ਅਮਰੀਕ ਸਿੰਘ,
ਮਨਪ੍ਰੀਤ ਸਿੰਘ ਬਾਦਲ ਨੇ ਵਿਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਖਰਕਾਰ ਸਤਾਈ ਮਾਰਚ ਨੂੰ (27 ਮਾਰਚ) ਖਟਕੜ ਕਲ਼ਾਂ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਸਥਾਪਨਾ ਕਰ ਦਿੱਤੀ। ਨਵੀਆਂ ਸੋਚਾਂ, ਨਰੋਈਆਂ ਸੇਧਾਂ ਤੇ ਉਸਾਰੂ ਮੁੱਦਿਆਂ ਤੇ ਉਸਰੀ ਇਸ ਪਾਰਟੀ ਦਾ ਆਧਾਰ ਸਾਫ ਸੁਥਰੀ ਸਿਆਸਤ ਹੀ ਹੋ ਸਕਦੀ ਹੈ, ਕਿੳਂਕਿ ਸਿਆਸਤ ਜਿੰਨੀ ਸਾਫ ਸੁਥਰੀ ਹੋਵੇ, ਇਮਾਨਦਾਰ ਅਤੇ ਭਲੇ ਲੋਕਾਂ ਦੇ ਸਿਆਸਤ ਵਿਚ ਆਉਣ ਦੇ ਮੌਕੇ ਵਧਾ ਦਿੰਦੀ ਹੈ। ਇਸੇ ਕਰਕੇ ਮਨਪ੍ਰੀਤ ਸਿੰਘ ਬਾਦਲ ਨੇ ‘ਚਿੱਕੜ ਸੁੱਟ’ ਸਿਆਸਤ ਤੋਂ ਕੋਹਾਂ ਦੂਰ ਰਹਿਣ ਦਾ ਨਿਰਣਾ ਕੀਤਾ ਹੈ ਅਤੇ ਇਮਾਨਦਾਰ ਤੇ ਸੁਲਝੇ ਬੰਦਿਆਂ ਨੂੰ ਪਾਰਟੀ ਦੀ ਬਾਗ ਡੋਰ ਸੰਭਾਲਣ ਲਈ ਆਕਰਸ਼ਤ ਕੀਤਾ ਹੈ, ਤਾਂ ਕਿ ਸਮੁੱਚੇ ਪੰਜਾਬ ਦਾ ਭਲਾ ਹੋ ਸਕੇ। ਲੇਕਿਨ ਕਪਟੀ ਸਿਆਸਤਦਾਨਾਂ ਤੋਂ ਠੋਸ ਮੁੱਦਿਆਂ ਉਤੇ ਆਧਾਰਿਤ ਸਾਫ ਸੁਥਰੀ ਸਿਆਸਤ ਬਰਦਾਸ਼ਤ ਤੋਂ ਬਾਹਰ ਹੈ; ਉਹਨਾਂ ਇਲਜ਼ਾਮਬਾਜੀ ਵਾਲੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬਹੁਤ ਹੀ ਬੁਲੰਦ ਆਵਾਜ ਵਿਚ ਮਨਪ੍ਰੀਤ ਦੇ ਅਸਤੀਫੇ ਨੂੰ ਪਰਵਾਰਿਕ ਮੱਤਭੇਦ ਦਾ ਨਤੀਜਾ ਸਿੱਧ ਕਰਨ ਦਾ ਯਤਨ ਕੀਤਾ ਹੈ।
ਜਿਹੜੇ ਕਹਿੰਦੇ ਹਨ ਕਿ ਵਿਤ ਮੰਤਰੀ ਦੇ ਅਹੁਦੇ ਦੌਰਾਨ ਮਨਪ੍ਰੀਤ ਨੇ ਚਾਰ ਸਾਲ ਚੁੱਪ ਵੱਟੀ ਰੱਖੀ; ਉਹ ਗਲਤ ਪ੍ਰਚਾਰ ਕਰ ਰਹੇ ਹਨ । ਉਹ ਖੁਦ ਅੰਦਰੋ ਅੰਦਰੀ ਜਾਣਦੇ ਹਨ ਕਿ ਮਨਪ੍ਰੀਤ ਚਾਰ ਸਾਲ ਲਗਾਤਾਰ ਵਿਤ ਮੰਤਰੀ ਦੇ ਅਹੁਦੇ ਉਤੇ ਹੁੰਦਿਆਂ ਬਾਦਲ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਗਲਤ ਨੀਤੀਆਂ ਦੇ ਖਿਲਾਫ ਵੇਲੇ ਵੇਲੇ ਸਿਰ ਬੋਲਦਾ ਰਿਹਾ ਹੈ। ਵਿੱਤ ਮੰਤਰੀ ਦੇ ਅਹੁਦੇ ਦੌਰਾਨ ਉਸ ਨੇ ਹਰ ਸਾਲ ਬਹੁਤ ਹੀ ਯਤਨ ਕੀਤੇ ਕਿ ਪੰਜਾਬ ਦੀ ਭਲਾਈ ਲਈ ਚੰਗੇ ਉਸਾਰੂ ਕਾਰਜ ਆਰੰਭੇ ਜਾਣ। ਪੰਜਾਬ ਦੇ ਸਿਰ ਕਰਜੇ ਦੀ ਮੁਆਫੀ ਨੂੰ ਲੈ ਕੇ ਵੀ ਉਸ ਨੇ ਅਨੇਕਾਂ ਅਸਲੀਅਤਾਂ ਨੂੰ ਉਜਾਗਰ ਕਰਨ ਦੇ ਯਤਨ ਕੀਤੇ।ਉਸੇ ਪੰਜਾਬ ਦੇ ਆਰਥਿਕ ਵਿਗੜੇ ਹੋਏ ਸਿਸਟਮ ਨੂੰ ਸੁਚੱਜੇ ਢੰਗ ਨਾਲ ਕਾਰਜਸ਼ੀਲ ਬਣਾਉਣ ਦੇ ਲਈ ਵੀ ਸਿਰ ਤੋੜ ਯਤਨ ਕੀਤੇ; ਲੇਕਿਨ ਹੱਦੋਂ ਵੱਧ ਭਰਿਸ਼ਟੇ ਸਿਸਟਮ ਅੱਗੇ ਉਸ ਦੀ ਕੋਈ ਪੇਸ਼ ਨਾ ਚੱਲੀ। ਹੱਦੋਂ ਵੱਧ ਕੁਰੱਪਟ ਸਿਸਟਮ ਵਿਚ ਇਮਾਨਦਾਰ ਬੰਦੇ ਦਾ ਕੰਮ ਕਰਨਾ ਅਕਸਰ ਨਾਮੁਮਕਿਨ ਹੋ ਜਾਂਦਾ ਹੈ। ਅਜੇਹੇ ਢਾਂਚੇ ਵਿਚ ਮਨਪ੍ਰੀਤ ਲਈ ਕੋਈ ਥਾਂ ਨਹੀ ਸੀ ਰਹੀ। ਇਸੇ ਲਈ ਉਸ ਨੂੰ ਆਪਣੀ ‘ਜਗਾਹ’ ਆਪ ਬਣਾਉਣੀ ਪਈ; ਆਪਣਾ ਰਾਹ ਆਪ ਤਲਾਸ਼ਣਾ ਪਿਆ। ਇਸੇ ਹੀ ਵਜਾ ਕਰਕੇ ਉਸ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਉਸ ਨੂੰ ਅਸਤੀਫਾ ਦੇਣਾ ਪਿਆ ਅਤੇ ਇਕ ਵੱਖਰੀ ਪਾਰਟੀ ਦੀ ਸਥਾਪਨਾ ਕਰਨੀ ਪਈ।
ਉਸ ਨੇ ਇਸੇ ਕਰਕੇ ਸਿਆਸਤ ਨੂੰ ਸਾਫ ਸੁਥਰਾ ਬਣਾਉਣ ਤੇ ਸਭ ਤੋਂ ਵੱਧ ਜੋਰ ਦਿਤਾ, ਤਾਂ ਕਿ ਇਮਾਨਦਾਰ ਵਿਅਕਤੀ ਚਿੱਕੜ ਸੁੱਟ ਸਿਆਸਤ ਦੇ ਖੇਲ ਵਿਚ ਪਿੱਛੇ ਨਾ ਸੁੱਟੇ ਜਾ ਸਕਣ। ਉਹ ਸਿਆਸਤ ਨੂੰ ਸੰਜੀਦਗੀ ਨਾਲ ਲੈਣ; ਨਾ ਕਿ ਇਸ ਨੂੰ ਖੇਲ ਸਮਝਣ। ਏਸੇ ਕਰਕੇ ਹੀ ਮਨਪ੍ਰੀਤ ਬਾਦਲ ਸੰਜ਼ੀਦਾ ਦਿਲੋਂ ਕੁਰੱਪਸ਼ਨ ਦੇ ਖਿਲਾਫ ਹੈ। ਲੇਕਿਨ ਜਦੋਂ ਅਕਾਲੀ ਅਤੇ ਕਾਂਗਰਸੀ ਰਹਿਨੁਮਾਂ ਕੁਰੱਪਸ਼ਨ ਖਿਲਾਫ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ , ਤਾਂ ਸਾਫ ਝਲਕਦਾ ਹੈ ਕਿ ਉਹ ਆਪਣਾ ਮਖੌਲ ਆਪ ਹੀ ਉਡਾ ਰਹੇ ਹਨ। ਜਿਵੇਂ ਕੋਈ ਚੋਰ ਚੋਰੀ ਕਰਕੇ ਆਪਣਾ ਬਚਾਉ ਕਰਨ ਲਈ “ਚੋਰ ਫੜੋ – ਚੋਰ ਫੜੋ” ਦਾ ਰੌਲਾ ਪਾ ਰਿਹਾ ਹੋਵੇ। ਠੀਕ ਹੀ ਏਸੇ ਤਰਾਂ ਅੱਜ ਕੱਲ੍ਹ ਵੱਡੇ ਬਾਦਲ ਸਾਹਿਬ ਵੀ ਕੁਰੱਪਸ਼ਨ ਖਿਲਾਫ ਬਿਆਨਬਾਜੀ ਕਰਦੇ ਹੋਏ ਆਪਣਾ ਮਖੌਲ ਆਪ ਉਡਾਉਂਦੇ ਜਾਹਿਰ ਹੋ ਰਹੇ ਹਨ।
ਦੋਨਾਂ ਅਕਾਲੀ ਅਤੇ ਕਾਂਗਰਸੀ ਰਹਿਨਾਮਾਂ ਨੇ ਪੰਜਾਬ ਨੂੰ ਅੱਤਿ ਦਰਜੇ ਤੱਕ ਕੁਰੱਪਟ ਕਰਨ; ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ; ਪੰਜਾਬ ਦੀ ਜੁਆਨੀ ਨੂੰ ਬੇਰੋਜਗਾਰੀ ਤੇ ਨਸ਼ਿਆਂ ਵਿਚ ਝੋਕਣ ਅਤੇ ਹਰ ਪੰਜੀਂ ਸਾਲੀਂ ਆਪੋ ਆਪਣੀਆਂ ਵਾਰੀਆਂ ਬੰਨ੍ਹਣ ਤੱਕ ਵੀ ਕੋਈ ਕਸਰ ਨਹੀ ਛੱਡੀ। ਅਜੇਹੇ ਘੱਟੀਆ ਕਾਰਜਾਂ ਪਿੱਛੇ ਉਹਨਾਂ ਦੋਹਾਂ ਦੀ ਇਕੋ ਜਿਹੀ ਹੀ ਭਾਈਵਾਲੀ ਰਹੀ ਹੈ।
ਦੋਹਾਂ ਨੇ ਗਲਤ ਕਿਸਮ ਦੇ ਮੁੱਦਿਆਂ ਦੀ ਸਿਆਸਤ ਦੀ ਗੱਡੀ ਨੂੰ ਧੱਕਮ-ਧੱਕੀ ਰੋੜ੍ਹਨ ਦਾ ਦੁਰਵਿਹਾਰ ਵੀ ਰੱਜ ਕੇ ਕੀਤਾ ਹੈ। ਜਿਵੇਂ ਉਦਾਹਰਣ ਲਈ ਕਿਸਾਨਾਂ ਨੂੰ ਮੁਫਤ ਬਿਜਲੀ ਦੇਵਾਂਗੇ। ਤਦ ਇਹਨਾਂ ਵਿਚਾਰੇ ਕਿਸਾਨਾਂ ਨੂੰ ਕੀ ਪਤਾ ਸੀ ਕਿ ਜਦ ਬਿਜਲੀ ਦੇਣੀ ਹੀ ਨਹੀ ਹੁੰਦੀ ਤਾਂ ਮੁਫਤ ਦਾ ਕੀ ਅਰਥ ਰਹਿ ਜਾਂਦਾ ਹੈ? ਰੋਜਗਾਰ ਦੀ ਗੱਲ ਕਰਨ ਤੇ ਜਦ ਲ਼ਾਠੀਆਂ ਵਰ੍ਹਾਉਣ ਵਾਲੇ ਸਸਤੇ ਆਟਾ ਦਾਲ ਦੀ ਗੱਲ ਕਰਨ ਲੱਗ ਜਾਂਦੇ ਹਨ । ਉਹ ਵੀ ਸਿਰਫ ਗੱਲਾਂ ਹੀ ਕਰਨੀਆਂ ਹੁੰਦੀਆਂ ਹਨ। ਸਸਤਾ ਆਟਾ ਤਾਂ ਦੇਣਾ ਹੀ ਨਹੀ ਹੁੰਦਾ। ਅਜੇਹੀਆਂ ਅਣਗਿਣਤ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ। ਪਰ ਮੁੱਕਦੀ ਗੱਲ ਇਹ ਹੈ ਕਿ ਅਜੋਕਾ ਪੰਜਾਬੀ ਨੌਜਵਾਨ ਅਜੇਹੀਆਂ ਗਲਤ ਪਾਲਸੀਆਂ ਤੋਂ ਹੁਣ ਅੱਕ ਚੁੱਕਾ ਹੈ। ਪੰਜਾਬ ਦੇ ਲੋਕ ਅਜੇਹੇ ਬੇਜਾਨ ਮੁੱਦਿਆਂ ਵਾਲੀ ‘ਡੰਗ ਟਪਾਊ’ ਸਿਆਸਤ ਤੌਂ ਪੂਰੀ ਤਰਾਂ ਮੂੰਹ ਮੋੜ ਚੁੱਕੇ ਹਨ। ਏਸੇ ਕਰਕੇ ਅਜਿਹੀ ਸਥਿਤੀ ਵਿਚ ਪੰਜਾਬੀ ਲੋਕਾਂ ਦੀ ਬੜੀ ਵੱਡੀ ਗਿਣਤੀ ਪੀਪਲਜ਼ ਪਾਰਟੀ ਆਫ ਪੰਜਾਬ ਨਾਲ ਜੁੜ ਰਹੀ ਹੈ। ਮਸਲਿਆਂ ਦਾ ਅਸਲੀ ਕਾਰਨ ਤਲਾਸ਼ਣ; ਠੋਸ ਤੇ ਪ੍ਰਭਾਵਪੂਰਨ ਮੁੱਦਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਹਿਤ ਪੀਪਲਜ਼ ਪਾਰਟੀ ਆਫ ਪੰਜਾਬ ਵਧਾਈ ਅਤੇ ਵੋਟ ਦੀ ਹੱਕਦਾਰ ਹੈ। ਸਭ ਮੁੱਦਿਆਂ ਨੂੰ ਸੰਜੀਦਗੀ ਨਾਲ ਹੱਲ ਕਰਨ ਦੀ ਸ਼ੁਭ ਕਾਮਨਾ ਕਰਕੇ ਲੋਕਾਂ ਦਾ ਪੀਪਲਜ਼ ਪਾਰਟੀ ਆਫ ਪੰਜਾਬ ਪ੍ਰਤੀ ਭਾਰੀ ਉਤਸ਼ਾਹ ਹੈ; ਅਤੇ ਸਿਅਸਤ ਨੂੰ ਸਾਫ ਸੁਥਰਾ ਬਣਾ ਦੇਣ ਲਈ ਇਸ ਪਾਰਟੀ ਦੀ ਵਚਨਵੱਧਤਾ ਹੈ।
ਇਸ ਤੌਂ ਇਲਾਵਾ ਜੋ ਭਾਰਤ ਅੰਦਰ ਕੁਰੱਪਸ਼ਨ ਖਿਲਾਫ ਲਹਿਰ ਚੱਲ ਰਹੀ ਹੈ ਅਤੇ ਲੋਕਪਾਲ ਵਰਗੇ ਬਿਲ ਪਾਸ ਕਰਾਉਣ ਲਈ ਯਤਨ ਹੋ ਰਹੇ ਹਨ, ਅਜੇਹਿਆਂ ਕੁਰੱਪਸ਼ਨ ਵਿਰੋਧੀ ਠੋਸ ਮੁੱਦਿਆਂ ਤੇ ਆਧਾਰਿਤ ਪਾਲਿਸੀਆਂ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਚ ਹਿੰਦੂਸਤਾਨ ਦੀ ਇਸ ਲਹਿਰ ਤੋਂ ਬਹੁਤ ਪਹਿਲਾਂ ਪਹਿਚਾਣਿਆਂ ਹੈ। ਇਸੇ ਕਰਕੇ ਉਸ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਸ ਨੇ ਸਾਫ ਸੁਥਰੀ ਮੁੱਦਿਆਂ ਅਧਾਰਿਤ ਸਿਆਸਤ ਦੀ ਜੋ ਗੱਲ ਤੋਰੀ ਹੈ ਉਸ ਦਾ ਦੇਸਾਂ ਵਿਦੇਸਾਂ ਵਿਚ ਸੁਆਗਤ ਹੋਣਾ ਸੰਭਵ ਸੀ। ਇਸੇ ਲਈ ਦੇਸ ਤੋਂ ਬਾਹਰ ਰਹਿ ਰਹੇ ਪੰਜਾਬੀ ਭਾਈਚਾਰੇ ਨੇ ਮਨਪ੍ਰੀਤ ਦੀ ਇਸ ਮੁਹਿਮ ਨੂੰ ਜੀਅ ਆਇਆਂ ਆਖਿਆ। ਇਸੇ ਉਤਸ਼ਾਹ ਹੇਠਾਂ ਵਿਚਰਦੇ ਹੋਏ East London ਦੇ ਵੱਡੇ ਇਲਾਕੇ ਵਿਚ Frients of Panjab’s People Party ਹੋਂਦ ਵਿਚ ਆਈ ਹੈ, ਅਤੇ ਮਨਪ੍ਰੀਤ ਨੂੰ ਹਰ ਲਿਹਾਜ ਨਾਲ ਮਦਦ ਲਈ ਬਚਨਵੱਧਤਾ ਜਾਹਿਰ ਕੀਤੀ ਹੈ।