ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਲੀਬੀਆ ਦੇ ਤਾਨਾਸ਼ਾਹ ਕਰਨਲ ਗਦਾਫ਼ੀ ਦੇ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਗਦਾਫ਼ੀ ਤੇ ਵਿਦਰੋਹੀਆਂ ਨੂੰ ਸੰਘਰਸ਼ ਦੌਰਾਨ ਕੁਚਲਣ ਅਤੇ ਆਮ ਲੋਕਾਂ ਤੇ ਹਮਲੇ ਕਰਨ ਦੇ ਅਰੋਪ ਲਗਾਏ ਗਏ ਹਨ।
ਕਰਨਲ ਗਦਾਫ਼ੀ ਦੇ ਪੁੱਤਰ ਸੈਫ਼ ਅਲ ਇਸਲਾਮ,ਖੁਫ਼ੀਆ ਵਿਭਾਗ ਦੇ ਮੁੱਖੀ ਅਬਦੁਲ ਅਲ ਸਨੂਸੀ ਅਤੇ ਉਨ੍ਹਾਂ ਦੇ ਦੋ ਹੋਰ ਨਜ਼ਦੀਕੀ ਸਾਥੀਆਂ ਦੇ ਖਿਲਾਫ਼ ਹੇਗ ਵਿੱਚ ਸਥਿਤ ਅਦਾਲਤ ਵਲੋਂ ਵਰੰਟ ਜਾਰੀ ਕੀਤੇ ਗਏ ਹਨ। ਇਸ ਸੰਘਰਸ਼ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਜੱਜ ਸੰਜੀ ਮੋਨਾਗੈਂਗ ਦਾ ਕਹਿਣਾ ਹੈ ਕਿ ਕਰਨਲ ਗਦਾਫ਼ੀ ਅਤੇ ਉਨ੍ਹਾਂ ਦਾ ਪੁੱਤਰ ਲੀਬੀਆ ਵਿੱਚ ਨਾਗਰਿਕਾਂ ਦੇ ਕਤਲੇਆਮ ਅਤੇ ਜੁਲਮ ਲਈ ਅਸਿਧੇ ਤੌਰ ਤੇ ਜਿੰਮੇਵਾਰ ਹਨ। ਅਦਾਲਤ ਦੇ ਮੁੱਖੀ ਲੂਈ ਮੋਰੀਨੋ ਨੇ ਮਈ ਵਿੱਚ ਇਨ੍ਹਾਂ ਦੇ ਵਿਰੁੱਧ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਗਦਾਫ਼ੀ ਸਰਕਾਰ ਪਹਿਲਾਂ ਹੀ ਇਹ ਕਹਿ ਚੁੱਕੀ ਹੈ ਕਿ ਉਹ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੂੰ ਮਾਨਤਾ ਨਹੀਂ ਦਿੰਦੇ। ਇਸ ਲਈ ਵਰੰਟ ਦੀ ਧਮਕੀ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਹੇਗ ਨੇ ਲੀਬੀਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਗਦਾਫ਼ੀ ਦਾ ਸਾਥ ਛੱਡ ਦੇਣ ਜਿਨ੍ਹਾਂ ਨੇ ਅਤਿਆਚਾਰ ਕੀਤੇ ਹਨ ਉਨ੍ਹਾਂ ਨੂੰ ਇਨਸਾਫ਼ ਦੇ ਕਟੈਹਿਰੇ ਵਿੱਚ ਖੜ੍ਹਾ ਕੀਤਾ ਜਾਵੇ।