ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ।ਮਨੁੱਖ ਆਪਣੀ ਜਿੰਦਗੀ ਚ’ ਅਕਸਰ ਗਲਤੀਆਂ ਕਰਦਾ ਰਹਿੰਦਾ ਹੈ।ਕੋਈ ਜਿਆਦਾ ਗਲਤੀਆਂ ਕਰਦਾ ਹੈ ਕੋਈ ਘੱਟ।ਕੋਈ ਨਿੱਕੀਆਂ ਨਿੱਕੀਆਂ ਗਲਤੀਆਂ ਕਰਦਾ ਹੈ ਕੋਈ ਵੱਡੀਆਂ।
ਇਨਸਾਨ ਦੀ ਜਿੰਦਗੀ ਵਿੱਚ ਔਕੜਾਂ,ਮੁਸੀਬਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।ਕੋਈ ਛੋਟੀ ਤੋਂ ਛੋਟੀ ਗਲਤੀ ਕਾਰਨ ਵੀ ਬਦਨਾਮ ਹੋ ਜਾਂਦਾ ਹੈ।ਕੋਈ ਵੱਡੀ ਤੋਂ ਵੱਡੀ ਗਲਤੀ ਕਰਨ ਤੋਂ ਬਾਅਦ ਵੀ ਦੁਨੀਆਂ ਵਿੱਚ ਹੱਸਦਾ ਖੇਡਦਾ ਨਜ਼ਰ ਆਉਂਦਾ ਹੈ।
ਇਨਸਾਨ ਨੇ ਜਿੰਦਗੀ ਵਿੱਚ ਜਿੰਨੇ ਮਰਜੀ ਚੰਗੇ ਤੋਂ ਚੰਗੇ,ਇਮਾਨਦਾਰੀ ਵਾਲੇ,ਲੋਕ ਭਲਾਈ ਵਾਲੇ ਕੰਮ ਕੀਤੇ ਹੋਣ।ਪਰ ਮਨੁੱਖ ਦੀ ਜਿੰਦਗੀ ਵਿੱਚ ਇੱਕ ਛੋਟੀ ਜਿਹੀ ਗਲਤੀ ਵੀ ਮਨੁੱਖ ਨੂੰ ਬਦਨਾਮੀ ਦੇ ਰਸਤੇ ਪਾ ਦਿੰਦੀ ਹੈ।ਚਾਹੇ ਉਹ ਗਲਤੀ ਉਸ ਤੋ ਅਨਜਾਣੇ ਵਿੱਚ ਹੀ ਕਿਉਂ ਨਾ ਹੋਈ ਹੋਵੇ।ਪਰ ਇਨਸਾਨ ਜਿੰਦਗੀ ਚ’ ਗਲਤੀਆ ਕਰ ਕਰ ਕੇ ਹੀ ਸਭ ਕੁੱਝ ਸਿੱਖਦਾ ਹੈ।
ਇਸ ਧਰਤੀ ਤੇ ਮਨੁੱਖ ਨੂੰ ਸਭ ਤੋਂ ਸਮਝਦਾਰ ਦੱਸਿਆ ਗਿਆ ਹੈ।ਪਰ ਮਨੁੱਖ ਹੀ ਜਿੰਦਗੀ ਵਿੱਚ ਸਭ ਤੋ ਵੱਧ ਗਲਤੀਆਂ ਕਰਦਾ ਹੈ।ਕਈ ਵਾਰ ਤਾ ਮਨੁੱਖ ਦੀ ਇੱਕ ਕੀਤੀ ਹੋਈ ਗਲਤੀ ਉਸ ਦੀ ਜਿੰਦਗੀ ਦੇ ਸਭ ਰਸਤੇ ਬਦਲ ਦਿੰਦੀ ਹੈ।ਮਨੁੱਖ ਆਪਣੀਆਂ ਗਲਤੀਆਂ ਨੂੰ ਜਾਣ ਕੇ ਅਣਗੌਲਿਆ ਕਰਦਾ ਹੈ।ਆਪਣੀਆਂ ਗਲਤੀਆਂ ਨੂੰ ਵਾਰ ਵਾਰ ਦਹੁਰਾਉਂਦਾ ਰਹਿੰਦਾ ਹੈ।ਜੋ ਇਨਸਾਨ ਇੱਕ ਗਲਤੀ ਨੂੰ ਵਾਰ ਵਾਰ ਦਹੁਰਾਉਂਦਾ ਹੈ ਉਸ ਨੂੰ ਗਲਤੀ ਨਹੀ ਆਦਤ ਕਹਿੰਦੇ ਹਨ। ਜੇ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਨਿਆਣਾ(ਛੋਟਾ ਬੱਚਾ) ਕਹਿ ਦਿੱਤਾ ਜਾਂਦਾ ਹੈ।ਪਰ ਜੇ ਉਹ ਗਲਤੀ ਕੋਈ ਵੱਡਾ ਕਰੇ ਤਾਂ ਉਸ ਨੂੰ ਮੂਰਖ ਕਹਿ ਦਿੱਤਾ ਜਾਦਾ ਹੈ।
ਮਨੁੱਖ ਆਪਣੀਆਂ ਕੀਤੀ ਹੋਈਆਂ ਗੱਲਤੀਆਂ ਵੱਲ ਨਹੀਂ ਦੇਖਦਾ।ਦੂਜੇ ਵਿੱਚ ਕਸੂਰ ਜਿਆਦਾ ਠਹਿਰਾਉਂਦਾ ਹੈ।ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਪੂਰੀ ਤਰਾਂ ਗੁਣਵਾਨ ਨਹੀਂ ਹੈ।ਹਰ ਇੱਕ ਮਨੁੱਖ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ।ਪਰ ਮਨੁੱਖ ਆਪਣੇ ਵਿੱਚ ਕੋਈ ਵੀ ਗਲਤੀ ਨਾ ਮੰਨ ਕੇ ਆਪਣੇ ਆਪ ਨੂੰ ਬਹੁਤ ਸਿਆਣਾ ਦੱਸਦਾ ਹੈ।ਪਰ ਗਲਤੀਆਂ ਇਨਸਾਨ ਦੀ ਜਿੰਦਗੀ ਦਾ ਇੱਕ ਹਿੱਸਾ ਹਨ।ਜੇ ਮਨੁੱਖ ਗਲਤੀਆਂ ਨਾ ਕਰੇ ਤਾ ਉਸ ਨੂੰ ਜਿੰਦਗੀ ਵਿੱਚ ਅੱਗੇ ਵੱਧਣਾ ਨਹੀਂ ਆਉਂਦਾ।
ਆਮ ਤੌਰ ਤੇ ਹਰ ਘਰ ਵਿੱਚ ਦੇਖਿਆ ਜਾਂਦਾ ਹੈ ਕਿ ਵੱਡੇ ਬੱਚਿਆਂ ਨੂੰ ਸਮਝਾਉਂਦੇ ਹਨ।ਕਿਉਂ ਕਿ ਵੱਡਿਆਂ ਨੂੰ ਜਿੰਦਗੀ ਦਾ ਤਜਰਬਾ ਹੁੰਦਾ ਹੈ।ਉਹ ਆਪਣੀ ਜਿੰਦਗੀ ਵਿੱਚੋਂ ਔਕੜਾਂ ਵਿੱਚੋਂ ਨਿਕਲੇ ਹੋਏ ਹੁੰਦੇ ਹਨ।ਬੱਚਿਆਂ ਨੂੰ ਔਕੜਾਂ ਤੋਂ ਬਚਣ ਲਈ ਸਾਵਧਾਨ ਕਰਦੇ ਹਨ।ਪਰ ਕੁੱਝ ਮੁਸੀਬਤਾਂ ਜਿੰਦਗੀ ਵਿੱਚ ਅੱਗੇ ਪਿੱਛੇ ਆਉਂਦੀਆ ਹਨ।ਭਾਵ ਕੁਝ ਮੁਸੀਬਤਾਂ ਬੱਚੇ ਦੇ ਛੋਟੇ ਹੁੰਦੇ ਹੀ ਆਂ ਜਾਦੀਆਂ ਹਨ,ਜੋ ਵੱਡਿਆਂ ਦੀ ਜਿੰਦਗੀ ਵਿੱਚ ਅਜੇ ਤੱਕ ਨਹੀ ਆਈਆਂ ਹੁੰਦੀਆਂ।ਮਨੁੱਖ ਆਪਣੀ ਜਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਤੋਂ ਸਾਵਧਾਨ ਰਹਿੰਦਾ ਹੈ।ਪਰ ਫਿਰ ਵੀ ਉਹ ਆਪਣੀ ਜਿੰਦਗੀ ਵਿੱਚ ਗਲਤੀਆਂ ਕਰੀਂ ਜਾਂਦਾ ਹੈ।ਮਨੁੱਖ ਜਿਵੇਂ ਜਿਵੇਂ ਜਿੰਦਗੀ ਵਿੱਚ ਗਲਤੀਆਂ ਕਰਦਾ ਜਾਂਦਾ ਹੈ ਉਵੇਂ ਉਵੇਂ ਹੀ ਉਹ ਸਿਆਣਾ ਬਣਦਾ ਜਾਂਦਾ ਹੈ ਅਤੇ ਜਿੰਦਗੀ ਨੂੰ ਚਲਾਉਣ(ਅੱਗੇ ਆਉਣ ਵਾਲੀਆਂ ਗਲਤੀਆਂ ਤੋਂ ਬੱਚਣ)ਦਾ ਤਰੀਕਾ ਆ ਜਾਂਦਾ ਹੈ।
ਪਰ ਜੇ ਕੋਈ ਇਨਸਾਨ ਗਲਤੀ ਕਰਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।ਜੇ ਇਨਸਾਨ ਆਪਣੀ ਗਲਤੀ ਮੰਨ ਲੈਂਦਾ ਹੈ ਤਾਂ ਉਹ ਆਪਣੀ ਜਿੰਦਗੀ ਵਿੱਚ ਗਲਤੀਆਂ ਨਾਲ ਲੜਣਾ ਸਿੱਖ ਜਾਂਦਾ ਹੈ।
ਕਈ ਵਾਰ ਬੰਦਾ ਇੱਕ ਗਲਤੀ ਕਾਰਣ ਅਨੇਕਾਂ ਝੂਠ ਬੋਲਦਾ ਹੈ।ਪਰ ਇੱਕ ਨਾ ਇੱਕ ਦਿਨ ਉਸ ਦੀ ਗਲਤੀ ਸਭ ਦੇ ਸਾਹਮਣੇ ਆ ਜਾਂਦੀ ਹੈ।ਕਈ ਵਾਰ ਇਨਸਾਨ ਤੋਂ ਕੁੱਝ ਗਲਤੀਆਂ ਇਸ ਤਰ੍ਹਾਂ ਦੀਆਂ ਹੋ ਜਾਦੀਆਂ ਹਨ ਜਿਸ ਕਾਰਨ ਉਸ ਦੀ ਜਾਨ ਵੀ ਚਲੀ ਜਾਂਦੀ ਹੈ। ਇਨਸਾਨ ਦੀ ਹਰ ਗਲਤੀ ਕਰਨ ਪਿਛੋਂ ਜਿੰਦਗੀ ਵਿੱਚ ਨਵਾਂ ਮੋੜ ਆਉਂਦਾ ਹੈ।
ਖੈਰ ਗਲਤੀਆਂ ਸਭ ਤੋ ਹੁੰਦੀਆਂ ਨੇ।ਸੋ ਮੇਰੀ ਜਿੰਦਗੀ ਵੀ ਉਚੀਆਂ ਨੀਵੀਆਂ ਪਹਾੜੀਆਂ ਵਾਂਗ ਉਥਲ-ਪੁੱਥਲ,ਔਕੜਾਂ-ਮੁਸੀਬਤਾਂ,ਅਨੇਕਾਂ ਗਲਤੀਆਂ ਨਾਲ ਭਰੀ ਰਹੀ ਹੈ।ਇਕ ਗਲਤੀ ਜੋ ਮੈ ਛੋਟੇ ਹੁੰਦੇ ਤਕਰੀਬਨ 7-8 ਸਾਲ ਦੀ ਉਮਰ ਵਿੱਚ ਅਣਜਾਣੇ ਵਿੱਚ ਕਰ ਚਲਿਆ ਸੀ ਮੇਰੀ ਉਹ ਗਲਤੀ ਕਦੇ ਨਹੀਂ ਭੁੱਲਦੀ।ਸਾਡੇ ਘਰ ਮੇਰੇ ਤਾਇਆ ਜੀ ਦੇ ਵੱਡੇ ਲੜਕੇ ਦਾ ਵਿਆਹ ਸੀ।ਸੋ ਵਿਆਹ ਤੇ ਬਹਿਰਾ ਸ਼ਰਾਬ(ਦਾਰੂ) ਲੈ ਕੇ ਮੇਰੇ ਕੋਲ ਦੀ ਲੰਘ ਰਿਹਾ ਸੀ।ਮੈ ਦਾਰੂ ਨੂੰ ਜੂਸ ਸਮਝ ਕੇ ਚੁੱਕ ਲਿਆ।ਪਰ ਚੰਗੀ ਕਿਸਮਤ ਨਾਲ ਮੇਰੇ ਦਾਦਾ ਜੀ ਮੇਰੇ ਲਾਗੇ ਹੀ ਬੈਠੇ ਸਨ।ਉਹਨਾਂ ਨੇ ਮੈਨੂੰ ਸ਼ਰਾਬ(ਦਾਰੂ) ਦਾ ਗਲਾਸ ਚੁੱਕ ਦੇ ਦੇਖ ਲਿਆ।ਮੈਂ ਆਪਣੇ ਮੂੰਹ ਨੂੰ ਦਾਰੂ ਦਾ ਗਲਾਸ ਲਗਾਉਣ ਹੀ ਵਾਲਾ ਸੀ ਕੇ ਮੇਰੇ ਦਾਦਾ ਜੀ ਨੇ ਚੰਗੇ ਟਾਈਮ ਤੇ ਆ ਕੇ ਸ਼ਰਾਬ(ਦਾਰੂ) ਦਾ ਗਲਾਸ ਫੜ ਲਿਆ ਅਤੇ ਮੈਨੂੰ ਝਿੜਕ ਵੀ ਦਿੱਤਾ।ਸੋ ਮੈਂ ਉਸ ਤੋਂ ਬਾਅਦ ਕਈ ਵਿਆਹਾਂ ਵਿੱਚ ਜੂਸ ਨੂੰ ਹੱਥ ਵੀ ਨਹੀਂ ਲਗਾਇਆ ਕਿ ਕਿਤੇ ਸ਼ਰਾਬ(ਦਾਰੂ) ਹੀ ਨਾ ਹੋਵੇ।ਹੁਣ ਕਦੇ ਕਦੇ ਮੈਂ ਸੋਚਦਾ ਹੁੰਦਾ ਹਾਂ ਕਿ ਜੇ ਉਸ ਟਾਈਮ ਤੇ ਜੇ ਮੇਰੇ ਕੋਲੋਂ ਇਹ ਗਲਤੀ ਹੋ ਜਾਂਦੀ ਤਾਂ ਮੈਂ ਅੱਜ ਸਹੀ ਰਸਤੇ ਤੇ ਹੋਣਾ ਸੀ ਜਾ ਵਿਗੜੇ ਹੋਏ ਰਸਤੇ ਤੇ।
ਸੋ ਇਸੇ ਤਰਾਂ ਹੀ ਗਲਤੀਆਂ ਮਨੁੱਖ ਦੀ ਜਿੰਦਗੀ ਵਿੱਚ ਹਿੱਸਾ ਪਾਉਦੀਆਂ ਹਨ।ਇਹਨਾਂ ਗਲਤੀਆਂ ਤੋਂ ਹੀ ਇਨਸਾਨ ਜਿੰਦਗੀ ਵਿੱਚ ਕੁਝ ਨਾ ਕੁੱਝ ਸਿੱਖਦਾ ਰਹਿੰਦਾ ਹੈ।ਪਰ ਇਨਸਾਨ ਦੂਸਰਿਆਂ ਦੀਆਂ ਗਲਤੀਆਂ ਉੱਪਰ ਗੁੱਸੇ ਹੁੰਦਾ ਰਹਿੰਦਾ ਹੈ।ਜਿਵੇਂ ਆਪ ਗਲਤੀ ਹੀ ਨਾ ਕੀਤੀ ਹੋਵੇ ।ਕਿਸੇ ਦੀ ਗਲਤੀ ਹੋਣ ਤੇ ਉਸ ਨੂੰ ਝਿੜਕੋ ਨਾ ਉਸ ਨੂੰ ਉਸ ਗਲਤੀ ਤੇ ਕਾਬੂ ਕਰਨਾ ਦੱਸੋ।ਮਨੁੱਖ ਦੀ ਇਹੀ ਜਿੰਦਗੀ ਹੈ ਜੋ ਗਲਤੀਆਂ,ਔਕੜਾਂ-ਮੁਸੀਬਤਾਂ,ਦੁੱਖ-ਦਰਦਾਂ ਦੇ ਨਾਲ ਚਲਦੀ ਹੈ।ਇਹ ਸਭ ਜਿੰਦਗੀ ਦਾ ਇੱਕ ਹਿੱਸਾ ਹੈ।