ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ) – ਕਿਸੇ ਵੇਲੇ ਥੰਮਾਂ ਵਰਗੀਆਂ ਦੇਹੀਆਂ ਕਰਕੇ ਜਾਣੇ ਜਾਂਦੇ ਪੰਜਾਬ ਨੂੰ ਕੈਂਸਰ ਦੀ ਬੀਮਾਰੀ ਰੇਹੀ ਵਾਂਗ ਆ ਲੱਗੇਗੀ, ਕਿਸੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਕੈਂਸਰ ਦੇ ਵਿਸ਼ਵ ਭਰ ਵਿੱਚੋਂ ਖਾਤਮੇ ਲਈ ਤਤਪਰ ‘ਰੋਕੋ ਕੈਂਸਰ’ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਜੋ ਅੰਕੜੇ ਨਸ਼ਰ ਕੀਤੇ ਹਨ, ਵਾਕਿਆ ਹੀ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੇ ਹਨ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਸਰ ਚੈੱਕਅਪ ਕੈਂਪ ਲਾ ਕੇ ਵਾਪਸ ਪਰਤੇ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਸਮੁੱਚਾ ਪੰਜਾਬ ਮੌਤ ਦੀਆਂ ਬਰੂਹਾਂ ਉੱਪਰ ਖੜ੍ਹਾ ਪ੍ਰਤੀਤ ਹੋ ਰਿਹਾ ਹੈ। ਕੈਂਸਰ ਦੀ ਕਰੋਪੀ ਨਾਲ ਨਜਿੱਠਣ ਲਈ ‘ਰੋਕੋ ਕੈਂਸਰ’ ਸੰਸਥਾ ਵੱਲੋਂ 5 ਮਹੀਨੇ ਵਿੱਚ 270 ਕੈਂਪ ਲਾਏ ਹਨ ਜਿਹਨਾਂ ਵਿੱਚੋਂ 238 ਇਕੱਲੇ ਮਾਲਵਾ ਖੇਤਰ ਵਿੱਚ ਲੱਗੇ। ਮਾਲਵਾ ਖੇਤਰ ਇਸ ਕਦਰ ਕੈਂਸਰ ਦੀ ਗ੍ਰਿਫਤ ਵਿੱਚ ਆ ਚੁੱਕਾ ਹੈ ਕਿ 18 ਮਈ ਤੋਂ 28 ਮਈ ਤੱਕ ਲੱਗੇ 10 ਕੈਂਪਾਂ ਵਿੱਚ ਅੰਕੜੇ ਸਾਹਮਣੇ ਆਏ ਹਨ ਕਿ ਮਾਲਵਾ ਖੇਤਰ ਵਿੱਚ ਕੈਂਸਰ ਮਰੀਜ਼ਾਂ ਦੀ ਦਰ 5 ਫੀਸਦੀ ਪਾਈ ਗਈ ਹੈ ਜਦਕਿ ਦੁਆਬਾ ਖੇਤਰ ਵਿੱਚ ਇਹ ਦਰ 3 ਜਾਂ 4 ਫੀਸਦੀ ਹੈ। ਕੈਂਸਰ ਦੀ ਭਿਆਨਕਤਾ ਦਾ ਸਾਹਮਣਾ ਸਭ ਤੋਂ ਵਧੇਰੇ ਬਠਿੰਡਾ ਕਰ ਰਿਹਾ ਹੈ ਜਿੱਥੇ ਇਹ ਦਰ 5.1 ਫੀਸਦੀ ਪਾਈ ਗਈ ਹੈ। ਸ੍ਰੀ ਧਾਲੀਵਾਲ ਦੀ ਦੇਖਰੇਖ ਹੇਠ ਲੱਗੇ ਕੈਂਪਾਂ ਵਿੱਚ ਬੀਤੇ ਦਿਨੀਂ 34165 ਔਰਤਾਂ ਦਾ ਕੈਂਸਰ ਪ੍ਰੀਖਣ ਹੋਇਆ ਜਿਹਨਾਂ ਵਿੱਚੋਂ 2159 ਨੂੰ ਕੈਂਸਰ ਦੀ ਦੂਜੀ ਜਾਂ ਤੀਜੀ ਸਟੇਜ, 472 ਨੂੰ ਪਹਿਲੀ ਸਟੇਜ ਪਾਈ ਗਈ। ਉਹਨਾਂ ਦੱਸਿਆ ਕਿ ਜਿਆਦਾਤਰ ਔਰਤਾਂ ਨੂੰ ਛਾਤੀ ਦਾ ਕੈਂਸਰ ਹੀ ਜਾਨ ਦਾ ਖੌਅ ਬਣ ਜਾਂਦਾ ਹੈ। ਛਾਤੀ ਦੇ ਕੈਂਸਰ ਦੀ ਜਾਂਚ ਲਈ ਕੀਤੀ ਜਾਂਦੀ ਮੈਮੋਗ੍ਰਾਫੀ ਉੱਪਰ ਪ੍ਰਤੀ ਔਰਤ 4 ਹਜ਼ਾਰ ਰੁਪਏ ਖਰਚ ਆਉਂਦਾ ਹੈ, ਪਰ ‘ਰੋਕੋ ਕੈਂਸਰ’ ਵੱਲੋਂ ਬੱਸਾਂ ਵਿੱਚ ਮੁਕੰਮਲ ਤਕਨੀਕੀ ਸਮਾਨ ਨਾਲ ਲੈਸ 5 ਤੁਰਦੇ ਫਿਰਦੇ ਹਸਪਤਾਲ ਬਣਾ ਕੇ ਹਰ ਬੱਸ ਨਾਲ 8 ਡਾਕਟਰਾਂ ਦੀ ਟੀਮ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤੀ ਹੋਈ ਹੈ। ਹੁਣ ਤੱਕ 7202 ਔਰਤਾਂ ਦੀਆਂ ਛਾਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲੋਕਾਂ ਸਾਹਮਣੇ ਪ੍ਰਤੱਖ ਉਦਾਹਰਣ ਹੈ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਜੀ ਨੂੰ ਕੈਂਸਰ ਦੂਜੀ ਸਟੇਜ ‘ਤੇ ਪਹੁੰਚ ਚੁੱਕਾ ਸੀ। ਕਰੋੜਾਂ ਰੁਪਏ ਖਰਚਣ ਦੇ ਬਾਅਦ ਵੀ ਜਾਨ ਸਲਾਮਤੀ ਨਹੀਂ ਹੋਈ। ‘ਰੋਕੋ ਕੈਂਸਰ’ ਲੋਕਾਂ ਨੂੰ ਕੈਂਸਰ ਦੀ ਪਹਿਲੀ ਸਟੇਜ ਬਾਰੇ ਹੀ ਜਾਗਰੂਕ ਕਰਦੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਪੀ. ਜੀ. ਆਈ. ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਸੱਜਰ ਸੂਈ ਮੱਝ ਦੇ ਥਣਾਂ ਨੂੰ ਵਿਹਲਾ ਨਾ ਕੀਤਾ ਜਾਵੇ ਤਾਂ ਉਸ ਮੱਝ ਦਾ ਕੀ ਹਾਲ ਹੁੰਦਾ ਹੈ? ਸਭ ਭਲੀ ਭਾਂਤ ਜਾਣਦੇ ਹਨ ਪਰ ਇੱਕ ਮਾਂ ਵੱਲੋਂ ਆਧੁਨਿਕਤਾ ਦੇ ਨਾਂ ਉੱਪਰ ਹੀ ਦੁੱਧ ਨਾ ਚੁੰਘਾਉਣਾ ਕੈਂਸਰ ਦਾ ਪਹਿਲਾ ਕਾਰਨ ਬਣਦਾ ਹੈ। ਕੁਦਰਤ ਕਦੇ ਵੀ ਆਪਣੇ ਨਾਲ ਖਿਲਵਾੜ ਨਹੀਂ ਜਰਦੀ। ਜਦੋਂ ਇੱਕ ਮਾਂ ਆਪਣੇ ਪੇਟੋਂ ਜੰਮੇ ਬੱਚੇ ਦਾ ਹੱਕ ਮਾਰਦੀ ਹੈ ਤਾਂ ਕੁਦਰਤ ਉਸ ਮਾਂ ਨੂੰ ਸਜ਼ਾ ਕੈਂਸਰ ਦੇ ਰੂਪ ‘ਚ ਦਿੰਦੀ ਹੈ। ਉਹਨਾਂ ਕਿਹਾ ਕਿ ਅਸੀਂ ਗੁਰਬਾਣੀ ਦੀਆਂ ਸਿੱਖਿਆਵਾਂ ਉੱਪਰ ਨਾ ਚੱਲਦਿਆਂ ਪੌਣ, ਪਾਣੀ ਅਤੇ ਧਰਤੀ ਨੂੰ ਖੁਦ ਹੀ ਐਨਾ ਜ਼ਹਿਰੀਲਾ ਕਰ ਲਿਆ ਹੈ ਕਿ ਹੁਣ ਸਾਨੂੰ ਨਤੀਜ਼ੇ ਕੈਂਸਰ ਦੇ ਰੂਪ ‘ਚ ਭੁਗਤਣੇ ਪੈ ਰਹੇ ਹਨ। ਕੁਦਰਤ ਨਾਲ ਛੇੜਛਾੜ ਦਾ ਨਤੀਜ਼ਾ ਹੀ ਹੈ ਕਿ ਮਾਲਵਾ ਖੇਤਰ ‘ਚ ਮਾਵਾਂ ਗਰਭਵਤੀ ਹੋਣੋਂ ਡਰਦੀਆਂ ਹਨ ਕਿਉਂਕਿ ਬੱਚੇ ਮਾਨਸਿਕ ਤੌਰ ਉੱਤੇ ਅਪੰਗ ਪੈਦਾ ਹੋ ਰਹੇ ਹਨ। ਬਾਬਾ ਫਰੀਦ ਸੈਂਟਰ ਫਰੀਦਕੋਟ ਇਸ ਦੀ ਸ਼ਾਹਦੀ ਭਰਦਾ ਹੈ ਜਿੱਥੇ 150 ਮਾਨਸਿਕ ਅਪੰਗ ਬੱਚੇ ਰਹਿ ਰਹੇ ਹਨ। ਬੱਚੇ ਮਾਂ ਬਾਪ ਦਾ ਸਹਾਰਾ ਬਣਦੇ ਹਨ ਪਰ ਮਾਂ ਬਾਪ ਉਲਟਾ ਅਪੰਗ ਬੱਚਿਆਂ ਨੂੰ ਸਹਾਰਾ ਦੇਣ ਜੋਗੇ ਰਹਿ ਗਏ ਹਨ। ਸ੍ਰੀ ਧਾਲੀਵਾਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਸਚਮੁੱਚ ਹੀ ਆਪਣੇ ਪੰਜਾਬ ਨੂੰ ਪਿਆਰ ਕਰਦੇ ਹਨ ਤਾਂ ਆਓ ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਨਿਜਾਤ ਦਿਵਾਉਣ ਲਈ ਕਲਿੰਗੜੀ ਪਾਈਏ।