ਵਾਸਿੰਗਟਨ – ਅਮਰੀਕਾ ਦੇ ਹਾਊਸ ਆਫ਼ ਰੀਪਰੈਜੈਨਟੇਟਿਵਜ਼ ਨੇ ਲੀਬੀਆ ਵਿੱਚ ਨੈਟੋ ਵਲੋਂ ਸੰਘਰਸ਼ ਜਾਰੀ ਰੱਖਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪੂਰਨ ਅਧਿਕਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸੰਸਦ ਨੇ ਇਸ ਕਾਰਵਾਈ ਲਈ ਧਨ ਦੀ ਕਟੌਤੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ।
ਲੀਬੀਆ ਵਿੱਚ ਨੈਟੋ ਦੁਆਰਾ ਕੀਤੀ ਜਾ ਰਹੀ ਕਾਰਵਾਈ ਵਿੱਚ ਅਮਰੀਕੀ ਭੂਮਿਕਾ ਦੀ ਪਿੱਛਲੇ ਕੁਝ ਅਰਸੇ ਤੋਂ ਕਈ ਸੰਸਦ ਮੈਂਬਰ ਨਿੰਦਿਆ ਕਰ ਚੁੱਕੇ ਹਨ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਤੋਂ ਚਲੀ ਆ ਰਹੀ ਇਸ ਕਾਰਵਾਈ ਲਈ ਸੰਸਦ ਤੋਂ ਮਨਜੂਰੀ ਲੈਣਾ ਜਰੂਰੀ ਹੈ। ਸੰਸਦ ਮੈਂਬਰ ਟਾਮ ਰੂਨੀ ਨੇ ਕਿਹਾ ਹੈ, “ ਸਾਡੇ ਕੋਲ ਬਚਿਆ ਹੀ ਕੀ ਹੈ? ਰਾਸ਼ਟਰਪਤੀ ਨੇ ਇਸ ਗੱਲ ਦੀ ਚਿੰਤਾ ਨਾਂ ਕਰਦੇ ਹੋਏ ਕਿ ਸਾਡੀ ਕੀ ਇੱਛਾ ਹੈ,ਉਸ ਖੇਤਰ ਵਿੱਚ ਕਾਰਵਾਈ ਕੀਤੀ।”
ਪਹਿਲੀ ਵਾਰ ਡੈਮੋਕਰੇਟਿਕ ਸੈਨੇਟਰ ਜੌਨ ਕੈਰੀ ਨੇ ਇਹ ਮੱਤਾ ਹਾਊਸ ਵਿੱਚ ਰੱਖਿਆ ਅਤੇ ਦੂਸਰੀ ਤਰਫ਼ ਰੀਪਬਲੀਕਨ ਸੰਸਦ ਮੈਂਬਰ ਜੌਨ ਮਕੇਨ ਵਿਰੋਧ ਕਰਨ ਵਾਲਿਆਂ ਵਿੱਚ ਸਨ। ਇਹ ਬਿੱਲ 123-295 ਦੇ ਫਰਕ ਨਾਲ ਰੀਜੈਕਟ ਹੋਇਆ। ਰੀਪਬਲੀਕਿਨ ਨੇ ਇਸ ਦਾ ਸਿੱਧੇ ਤੌਰ ਤੇ ਵਿਰੋਧ ਕੀਤਾ ਅਤੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਵੀ ਇਸ ਦੇ ਹੱਕ ਵਿੱਚ ਘੱਟ ਵੋਟ ਪਾਏ। ਦੂਸਰੀ ਵਾਰ ਇਹ 180- 238 ਦੇ ਫਰਕ ਨਾਲ ਅਸਫਲ ਰਿਹਾ।