਾ ਦੇ ਮੰਨੇ-ਪ੍ਰਮੰਨੇ ਬਿਜਨਸਮੈਨ ਅਤੇ ਗੋਤਾਖ਼ੋਰ ਵਾਰੇਨ ਨੇ ਕਿਹਾ ਹੈ ਕਿ ਉਹ ਸਮੁੰਦਰ ਵਿੱਚ ਦਫ਼ਨਾਏ ਗਏ ਓਸਾਮਾ ਬਿਨ ਲਾਦਿਨ ਦੀ ਕਬਰ ਨੂੰ ਲੱਭ ਕੇ ਉਸ ਦੀ ਲਾਸ਼ ਨੂੰ ਸਮੁੰਦਰੀ ਤੱਲ ਤੋਂ ਬਾਹਰ ਲਿਆਉਣ ਲਈ ਕਾਰਵਾਈ ਅਰੰਭ ਕਰੇਗਾ। ਵਾਰੇਨ ਲੋਕਾਂ ਦੇ ਸਾਹਮਣੇ ਇਹ ਸਚਾਈ ਲਿਆਉਣਾ ਚਾਹੁੰਦੇ ਹਨ ਕਿ ਅਲ-ਕਾਇਦਾ ਨੇਤਾ ਅਸਲ ਵਿੱਚ ਮਾਰੇ ਗਏ ਹਨ।
ਵਾਰੇਨ ਨੇ ਅਮਰੀਕਾ ਦੀ ਅਖ਼ਬਾਰ ਨਿਊਯਾਰਕ ਪੋਸਟ ਨੂੰ ਦਿੱਤੇ ਗਏ ਇੱਕ ਇੰਟਰਵਿਯੂ ਦੌਰਾਨ ਕਿਹਾ, “ ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਇੱਕ ਦੇਸ਼ ਭਗਤ ਅਮਰੀਕੀ ਹਾਂ। ਮੈਂ ਇਹ ਸਾਰੀ ਦੁਨੀਆ ਦੇ ਲਈ ਕਰਾਂਗਾ।” ਵਾਰੇਨ ਹੁਣ ਤੱਕ ਸਮੁੰਦਰ ਵਿਚੋਂ 200 ਤੋਂ ਵੱਧ ਮਲਬਿਆਂ ਨੂੰ ਖੋਜ ਨਿਕਾਲਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਨੇ ਗੋਤਾਖੋਰੀ ਦਾ ਕੰਮ 1972 ਵਿੱਚ ਸ਼ੁਰੂ ਕੀਤਾ ਸੀ। ੳਸਾਮਾ ਦੀ ਲਾਸ਼ ਨੂੰ ਲੱਭਣ ਦੇ ਕੰਮ ਤੇ ਵਾਰੇਨ ਦਾ ਚਾਰ ਲੱਖ ਡਾਲਰ ਦਾ ਖਰਚ ਆਵੇਗਾ ਅਤੇ ਇਸ ਕੰਮ ਵਿੱਚ ਪਣਡੁਬੀਆਂ,ਜਹਾਜ਼ ਅਤੇ ਹੋਰ ਤਕਨੀਕੀ ਸੰਦਾਂ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਓਸਾਮਾ ਦੀ ਡੈਡ ਬਾਡੀ ਮਿਲ ਜਾਂਦੀ ਹੈ ਤਾਂ ਉਸ ਦੀਆਂ ਤਸਵੀਰਾਂ ਖਿੱਚ ਕੇ ਉਸ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਵਾਰੇਨ ਨੇ ਕਿਹਾ ਕਿ ਉਨ੍ਹਾਂ ਦੀ ਰੂਸੀ ਗਰਲ ਫਰੈਂਡ ਨੇ ਕਿਹਾ ਹੈ ਕਿ ਕੋਈ ਵੀ ਇਸ ਗੱਲ ਤੇ ਵਿਸ਼ਵਾਸ਼ ਨਹੀਂ ਕਰਦਾ ਕਿ ਐਬਟਾਬਾਦ ਵਿੱਚ ਓਸਾਮਾ ਬਿਨ ਲਾਦਿਨ ਦੀ ਮੌਤ ਹੋਈ ਹੈ।