ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਦੇ ਸਹਿਯੋਗ ਨਾਲ ਵਿਗਿਆਨ ਸੰਚਾਰ ਬਾਰੇ ਚਲ ਰਹੇ ਸਿਖਲਾਈ ਕੋਰਸ ਦੌਰਾਨ ‘ਪੰਜਾਬੀ ਲੋਕਧਾਰਾ ਅਤੇ ਵਿਗਿਆਨ ਸੰਚਾਰ‘ ਵਿਸ਼ੇ ਤੇ ਗਲ ਕਰਦਿਆਂ ਪੰਜਾਬੀ ਦੇ ਉ¤ਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਹਰ ਮਨੁੱਖੀ ਵਰਤਾਰਾ ਵਿਗਿਆਨਕ ਹੈ ਅਤੇ ਕਿਸੇ ਵੀ ਮਨੁੱਖੀ ਪ੍ਰੀਕ੍ਰਿਆ ਨੂੰ ਵਿਗਿਆਨ ਤੋਂ ਹਟਾ ਕੇ ਨਹੀਂ ਦੇਖਿਆ ਜਾ ਸਕਦਾ। ਸਿਖਲਾਈ ਕੋਰਸ ਵਿਚ ਭਾਗ ਲੈ ਰਹੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਖੇਤੀ ਵਿਗਿਆਨੀਆਂ ਨੂੰ ਸੰਬੋਧਨ ਹੁੰਦਿਆਂ ਡਾ. ਖੀਵਾ ਨੇ ਕਿਹਾ ਕਿ ਖੇਤੀਬਾੜੀ ਕਿੱਤੇ ਵਿਚ ਬੀਜ ਸੋਧਣ ਤੋਂ ਲੈ ਕੇ ਮੰਡੀਕਰਣ ਤੱਕ ਕਦਮ-ਕਦਮ ਬਾਰੇ ਲੋਕ ਸਾਹਿਤ ਅਤੇ ਲੋਕ ਧਾਰਾ ਵਿਚ ਜਾਣਕਾਰੀ ਦਿੱਤੀ ਹੋਈ ਹੈ। ਡਾ. ਖੀਵਾ ਨੇ ਕਿਹਾ ਕਿ ਸਾਡੇ ਪੀਰਾਂ – ਫਕੀਰਾਂ ਨੇ ਵੀ ਗੁਰਬਾਣੀ ਰਚਨਾ ਵੇਲੇ ਖੇਤੀ ਕਿੱਤੇ ਅਤੇ ਕਿਸਾਨ ਜੀਵਨ ਨੂੰ ਹੀ ਆਧਾਰ ਬਣਾਕੇ ਪ੍ਰਤੀਬਿੰਬ ਸਿਰਜੇ ਹਨ। ਉਹਨਾਂ ਕਿਹਾ ਕਿ ਖੇਤੀ ਦਾ ਕਿੱਤਾ ਅਤੇ ਕਿਸਾਨੀ ਜਨ-ਜੀਵਨ ਸੱਚਾ ਅਤੇ ਸੁੱਚਾ ਹੈ ਜਿਸ ਦੀ ਪਵਿਤਰਤਾ ਨੂੰ ਵਿਗਿਆਨਕ ਪਰਿਪੱਖ ਤੋਂ ਵੀ ਜਾਣਿਆ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਅੱਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ ਨੇ ਅਜਾਇਬ ਘਰਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਹੁੰਦੇ ਵਿਗਿਆਨ ਸੰਚਾਰ ਤੇ ਚਾਨਣਾ ਪਾਇਆ। ਡਾ. ਧੀਮਾਨ ਨੇ ਕਿਹਾ ਕਿ ਇਹ ਅਜਾਇਬ ਘਰ ਹੀ ਹਨ ਜਿਹੜੇ ਪੀੜੀ ਦਰ ਪੀੜੀ ਵਿਗਿਆਨਕ ਸੋਚ ਦਾ ਪਸਾਰ ਕਰਦੇ ਹਨ ਜਦੋਂ ਕਿ ਪ੍ਰਦਰਸ਼ਨੀਆਂ ਸੰਚਾਰ ਨੂੰ ਹੋਰ ਅਸਰਦਾਰ ਬਨਾਉਣ ਵਿਚ ਸਹਾਈ ਹੁੰਦੀਆਂ ਹਨ। ਡਾ. ਧੀਮਾਨ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਜਾਇਬ ਘਰਾਂ ਦਾ ਅਧਿਅਨ ਵੀ ਕੀਤਾ। ਖੇਤੀ ਅਰਥ ਵਿਗਿਆਨ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਭੁੱਲਰ ਨੇ ਵਿਸ਼ਵ ਅਰਥਚਾਰੇ ਅਤੇ ਸੰਚਾਰ ਮਾਧਿਅਮਾਂ ਦੇ ਸੰਦਰਭ ਤੇ ਚਾਨਣਾ ਪਾਇਆ। ਸਾਬਕਾ ਅਪਰ ਨਿਰਦੇਸ਼ਕ ਸੰਚਾਰ ਡਾ. ਰਣਜੀਤ ਸਿੰਘ ਨੇ ਰੇਡੀਓ ਅਤੇ ਟੈਲੀਵੀਜ਼ਨ ਲਈ ਵਿਗਿਆਨਕ ਲਿਖਤਾਂ ਲਿਖਣ ਦੀ ਵਿਧੀ ਤੇ ਚਾਨਣਾ ਪਾਇਆ ਜਦੋਂਕਿ ਵੈਟਨਰੀ ਯੂਨੀਵਰਸਿਟੀ ਦੇ ਪ੍ਰੌਫੈਸਰ ਡਾ. ਪੀ.ਐਸ.ਦਿਵੇਦੀ ਨੇ ਵਿਗਿਆਨ ਦੇ ਵਿਸ਼ੇ ਨੁੰ ਦਿਲਚਸਪ ਬਨਾਉਣ ਦੇ ਨੁਕਤੇ ਸਾਂਝੇ ਕੀਤੇ। ਕੋਰਸ ਕੋਆਰਡੀਨੇਟਰ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਿਖਿਆਰਥੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਾਇੰਸ ਸਿਟੀ, ਕਪੂਰਥਲਾ ਦਾ ਦੌਰਾ ਕਰਨਗੇ।