ਵਾਸਿੰਗਟਨ- ਅਮਰੀਕਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹੱਥਿਆਰਾਂ ਤੇ ਕਿਤੇ ਅਤਵਾਦੀ ਕਬਜ਼ਾ ਨਾਂ ਕਰ ਲੈਣ। ਇੱਥੇ ਅਤਵਾਦੀ ਗਰੁਪਾਂ ਦਾ ਜੋਰ ਹੋਣ ਕਰਕੇ ਉਹ ਐਟਮੀ ਹੱਥਿਆਰ ਪ੍ਰਾਪਤ ਕਰਨ ਲਈ ਬੇਚੈਨ ਹਨ।
ਅਮਰੀਕਾ ਦੇ ਰੱਖਿਆ ਮੰਤਰੀ ਗੇਟਸ ਅਤੇ ਐਡਮਿਰਲ ਮਾਈਕ ਮੂਲੇਨ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ਦੀ ਸੀਮਾ ਤੇ ਖਤਰਨਾਕ ਅਤਵਾਦੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭੱਵਿਖ ਵਿੱਚ ਤਕਨੀਕ ਦਾ ਹੋਰ ਵਿਸਤਾਰ ਹੋ ਸਕਦਾ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਪਰਮਾਣੂੰ ਹੱਥਿਆਰ ਕਿਤੇ ਅਤਵਾਦੀਆਂ ਦੇ ਹੱਥ ਨਾਂ ਆ ਜਾਣ ਜੋ ਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਨ। ਇਹ ਪੂਰੀ ਦੁਨੀਆ ਲਈ ਚਿੰਤਾ ਵਾਲੀ ਗੱਲ ਹੈ।ਅਮਰੀਕੀ ਰੱਖਿਆ ਮੰਤਰੀ ਗੇਟਸ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਦੇ ਇੱਕ ਲੱਖ ਚਾਲੀ ਹਜ਼ਾਰ ਸੈਨਿਕ ਸੀਮਾ ਤੇ ਤੈਨਾਤ ਹਨ, ਫਿਰ ਵੀ ਅਤਵਾਦੀ ਕਾਰਵਾਈਆਂ ਵਿੱਚ ਕੋਈ ਜਿਆਦਾ ਫਰਕ ਨਹੀਂ ਪੈ ਰਿਹਾ। ਦੱਖਣੀ ਵਜੀਰਸਤਾਨ ਅਤੇ ਸਵਾਤ ਘਾਟੀ ਨੂੰ ਅਤਵਾਦੀਆਂ ਤੋਂ ਖਾਲੀ ਕਰਵਾਉਣ ਤੋਂ ਬਾਅਦ ਵੀ ਉਹ ਉਥੇ ਮੌਜੂਦ ਹਨ ਵਾਰਦਾਤਾਂ ਕਰ ਰਹੇ ਹਨ।
ਗੇਟਸ ਨੇ ਕਿਹਾ ਕਿ ਇਸ ਗੱਲ ਦੇ ਸੰਕੇਤ ਵੀ ਮਿਲੇ ਹਨ ਕਿ ਅਲਕਾਇਦਾ ਹੁਣ ਇਸ ਲਈ ਚਿੰਤਤ ਵੀ ਹੈ ਕਿ ਪਾਕਿਸਤਾਨੀਆਂ ਨੇ ਜਿਸ ਤਰ੍ਹਾਂ ਓਸਾਮਾ ਬਿਨ ਲਾਦਿਨ ਬਾਰੇ ਅਮਰੀਕਾ ਨੂੰ ਸੂਹ ਦਿੱਤੀ ਹੈ, ਉਹ ਅਲਕਾਇਦਾ ਨਾਲ ਵੀ ਧੋਖਾ ਕਰ ਸਕਦੇ ਹਨ।