ਅਸੀਂ ਪੂਜਦੇ ਰਹੇ ਕਿਸੇ
ਪੱਥਰ ਦੇ ਭਗਵਾਨ ਨੂੰ
ਕਰਦੇ ਰਹੇ ਇਬਾਦਤ
ਤੇ ਉਹਨੇ ਅੱਖ ਤੱਕ ਨਾ ਪੁੱਟੀ!
……
ਅਸੀਂ ਕਰਦੇ ਰਹੇ ਡੰਡਾਉਤ
ਲਟਕਦੇ ਰਹੇ ਪੁੱਠੇ
ਧੁਖ਼ਾਉਂਦੇ ਰਹੇ ਧੂਫ਼,
ਚੜ੍ਹਾਉਂਦੇ ਰਹੇ ਫ਼ੁੱਲ
ਤੇ ਉਹਨੇ ਸੁਗੰਧੀ ਲੈਣ ਲਈ
ਸਾਹ ਤੱਕ ਨਾ ਲਿਆ?
ਫ਼ਿਰ ਕੀ ਪਰਖ਼ ਹੋਵੇਗੀ,
ਚੰਗੇ-ਮੰਦੇ ਭਗਤ ਦੀ,
ਉਸ ਪੱਥਰ ਦੇ ‘ਭਗਵਾਨ’ ਨੂੰ?
……
ਜਿਸ ਨੇ ਨਾ ਦਿਲ ‘ਚੋਂ
ਲਹੂ ਫ਼ੁੱਟਦਾ ਦੇਖਿਆ
ਅਤੇ ਨਾ ਵੱਜਦੀ ਸੁਣੀਂ,
ਸ਼ਰਧਾ ਬਾਂਸੁਰੀ ਦੀ ਧੁਨੀ!
ਨਾ ਸੁਣੀਆਂ ਅਰਦਾਸਾਂ
ਤੇ ਨਾ ਮੰਨੀਆਂ ਬੇਨਤੀਆਂ!
……
ਉਸ ਨੂੰ ਸ਼ਾਇਦ
ਯਾਦ ਆਉਂਦੇ ਰਹੇ ਰਾਕਸ਼ਸ਼
ਜਿੰਨ੍ਹਾਂ ਨਾਲ਼ ਉਸ ਨੂੰ
‘ਯੁੱਧ’ ਕਰਨਾ ਪਿਆ?
ਪਰ ਭਗਵਾਨ ਜੀ ਨੇ
ਰਾਕਸ਼ਸ਼ ਅਤੇ ਭਗਤ ਦੀ
ਪਹਿਚਾਣ ਨਹੀਂ ਕੀਤੀ
ਤੇ ਚੁੱਪ ਹੀ ਰਹੇ!
……
ਅਸੀਂ ਰੁਲ਼ਦੇ ਰਹੇ ਤੂਫ਼ਾਨਾਂ ਵਿਚ
ਸੜਦੇ ਰਹੇ ਧੁੱਪਾਂ ਵਿਚ
ਦਿੰਦੇ ਰਹੇ
ਮੁਰਦਿਆਂ ਦੀਆਂ ਖੋਪੜੀਆਂ ਨੂੰ ਲੋਰੀਆਂ
ਪਰ, ਉਸ ਦੀ ਸਮਾਧੀ ਨਾ ਟੁੱਟੀ!
ਨਾ ਕੋਈ ਅਸੀਸ ਮੂੰਹੋਂ ਫ਼ੁੱਟੀ!!
‘ਭਾਣਾਂ’ ਤਾਂ ਉਸ ਦਾ,
ਅੱਗੇ ਵੀ ਮੰਨਦੇ ਸੀ
ਪਰ ਹੁਣ ਤਾਂ,
‘ਆਖ਼ਰੀ’ ਭਾਣਾਂ ਮੰਨ ਕੇ
ਅਸੀਂ ਵੀ ਚੁੱਪ ਹੋ ਗਏ!
ਕਿਉਂਕਿ
ਪੱਥਰ ਦੇ ਬੁੱਤ
ਕਦੇ ਅੱਖਾਂ ਨਹੀਂ ਖੋਲ੍ਹਦੇ!
……
ਸਾਨੂੰ ਵੀ ਪਤਾ ਲੱਗ ਗਿਆ
ਕਿ ਉਸ ਦੀ ਜ਼ਿਦ ਅਤੇ ਹਠ ਬੁਲੰਦ ਹੈ!
ਹੁਣ ਤਾਂ ਅਸੀਂ ਵੀ ਆਪਣੀ
ਸ਼ਰਧਾ ਦੀ ਹਿੱਕ ‘ਤੇ
ਫ਼ੱਟਾ ਟੰਗ ਲਿਆ
ਕਿ ਅੱਗੇ ਰਸਤਾ ਬੰਦ ਹੈ!!
This entry was posted in ਕਵਿਤਾਵਾਂ.