ਇਸਲਾਮਾਬਾਦ- ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਡਰੋਨ ਹਮਲਿਆਂ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਮੁਲਤਾਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਸਰਕਾਰ ਨੇ ਅਮਰੀਕਾ ਨੂੰ ਡਰੋਨ ਹਮਲੇ ਕਰਨ ਲਈ ਆਪਣੇ ਹਵਾਈ ਅੱਡੇ ਇਸਤੇਮਾਲ ਕਰਨ ਦੀ ਕਦੇ ਵੀ ਇਜ਼ਾਜਤ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਰਾਸ਼ਰਟਰਪਤੀ ਪਰਵੇਜ਼ ਮੁਸ਼ਰੱਫ਼ ਦੀ ਸਰਕਾਰ ਨੇ ਅਮਰੀਕਾ ਨੂੰ ਪਾਕਿਸਤਾਨ ਦੇ ਹਵਾਈ ਅੱਡੇ ਇਸਤੇਮਾਲ ਕਰਨ ਦੀ ਇਜ਼ਾਜ਼ਤ ਦਿੱਤੀ ਸੀ। ਗਿਲਾਨੀ ਦਾ ਇਹ ਬਿਆਨ ਬਲੋਚਿਸਤਾਨ ਵਿੱਚ ਸ਼ਮਸੀ ਹਵਾਈ ਅੱਡੇ ਨੂੰ ਲੈ ਕੇ ਚਲ ਰਹੇ ਵਿਵਾਦ ਤੋਂ ਬਾਅਦ ਆਇਆ ਹੈ। ਇਸ ਹਵਾਈ ਅੱਡੇ ਦੀ ਵਰਤੋਂ ਅਮਰੀਕਾ ਡਰੋਨ ਹਮਲਿਆਂ ਲਈ ਕਰਦਾ ਆਇਆ ਹੈ।
ਬਲੋਚਿਸਤਾਨ ਸੂਬੇ ਵਿੱਚ ਸਥਿਤ ਇਹ ਹਵਾਈ ਅੱਡਾ 1990 ਤੋਂ ਸੰਯੁਕਤ ਅਰਬ ਅਮੀਰਾਤ ਦੇ ਕਬਜ਼ੇ ਵਿੱਚ ਹੈ। ਅਰਬ ਨੇ ਅਮਰੀਕਾ ਨੂੰ ਇਹ ਹਵਾਈ ਅੱਡਾ ਇਸਤੇਮਾਲ ਕਰਨ ਲਈ ਦਿੱਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਚੌਧਰੀ ਅਹਿਮਦ ਮੁੱਖਤਾਰ ਨੇ ਪਿੱਛਲੇ ਹਫ਼ਤੇ ਕਿਹਾ ਸੀ ਕਿ ਪਾਕਿਸਤਾਨ ਨੇ ਅਮਰੀਕਾ ਨੂੰ ਸ਼ਮਸੀ ਹਵਾਈ ਅੱਡਾ ਖਾਲੀ ਕਰਨ ਲਈ ਕਹਿ ਦਿੱਤਾ ਹੈ। ਅਮਰੀਕਾ ਵਲੋਂ ਇਹ ਹਵਾਈ ਅੱਡਾ ਅਜੇ ਖਾਲੀ ਨਹੀਂ ਕੀਤਾ ਗਿਆ। ਅਮਰੀਕੀ ਕਰਮਚਾਰੀ ਅਜੇ ਵੀ ਉਥੇ ਮੌਜੂਦ ਹਨ ਪਰ ਅਪਰੈਲ ਤੋਂ ਡਰੋਨ ਹਮਲੇ ਬੰਦ ਹਨ।