ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ 21 ਦਿਨਾਂ ਪ੍ਰੋਗਰਾਮ ਦੌਰਾਨ ਅੱਜ ਵਿਸ਼ੇਸ਼ ਤੌਰ ਤੇ ਉੱਘੇ ਪੱਤਰਕਾਰ ਸ਼੍ਰੀ ਅਮਿਤ ਸ਼ਰਮਾ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਕਿਸੇ ਵੀ ਚੰਗੇਰੀ ਸੂਚਨਾ ਦੇ ਪਸਾਰੇ ਲਈ 360 ਡਿਗਰੀ ਦਾ ਦ੍ਰਿਸ਼ਟੀਕੋਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖ਼ਬਰ, ਸੂਚਨਾ ਲਈ ਹਰ ਇਕ ਪਹਿਲੂ ਨੂੰ ਦਰਜ ਕਰਨਾ ਅਤਿਅੰਤ ਜ਼ਰੂਰੀ ਹੈ ਜਿਸ ਦੀ ਕਮੀ ਨਾਲ ਸੂਚਨਾ ਕੱਚੀ ਰਹਿ ਜਾਂਦੀ ਹੈ। ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਮਿਤ ਨੇ ਕਿਹਾ ਕਿ ਸੂਚਨਾ ਸਤਿਅਮ, ਸ਼ਿਵਮ, ਸੁੰਦਰਮ ਸਿਧਾਂਤ ਤੇ ਅਧਾਰਿਤ ਹੋਣੀ ਚਾਹੀਦੀ ਹੈ ਜਿਸ ਦਾ ਮੂਲ ਸੱਚ ਤੇ ਕੇਂਦਰਿਤ ਹੋਵੇ, ਸੂਚਨਾ ਲੋਕ ਭਲਾਈ ਲਈ ਹੋਵੇ ਅਤੇ ਉਸ ਨੂੰ ਬੜੇ ਸਖਾਲੇ ਅਤੇ ਤਰੀਕੇ ਨਾਲ ਪਾਠਕਾਂ ਨੂੰ ਪਰੋਸਿਆ ਜਾਵੇ। ਅਮਿਤ ਨੇ ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਕਿ ਪੱਤਰਕਾਰੀ ਵਿੱਚ ਸਾਇੰਸ ਦੇ ਪਸਾਰੇ ਲਈ ਜਿੰਨੇ ਯਤਨ ਸੰਭਵ ਹੋ ਸਕਦੇ ਹਨ, ਨਹੀਂ ਕੀਤੇ ਜਾ ਰਹੇ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਅਤੇ ਕੋਰਸ ਦੇ ਡਾਇਰੈਕਟਰ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਤੀ ਵਿਗਿਆਨ ਨੂੰ ਲੋਕਾਂ ਤਕ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਭਵਿੱਖ ਵਿੱਚ ਖੇਤੀ ਵਿਗਿਆਨ ਨੂੰ ਹਰ ਕੋਨੇ ਤਕ ਪਹੁੰਚਾਉਣ ਲਈ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਲਈ ਪ੍ਰੋਗਰਾਮ ਉਲੀਕੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੱਤਰਕਾਰੀ ਨਾਲ ਸਬੰਧਿਤ ਸਿਖਿਆਰਥੀਆਂ ਨੂੰ ਖੇਤੀ ਵਿੱਚ ਲੁਕੇ ਵਿਗਿਆਨ ਦੇ ਸਿਧਾਤਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਦੁਪਹਿਰ ਪਹਿਲਾਂ ਦੇ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਤੋਂ ਸ: ਸ ਸ ਬੀਰ ਹਾਜ਼ਰ ਹੋਏ। ਸ: ਬੀਰ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਪ੍ਰਸਾਰਤ ਸੂਚਨਾ ਭਰੋਸੇਮੰਦ ਹੋਣੀ ਚਾਹੀਦੀ ਹੈ ਜਿਸ ਨਾਲ ਚਿਰਾਂ ਤਕ ਤੁਹਾਡਾ ਪਾਠਕਾਂ ਦੇ ਨਾਲ ਰਿਸ਼ਤਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾਵਾਂ ਲਈ ਤਰਾਸਦੀ ਦੀ ਗੱਲ ਹੈ ਕਿ ਇਕ ਭਾਸ਼ਾ ਵਿੱਚ ਵਿਕਸਤ ਸਾਹਿਤ ਦੂਜੀ ਭਾਸ਼ਾ ਵਿੱਚ ਉਪਲਬੱਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਹੋਰ ਉਤਸਾਹਿਤ ਕਰਨ ਲਈ ਅਗਾਂਹਵਧੂ ਕਿਸਾਨਾਂ ਅਤੇ ਸਫਲ ਕਿਸਾਨਾਂ ਵੱਲੋਂ ਅਪਣਾਈਆਂ ਪ੍ਰਬੰਧਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ। ਸ: ਬੀਰ ਨੇ ਇਸ ਮੌਕੇ ਕਿਹਾ ਕਿ ਸੂਚਨਾ ਵਿੱਚ ਨਾਂ-ਪੱਖੀ ਸੋਚ ਕਦੇ ਵੀ ਹਾਵੀ ਨਹੀਂ ਹੋਣ ਦੇਣੀ ਚਾਹੀਦੀ।
ਇਸ ਪ੍ਰੋਗਰਾਮ ਦੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਸਿਖਿਆਰਥੀਆਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕੀਤੀ। ਡਾ: ਧਾਲੀਵਾਲ ਨੇ ਪੇਸ਼ਕਾਰੀਆਂ ਤੋਂ ਬਾਅਦ ਵਿਸ਼ੇਸ ਤੌਰ ਤੇ ਕੁਝ ਬਾਰੀਕੀਆਂ ਅਤੇ ਪੇਸ਼ਕਾਰੀ ਦੇ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਚੰਗੇਰੀ ਸੂਚਨਾ ਲਈ 360 ਡਿਗਰੀ ਦਾ ਦ੍ਰਿਸ਼ਟੀਕੋਨ ਹੋਣਾ ਜ਼ਰੂਰੀ-ਅਮਿਤ ਸ਼ਰਮਾ
This entry was posted in ਖੇਤੀਬਾੜੀ.