ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਸਕੱਤਰਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਦੋਧਿਰੀ ਵਾਰਤਾ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਜਲਦੀ ਹੀ ਦੋਵਾਂ ਦੇਸ਼ਾਂ ਦੌਰਾਨ ਹੋ ਰਹੀ ਵਾਰਤਾ ਸਮੇਂ ਗੰਭੀਰਤਾ ਵਿਖਾਉਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਦੋਵਾਂ ਦੇਸ਼ਾਂ ਵਿੱਚ ਵਪਾਰ ਦੇ ਨਾਲ-ਨਾਲ ਨਾਗਰਿਕ ਸੰਪਰਕ ਵਧਾਉਣ ਦੀ ਵੀ ਲੋੜ ਹੈ। ਹਰਿਆਣਾ ਦੇ ਵਿਧਾਇਕ ਚੌਧਰੀ ਅਭੈ ਸਿੰਘ ਦੀ ਅਗਵਾਈ ਵਿੱਚ ਗਏ ਸਿੱਖ ਪ੍ਰਤੀਨਿਧੀ ਮੰਡਲ ਦੇ ਨਾਲ ਗੱਲਬਾਤ ਦੌਰਾਨ ਗਿਲਾਨੀ ਨੇ ਇਹ ਟਿਪਣੀਆਂ ਕੀਤੀਆਂ। ਉਨ੍ਹਾਂ ਨੇ ਹੁਣ ਤੱਕ ਦੋਵਾਂ ਦੇਸ਼ਾਂ ਵਿੱਚ ਹੋਈਆਂ ਬੈਠਕਾਂ ਤੇ ਤੱਸਲੀ ਜਾਹਿਰ ਕੀਤੀ।
ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ 23-24 ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਗ੍ਰਹਿ, ਵਣਿਜ ਅਤੇ ਰੱਖਿਆ ਸਕੱਤਰਾਂ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ। ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਏ ਗੱਲਬਾਤ ਲਈ ਪਾਕਿਸਤਾਨ ਪਹੁੰਚ ਰਹੀ ਹੈ। ਇਸ ਵਾਰਤਾ ਦੌਰਾਨ ਦੋਵਾਂ ਦੇਸ਼ਾਂ ਵਿੱਚ ਹੁਣ ਤੱਕ ਹੋਈਆਂ ਉਚ ਪੱਧਰੀ ਬੈਠਕਾਂ ਵਿੱਚ ਸੁਰੱਖਿਆ, ਵਪਾਰ ਅਤੇ ਪਾਣੀ ਨਾਲ ਜੁੜੇ ਮੁੱਦਿਆਂ ਤੇ ਹੋਈ ਪ੍ਰਗਤੀ ਦਾ ਜਾਇਜਾ ਲਿਆ ਜਾਵੇਗਾ।