ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲ਼ਤ ਪ੍ਰਦਾਨ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ‘ਚ ਵੱਖ-ਵੱਖ ਥਾਂਵਾਂ ਵਿਖੇ ਆਧੁਨਿਕ ਸਹੂਲ਼ਤਾਂ ਵਾਲੀਆਂ ਸਰਾਵਾਂ ਤਿਆਰ ਕਰਵਾਏ ਜਾਣ ਦਾ ਟੀਚਾ ਮਿਥਿਆ ਹੈ, ਜਿਸ ਦੀ ਆਰੰਭਤਾ ਵਜੋਂ ਅੱਜ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਵਿਖੇ ਅਰਦਾਸ ਉਪਰੰਤ ‘ਸਾਰਾਗੜ੍ਹੀ ਨਿਵਾਸ’ ਦੀ ਉਸਾਰੀ ਦੀ ਆਰੰਭਤਾ ਕੀਤੀ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਤੋਂ ਪਹਿਲਾਂ ਸਰ੍ਹਾ ਦੀ ਉਸਾਰੀ ਦੀ ਆਰੰਭਤਾ ਪੰਜ ਪਿਆਰਿਆਂ ਦੇ ਰੂਪ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ਟੱਕ ਲਗਾ ਕੇ ਕੀਤੀ।
ਇਸ ਮੌਕੇ ਜਥੇ. ਅਵਤਾਰ ਸਿੰਘ ਨੇ ਦੱਸਿਆ ਕਿ ਖ਼ਾਲਸਈ ਭਵਨ ਕਲਾ ਨੂੰ ਰੂਪਮਾਨ ਕਰਦੀ ਬੇਸਮੈਂਟ ਸਮੇਤ 10 ਮੰਜ਼ਿਲਾ ਸਰਾਂ ਦੇ ਵੱਡੇ-ਛੋਟੇ ਸਾਈਜ਼ ਦੇ ਕੁੱਲ 238 ਕਮਰੇ ਹੋਣਗੇ, ਜਿਸ ਵਿੱਚ ਇੱਕ ਸਮੇਂ ਕਰੀਬ ਦੋ ਹਜ਼ਾਰ ਯਾਤਰੂ ਰੈਣ ਬਸੇਰਾ ਕਰ ਸਕਣਗੇ। ਬੇਸਮੈਂਟ ਨੂੰ ਪਾਰਕਿੰਗ ਵਜੋਂ ਵਰਤਿਆ ਜਾਵੇਗਾ ਅਤੇ 25 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਰਾਂ ਕਰੀਬ 18 ਮਹੀਨਿਆਂ ‘ਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜੋਕੀ ਤਕਨੀਕ ਅਨੁਸਾਰ ਇਹ ਇਮਾਰਤ ‘ਗ੍ਰੀਨ ਬਿਲਡਿੰਗ’ ਵੱਲੋਂ ਡੀਜ਼ਾਈਨ ਕੀਤੀ ਗਈ ਹੈ। ਵੀ.ਆਰ.ਵੀ. ਏਅਰਕੰਡੀਸ਼ਨਿੰਗ ਇਸ ਸਰਾਂ ਦੇ ਜਿਸ ਵੀ ਕਮਰੇ ‘ਚ ਯਾਤਰੂ ਦਰਵਾਜ਼ਾ ਖੋਹਲ ਕੇ ਦਾਖ਼ਲ ਹੋਵੇਗਾ, ਲਾਈਟ ਅਤੇ ਏ.ਸੀ. ਸਿਸਟਮ ਆਪਣੇ ਆਪ ਚੱਲ ਪਵੇਗਾ ਅਤੇ ਜਦੋਂ ਯਾਤਰੂ ਕਮਰੇ ਵਿੱਚੋਂ ਬਾਹਰ ਨਿੱਕਲ ਕੇ ਦਰਵਾਜ਼ਾ ਬੰਦ ਕਰੇਗਾ, ਤਾਂ ਲਾਈਟ ਤੇ ਏ.ਸੀ. ਸਿਸਟਮ ਆਪਣੇ ਆਪ ਬੰਦ ਹੋ ਜਾਵੇਗਾ। ਇਸ ਨਾਲ ਬਿਜਲੀ ਦੀ 40 ਪ੍ਰਤੀਸ਼ਤ ਬੱਚਤ ਹੋਵੇਗੀ।
ਬਿਜਲੀ ਦੀ ਹੋਰ ਵਧੇਰੇ ਬੱਚਤ ਲਈ ਡਬਲ ਗਲਾਸ ਇੰਸੂਲੇਟਟਿਡ ਖਿੜਕੀਆਂ ਲਗਾਈਆਂ ਜਾਣਗੀਆਂ। ਗਰਮ ਪਾਣੀ ਦੇ ਲਈ ਸੋਲਰ ਸਿਸਟਮ ਲਗਾਇਆ ਜਾਵੇਗਾ ਅਤੇ ਸਰਾਂ ਦੀ ਛੱਤ ’ਤੇ ਟੈਰਸ ਗਾਰਡਨ ਹੋਵੇਗਾ ਇਥੇ ਹੀ ਬਸ ਨਹੀਂ ਦਿਨ-ਬ-ਦਿਨ ਪਾਣੀ ਦੇ ਘਟ ਰਹੇ ਲੈਵਲ ਨੂੰ ਵੇਖਦਿਆਂ ਬਾਰਸ਼ ਦੇ ਪਾਣੀ ਨੂੰ ਜ਼ਮੀਨ ਦੋਜ਼ ਕੀਤੇ ਜਾਣ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਸਰਾਂ ਦੀ ਦਿਖ ਖ਼ਾਲਸਈ ਭਵਨ ਕਲਾ ਦਾ ਨਮੂਨਾ ਹੋਵੇਗੀ। ਇਸ ਇਮਾਰਤ ਦਾ ਡਿਜ਼ਾਈਨ ਸ੍ਰੀ ਐਸ.ਕੇ. ਸੈਣੀ ਅਤੇ ਸ੍ਰੀ ਅਨਿਲ ਸੈਣੀ ਆਰਕੀਟੈਕਟ ਅਟੈਲੀਅਰ ਚੰਡੀਗੜ੍ਹ ਵਲੋਂ ਕੀਤਾ ਗਿਆ ਹੈ ਅਤੇ ਇਮਾਰਤ ਉਸਾਰੀ ਦਾ ਕੰਮ ਸ. ਕੁਲਵਿੰਦਰ ਸਿੰਘ ਬਾਜਵਾ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਕਸ਼ਮੀਰ ਸਿੰਘ ਬਰਿਆਰ, ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ੍ਰ: ਮਨਜੀਤ ਸਿੰਘ, ਸ੍ਰ: ਤਰਲੋਚਨ ਸਿੰਘ, ਸ੍ਰ: ਅਵਤਾਰ ਸਿੰਘ, ਮੀਤ ਸਕੱਤਰ ਸ੍ਰ: ਰਾਮ ਸਿੰਘ, ਸ੍ਰ: ਮਹਿੰਦਰ ਸਿੰਘ (ਆਹਲੀ), ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰ: ਪਰਮਜੀਤ ਸਿੰਘ ਸਰੋਆ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ: ਕੁਲਵਿੰਦਰ ਸਿੰਘ ਰਮਦਾਸ, ਸ੍ਰ: ਮਨਪ੍ਰੀਤ ਸਿੰਘ ਐਕਸੀਅਨ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ: ਹਰਬੰਸ ਸਿੰਘ (ਮੱਲ੍ਹੀ) ਤੇ ਸ੍ਰ: ਪ੍ਰਤਾਪ ਸਿੰਘ, ਐਡੀ: ਮੈਨੇਜਰ ਸ੍ਰ: ਮਹਿੰਦਰ ਸਿੰਘ, ਸ੍ਰ: ਰਘਬੀਰ ਸਿੰਘ, ਸ੍ਰ: ਬਿਅੰਤ ਸਿੰਘ, ਸੁਪਰਵਾਈਜ਼ਰ ਸ. ਹਰਪ੍ਰੀਤ ਸਿੰਘ, ਸ. ਜਗਤਾਰ ਸਿੰਘ, ਸ. ਤਰਸੇਮ ਸਿੰਘ, ਸ. ਭੁਪਿੰਦਰ ਸਿੰਘ ਲੰਗਰ ਜਥੇਦਾਰ ਆਦਿ ਮੌਜੂਦ ਸਨ।