ਚੰਡੀਗੜ੍ਹ :- ਸਿੱਖ ਕੌਮ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਕਾਂਗਰਸ, ਬਾਦਲ ਦਲ, ਬੀਜੇਪੀ ਅਤੇ ਕਾਮਰੇਡ ਧਿਰਾਂ ਨੇ ਅੱਜ ਤੱਕ ਕੋਈ ਯਤਨ ਨਹੀਂ ਕੀਤਾ। ਪੰਜਾਬ ਅਤੇ ਸਿੱਖ ਕੌਮ ਦੇ ਬੁਨਿਆਦੀ ਮਸਲੇ ਜਿਉਂ ਦੀ ਤਿਉਂ ਬਰਕਰਾਰ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਮੋਹਰੀ ਸ. ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਦੇ ਪ੍ਰਧਾਨ ਅਤੇ ਕਾਮਰੇਡ ਧਿਰਾਂ ਦੇ ਆਗੂਆਂ ਵਲੋਂ ਪੰਜਾਬ ਅੰਸੈਬਲੀ ਦੀਆਂ ਚੋਣਾਂ ਵਿਚ ਹਿੱਸਾ ਲੈਣ ਦਾ ਵਿਗਲ ਵਜਾ ਦਿੱਤਾ ਹੈ ਪਰ ਪੰਜਾਬ ਅਤੇ ਸਿੱਖ ਕੌਮ ਦੇ ਮਸਲੇ ਹੱਲ ਕਰਨ ਲਈ ਇਨ੍ਹਾਂ ਕੋਲ ਕੋਈ ਪ੍ਰੋਗ੍ਰਰਾਮ ਨਹੀਂ ਹੈ। ਪੰਜਾਬ ਦੇ ਪਾਣੀਆਂ ਦਾ ਰਿਪੇਰੀਅਨ ਕਾਨੂੰਨ ਦੀ ਧਾਰਾ 246 ਅਧੀਨ ਹੱਲ ਕਰਨ, ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ, ਜੋ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਹਨ ਨੂੰ ਇੱਕ ਕਰਨ, ਅਪ੍ਰੇਸਨ ਬਲਿਊ ਸਟਾਰ ਦੋਰਾਨ ਜੋ ਸਿੱਖਾ ਦੀ ਨਸਲਕੁਸ਼ੀ ਹੋਈ, ਉਸਦੇ ਦੋਸ਼ੀਆਂ ਨੂੰ ਕਿਵੇਂ ਕਟਿਹਰੇ ਵਿਚ ਖੜੇ ਕਰਨ ਆਦਿ ਜਿਹੇ ਮਸਲਿਆਂ ਦਾ ਹੱਲ ਇਹ ਆਗੂ ਕਿਵੇਂ ਕੱਢਣਗੇ।
ਸ. ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਦੋ ਕਾਤਲ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਆਪਣੇ ਖਾਸ ਅਫਸਰ ਰੱਖੇ ਹੋਏ ਹਨ, ਇਜ਼ਹਾਰ ਆਲਮ ਨੇ ਤਾਂ ਆਲਮ ਸੈਨਾ ਬਣਾ ਕੇ ਸਿੱਖ ਨੌਜੁਆਨਾਂ ਦਾ ਕਤਲੇਆਮ ਕਰਵਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਕੂਮਤ ਮੌਕੇ ਸਰਬਜੀਤ ਸਿੰਘ ਵਿਰਕ ਨੂੰ ਡੀ.ਜੀ.ਪੀ ਲਗਾਇਆ, ਜਿਸਨੇ ਵਿਰਕ ਸੈਨਾ ਬਣਾ ਕੇ ਸਿੱਖਾਂ ਦੇ ਖੁਨ ਨਾਲ ਸ਼ਰੇਆਮ ਹੋਲੀ ਖੇਡੀ ਅਤੇ ਹੁਣ ਕੇ.ਪੀ ਐਸ ਗਿੱਲ ਇਨ੍ਹਾਂ ਦਾ ਮੁੱਖ ਸਲਾਹਕਾਰ ਹੈ। ਫਿਰ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਤੋਂ ਪੰਜਾਬ ਵਾਸੀਆਂ ਅਤੇ ਸਿੱਖ ਕੌਮ ਨੂੰ ਕੀ ਆਸ ਹੋ ਸਕਦੀ ਹੈ? ਜਿਨ੍ਹਾਂ ਨੇ ਸਿਧਾਰਥ ਸ਼ੰਕਰ ਰੇਅ ਅਤੇ ਭਜਨ ਲਾਲ ਦੇ ਵਰਗੇ ਸਿੱਖ ਵਿਰੌਧੀਆ ਦੀ ਮੌਤ ਦੇ ਸ਼ੌਕ ਮਤੇ ਅੰਸੈਬਲੀ ਵਿਚ ਪਾਸ ਕੀਤੇ। ਉਨ੍ਹਾਂ ਕਿਹਾ ਕਿ ਕੀ ਜਰਮਨ ਦੀ ਪਾਰਲੀਮੈਂਟ ਹਿਟਲਰ ਦੇ ਹੱਕ ਵਿਚ ਸ਼ੋਕ ਮਤਾ ਪਾ ਸਕਦੀ ਹੈ?
ਸ. ਮਾਨ ਨੇ ਉਕਤ ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਜੇ ਉਹ ਸੱਚਮੁੱਚ ਹੀ ਪੰਜਾਬ ਅਤੇ ਸਿੱਖ ਮਸਲਿਆਂ ਪ੍ਰਤੀ ਸੁਹਿਰਦ ਹਨ ਤਾਂ ਫਿਰ ਫੌਰੀ ਤੌਰ ਤੇ ਅੰਸੈਬਲੀ ਦਾ ਸੈਸ਼ਨ ਬੁਲਾ ਕੇ ਪ੍ਰੌ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੱਕ ਵਿਚ ਮਤਾ ਪਾਸ ਕਰਨ। ਜੇਕਰ ਇਹ ਸਾਰੇ ਆਗੂ ਜਮਹ੍ਰੀਅਤ ਵਿਚ ਵਿਸ਼ਵਾਸ਼ ਰੱਖਦੇ ਹਨ ਤਾਂ ਐਸ.ਜੀ.ਪੀ.ਸੀ ਦੀ ਮਿਆਦ ਜੋ 30 ਅਗਸਤ 2008 ਨੂੰ ਖਤਮ ਹੋ ਚੁੱਕੀ ਹ,ੇ ਉਸ ਦੀਆਂ ਚੋਣਾਂ ਕਰਾਉਣ ਦਾ ਮਤਾ ਅੰਸੈਬਲੀ ਵਿਚ ਪਾਸ ਕਰਕੇ ਸੈਂਟਰ ਹਕੂਮਤ ਨੂੰ ਕਿਉਂ ਨਹੀਂ ਭੇਜਦੇ? ਉਨ੍ਹਾਂ ਉਪਰੋਕਤ ਆਗੂਆਂ ਨੂੰ ਪੁੱਛਿਆ ਕਿ ਉਹ ਇਸ ਵੇਲੇ ਪੰਜਾਬ ਵਿਚ ਜਿਹੜੇ 43 ਲੱਖ ਬੇਰੋਜ਼ਗਾਰ ਹਨ ਉਨ੍ਹਾਂ ਨੂੰ ਰੋਜ਼ਗਾਰ ਦੇਣ ਦੇ ਕੀ ਪ੍ਰਬੰਧ ਕਰਨਗੇ, ਫੈਕਟਰੀਆਂ ਅਤੇ ਮਿਊਸਪਲਿਟੀਆਂ ਦੀ ਗੰਦਗੀ ਜੋ ਦਰਿਆਵਾਂ, ਨਹਿਰਾਂ ਅਤੇ ਡ੍ਰੇਨਾਂ ਵਿਚ ਜਾਂਦੀ ਹੈ, ਨੂੰ ਰੋਕਣ ਲਈ ਕੀ ਯਤਨ ਕਰਨਗੇ, ਜੋ ਕੰਡਿਆਲੀ ਤਾਰ ਪੰਜਾਬ, ਪਾਕਿਸਤਾਨ ਬਾਰਡਰ ਉਤੇ ਲੱਗੀ ਹੋਈ ਹੈ, ਉਸ ਨੂੰ ਖੁਲਵਾਉਣ ਲਈ ਇਨ੍ਹਾਂ ਕੋਲ ਕੀ ਏਜੰਡਾ ਹੈ। ਸ. ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਵੋਟਰਾਂ ਨੂੰ ਸੋਚਣਾ ਪਵੇਗਾ ਕਿ ਉਹ “ਥੁੱਕੀਂ ਵੜੇ ਪਕਾਉਣ” ਵਾਲੇ ਆਗੂਆਂ ਦੀ ਪਹਿਚਾਣ ਕਰਕੇ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਨ, ਜਿਸ ਨਾਲ ਪੰਜਾਬ ਵਿਚ ਸੁਖਾਵਾਂ ਮਾਹੌਲ ਪੈਦਾ ਹੋ ਸਕੇ।