ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਕੁਝ ਹੋਰ ਦੇਸ਼ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕਰ ਰਹੇ ਹਨ।
ਅਮਰੀਕੀ ਰੱਖਿਆ ਮੰਤਰੀ ਗੇਟਸ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਹ ਸਵੀਕਾਰ ਕੀਤਾ ਕਿ ‘ ਆਰੰਭਿਕ ਵਾਰਤਾ’ ਅਮਰੀਕੀ ਵਿਦੇਸ਼ੀ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਵੀ ਕਿਹਾ ਸੀ ਕਿ ਅਮਰੀਕਾ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰ ਦਿੱਤੀ ਹੈ। ਗੇਟਸ ਨੇ ਕਿਹਾ ਕਿ ਇਸ ਗੱਲਬਾਤ ਦੁਆਰਾ ਸੰਪਰਕ ਵਧਾਇਆ ਜਾ ਰਿਹਾ ਹੈ ਅਤੇ ਠੋਸ ਨਤੀਜੇ ਆਉਣ ਤੱਕ ਮਹੀਨੇ ਲੱਗ ਸਕਦੇ ਹਨ।ਉਨ੍ਹਾਂ ਨੇ ਇਹ ਵੀ ਕਿਹਾ, “ਜਿਆਦਾਤਰ ਯੁਧ ਰਾਜਨੀਤਕ ਹਲ ਦੁਆਰਾ ਹੀ ਖ਼ਤਮ ਹੁੰਦੇ ਹਨ।”
ਅਫ਼ਗਾਨਿਸਤਾਨ ਵਿੱਚ ਇਸ ਸਮੇਂ ਅਮਰੀਕਾ ਦੇ 97,000 ਸੈਨਿਕ ਤੈਨਾਤ ਹਨ। ਅਮਰੀਕਾ 2014 ਤੱਕ ਆਪਣੀ ਸੈਨਾ ਨੂੰ ਵਾਪਿਸ ਬੁਲਾਉਣਾ ਚਾਹੁੰਦਾ ਹੈ ਅਤੇ ਪੂਰੀ ਜਿੰਮੇਵਾਰੀ ਅਫ਼ਗਾਨਿਸਤਾਨੀ ਸੁਰੱਖਿਆ ਬਲਾਂ ਨੂੰ ਸੌਂਪਣਾ ਚਾਹੁੰਦਾ ਹੈ। ਗੇਟਸ ਵੀ ਕੁਝ ਦਿਨਾਂ ਵਿੱਚ ਆਪਣਾ ਅਹੁਦਾ ਛੱਡਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਸਮਝ ਅਨੁਸਾਰ ਇਨ੍ਹਾਂ ਸਰਦੀਆਂ ਤੋਂ ਪਹਿਲਾਂ ਇਹ ਗੱਲਬਾਤ ਕਿਸੇ ਠੋਸ ਦਿਸ਼ਾਂ ਵਿੱਚ ਨਹੀਂ ਵੱਧ ਸਕਦੀ। ਇਹ ਗੱਲਬਾਤ ਤਾਲਿਬਾਨ ਦੇ ਕਿਸੇ ਵੱਡੇ ਸੰਗਠਨ ਨਾਲ ਚਲ ਰਹੀ ਹੈ।