ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਵੱਲੋਂ ਕੀਤੀ ਗਈ। ਸਮੇਂ ਦੇ ਜ਼ਾਲਮਾਂ ਨੇ ਸ਼ਾਂਤੀ ਅਤੇ ਹੱਕ-ਸੱਚ ਦੀ ਪਰਖ਼ ਕਰਦਿਆਂ ਤੱਤੀ ਤਵੀ ‘ਤੇ, ਉੱਬਲਦੀਆਂ ਦੇਗ਼ਾਂ ‘ਚ ਬਿਠਾਉਣ, ਤੱਤਾ ਰੇਤਾ ਸੀਸ ‘ਤੇ ਪਾਉਣ ਵਰਗੀਆਂ ਅਸਹਿ ਤੇ ਅਕਹਿ ਸਜ਼ਾਵਾਂ ਦੀ ਪਰਖ਼ ਕਰਕੇ ਵੇਖੀ ਤਾਂ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਮੀਰੀ-ਪੀਰੀ ਦੇ ਮਾਲ਼ਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਇਸ ਤਖ਼ਤ ਦੀ ਸਥਾਪਨਾ ਕੀਤੀ ਅਤੇ ਜ਼ਬਰ-ਜ਼ੁਲਮ ਖਿਲਾਫ਼ ਲੜਨ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਨੇ ਆਪਣਾ ਹੁਕਮ ਭੇਜਦਿਆਂ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਤੇ ਸਿੱਖ ਸੰਗਤਾਂ ਕੋਲੋਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕਰਕੇ ਜ਼ੁਲਮ ਦੇ ਖਿਲਾਫ਼ ਲੜਨ ਦਾ ਫ਼ੈਸਲਾ ਕਰਦਿਆਂ ਫ਼ੌਜ ਤਿਆਰ ਕੀਤੀ ਅਤੇ ਸਭ ਤੋਂ ਪਹਿਲਾਂ ਆਪ ‘ਮੀਰੀ ਅਤੇ ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ।
ਅੱਜ ਇਸ ਸਥਾਪਨਾ ਦਿਵਸ ਮੌਕੇ ‘ਤੇ ਬੋਲਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੁਨਿਆਵੀ ਤਖ਼ਤਾਂ ਨਾਲੋਂ ਅਕਾਲ ਦਾ ਤਖ਼ਤ ਉੱਚਾ ਹੈ ਅਤੇ ਇਸ ਤਖ਼ਤ ਦੀ ਸਥਾਪਨਾ ਵੇਲ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਉੁਪਰੰਤ ਭਾਈ ਗੁਰਦਾਸ ਜੀ ਨੇ ਚੂਨਾ ਤਿਆਰ ਕੀਤਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਇੱਟਾਂ ਲਗਾ ਕੇ ਇਸ ਤਖ਼ਤ ਨੂੰ ਤਿਆਰ ਕੀਤਾ। ਉਹਨਾਂ ਦੱਸਿਆ ਕਿ ਇਸ ਤਖ਼ਤ ਦੀ ਸਥਾਪਨਾ ਵੇਲ਼ੇ ਕਿਸੇ ਵੀ ਰਾਜ-ਮਿਸਤਰੀ ਨੂੰ ਨਹੀਂ ਲਗਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਾਪਨਾ ਦਿਵਸ ਮੌਕੇ ਜੁੜੀਆਂ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਅੱਜ ਇਸ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵੀ ਹਾਜ਼ਰੀ ਭਰਨੀ ਸੀ, ਪਰੰਤੂ ਜ਼ਰੂਰੀ ਪੰਥਕ ਰੁਝੇਵਿਆਂ ਕਰਕੇ ਉਹ ਅੱਜ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ। ਉਹਨਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ: ਸਕੱਤਰ ਸ੍ਰ: ਤਰਲੋਚਨ ਸਿੰਘ, ਸ੍ਰ: ਹਰਭਜਨ ਸਿੰਘ, ਸ੍ਰ: ਸਤਿਬੀਰ ਸਿੰਘ, ਮੀਤ ਸਕੱਤਰ ਸ੍ਰ: ਰਾਮ ਸਿੰਘ, ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰ: ਅੰਗਰੇਜ਼ ਸਿੰਘ ਤੇ ਸ੍ਰ: ਛਿੰਦਰ ਸਿੰਘ, ਸੁਪ੍ਰਿੰਟੈਂਡੈਂਟ ਸ੍ਰ: ਹਰਮਿੰਦਰ ਸਿੰਘ ਮੂਧਲ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ: ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ: ਹਰਬੰਸ ਸਿੰਘ ਤੇ ਸ੍ਰ: ਪ੍ਰਤਾਪ ਸਿੰਘ, ਇੰਚਾਰਜ ਸ੍ਰ: ਗੁਰਿੰਦਰ ਸਿੰਘ, ਸ੍ਰ: ਗੁਰਦਿੱਤ ਸਿੰਘ, ਸ੍ਰ: ਜਸਵਿੰਦਰ ਸਿੰਘ ਦੀਪ, ਚੀਫ਼ ਅਕਾਊਂਟੈਂਟ ਸ੍ਰ: ਰਜਿੰਦਰ ਸਿੰਘ, ਐਡੀਟਰ ਸ੍ਰ: ਦਰਸ਼ਨ ਸਿੰਘ, ਗੁਰਦੁਆਰਾ ਗਜ਼ਟ ਦੇ ਸਹਾਇਕ ਸੰਪਾਦਕ ਸ੍ਰ: ਗੁਰਮੀਤ ਸਿੰਘ, ਸੁਪਰਵਾਈਜ਼ਰ ਸ੍ਰ: ਕਰਮਬੀਰ ਸਿੰਘ, ਸ੍ਰ: ਜਤਿੰਦਰ ਸਿੰਘ, ਸ੍ਰ: ਲਖਵਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਐਡੀ: ਮੈਨੇਜਰ ਸ੍ਰ: ਬਲਦੇਵ ਸਿੰਘ ਤੇ ਸ੍ਰ: ਬਿਅੰਤ ਸਿੰਘ, ਮੀਤ ਮੈਨੇਜਰ ਸ੍ਰ: ਮੰਗਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ-ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।