ਲੁਧਿਆਣਾ:- ਅਗਾਂਹਵਧੂ ਕਿਸਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਸ: ਭੁਪਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਚੋਣਵੇਂ ਵਿਗਿਆਨੀਆਂ ਅਤੇ ਅਰਥ ਸਾਸ਼ਤਰੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਮੂਲ ਰੂਪ ਵਿੱਚ ਕਿਸਾਨਾਂ ਦੀ ਲੁੱਟ ਤੋਂ ਹੀ ਇਕੱਠਾ ਹੋ ਕੇ ਵਪਾਰੀਆਂ ਅਤੇ ਨੌਕਰਸ਼ਾਹਾਂ ਰਾਹੀਂ ਵਿਦੇਸ਼ਾਂ ਵਿੱਚ ਪਹੁੰਚਿਆ ਅਤੇ ਇਸ ਧਨ ਦੇ ਅਸਲ ਮਾਲਕ ਭਾਰਤੀ ਕਿਸਾਨ ਹੀ ਹਨ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵੀ ਸੂਬੇ ਦਾ ਬਣਾਇਆ ਕੋਈ ਪੁਰਜ਼ਾ ਜਾਂ ਮਸ਼ੀਨ ਕਿਸੇ ਵੀ ਸੂਬੇ ਵਿੱਚ ਵਿਕਰੀ ਲਈ ਭੇਜੀ ਜਾ ਸਕਦੀ ਹੈ ਤਾਂ ਕਿਸਾਨ ਦੀ ਉਪਜ ਲਈ ਹੱਦਾਂ ਸਰਹੱਦਾਂ ਦੀ ਗੁਲਾਮੀ ਕਿਉਂ ਹੈ? ਉਨ੍ਹਾਂ ਆਖਿਆ ਕਿ ਮੇਰੇ ਖੇਤਾਂ ਦੀ ਬਾਸਮਤੀ ਜੇਕਰ ਕੇਰਲਾ ਜਾਂ ਆਂਧਰਾ ਵਿੱਚ ਨਹੀਂ ਜਾ ਸਕਦੀ ਤਾਂ ਉਥੋਂ ਦੀ ਮਸ਼ੀਨਰੀ ਅਤੇ ਹੋਰ ਵਸਤਾਂ ਮੇਰੇ ਖੇਤਾਂ ਵਿੱਚ ਕਿਵੇਂ ਪਹੁੰਚਦੀਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਅਰਥ ਸਾਸ਼ਤਰੀਆਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੂੰ ਭੇਜਣ ਵਾਲੇ ਅੰਕੜਿਆਂ ਵਿੱਚ ਸਾਡੀ ਕਿਰਤ ਦਾ ਵੀ ਲੇਖਾ ਕਰਿਆ ਕਰੋ। ਉਨ੍ਹਾਂ ਆਖਿਆ ਕਿ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਘੱਟੋ ਘੱਟ ਸਮਰਥਨ ਮੁੱਲ ਨੂੰ ਉਹ ਵੱਧੋ ਵੱਧ ਸਮਰਥਨ ਮੁੱਲ ਵਾਂਗ ਦੇਖਦੇ ਹਨ ਅਤੇ ਲੁੱਟ ਇਥੋਂ ਹੀ ਸ਼ੁਰੂ ਹੁੰਦੀ ਹੈ। ਸ: ਮਾਨ ਨੇ ਆਖਿਆ ਕਿ ਸਬਸਿਡੀਆਂ ਦੀ ਬੁਰਕੀ ਨਾਲ ਸਾਨੂੰ ਪਾਲਣ ਦੀ ਥਾਂ ਸਾਡੀ ਉਪਜ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ। ਅਸੀਂ ਖੈਰਾਤ ਨਹੀਂ ਮੰਗਦੇ ਆਪਣੀ ਮਿਹਨਤ ਦਾ ਮੁੱਲ ਮੰਗਦੇ ਹਾਂ। ਸ: ਮਾਨ ਨੇ ਆਖਿਆ ਕਿ ਖੇਤੀਬਾੜੀ ਨੂੰ ਸੂਬਾ ਸੂਚੀ ਵਿਚੋਂ ਕੱਢ ਕੇ ਕੌਮੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸਾਲਾਨਾ ਰੇਲਵੇ ਬਜਟ ਵਾਂਗ ਖੇਤੀ ਬਜਟ ਵੀ ਤਿਆਰ ਹੋਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਦੀ ਆਰਥਿਕਤਾ ਵੀ ਸੁਧਰੇ।
ਸ: ਮਾਨ ਨੇ ਪੀ ਏ ਯੂ ਪ੍ਰਬੰਧਕੀ ਬੋਰਡ ਵੱਲੋਂ ਨਵ ਨਿਯੁਕਤ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਨਿਯੁਕਤੀ ਦਾ ਸੁਆਗਤ ਕਰਦਿਆਂ ਆਖਿਆ ਕਿ ਇਸ ਨਾਲ ਖੇਤੀਬਾੜੀ ਖੋਜ ਨੂੰ ਹੁਲਾਰਾ ਮਿਲਣ ਦੇ ਨਾਲ ਨਾਲ ਖੇਤੀਬਾੜੀ ਸੈਕਟਰ ਤੇ ਨਿਰਭਰ ਕਿਸਾਨਾਂ ਦੀ ਆਰਥਿਕਤਾ ਸੁਧਾਰਨ ਵੱਲ ਵੀ ਧਿਆਨ ਦਿੱਤਾ ਜਾ ਸਕੇਗਾ ਕਿਉਂਕਿ ਡਾ: ਢਿੱਲੋਂ ਖੁਦ ਧਰਤੀ ਦੇ ਅਜਿਹੇ ਕਿਰਤੀ ਪੁੱਤਰ ਹਨ ਜਿਨ੍ਹਾਂ ਨੂੰ ਪਿੰਡਾਂ ਵਿੱਚ ਵਸਦੇ ਕਿਸਾਨਾਂ ਦੀ ਮੰਦੀ ਆਰਥਿਕ ਸਥਿਤੀ ਦਾ ਪੂਰਨ ਅਹਿਸਾਸ ਹੈ।
ਸ: ਭੁਪਿੰਦਰ ਸਿੰਘ ਮਾਨ ਨਾਲ ਵਿਚਾਰ ਵਟਾਂਦਰੇ ਵਿੱਚ ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ, ਡਾ: ਮਹਿੰਦਰ ਸਿੰਘ ਸਿੱਧੂ ਪ੍ਰੋਫੈਸਰ ਤੇ ਮੁਖੀ ਅਰਥ ਸਾਸ਼ਤਰ ਤੇ ਸਮਾਜ ਸਾਸ਼ਤਰ ਵਿਭਾਗ, ਡਾ: ਅਮਰਜੀਤ ਸਿੰਘ ਭੁੱਲਰ ਪ੍ਰੋਫੈਸਰ ਆਫ ਇਕਨਾਮਿਕਸ, ਡਾ: ਹਰਮੀਤ ਸਿੰਘ ਕਿੰਗਰਾ ਅਰਥ ਸਾਸ਼ਤਰੀ ਅਤੇ ਪ੍ਰਧਾਨ ਪੀ ਏ ਯੂ ਟੀਚਰਜ਼ ਐਸੋਸੀਏਸ਼ਨ, ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ, ਡਾ: ਅਨਿਲ ਸ਼ਰਮਾ ਤੋਂ ਇਲਾਵਾ ਉੱਘੇ ਪੰਜਾਬੀ ਲੇਖਕ ਪ੍ਰੋਫੈਸਰ ਜਸਵਿੰਦਰ ਸਿੰਘ ਧਨਾਨਸੂ ਅਤੇ ਬਲਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।