ਫਤਿਹਗੜ੍ਹ ਸਾਹਿਬ :- “ਬਾਦਲ-ਬੀਜੇਪੀ ਦਲ ਨੇ ਜੋ ਬੀਤੇ ਦਿਨੀ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਉਸਨੂੰ ਪੰਜਾਬ ਨਿਵਾਸੀਆਂ ਵੱਲੋ ਕੋਈ ਵੀ ਹੁੰਗਾਰਾ ਨਾ ਮਿਲਣ ਦੇ ਅਮਲ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਿਵਾਸੀਆਂ ਦੀ ਬਹੁਗਿਣਤੀ ਹੁਣ ਬਾਦਲ-ਬੀਜੇਪੀ ਹਕੂਮਤ ਦੀਆਂ ਆਪ ਹੁੱਦਰੀਆਂ ਗੈਰ ਕਾਨੂੰਨੀ ਕਾਰਵਾਈਆਂ, ਰਿਸ਼ਵਤਖੋਰੀ ਵਰਗੀਆਂ ਸਮਾਜਿਕ ਬੁਰਾਈਆਂ ਦੇ ਕਾਰਨ ਸਮੁੱਚੇ ਪੰਜਾਬੀ ਬਾਦਲ ਹਕੂਮਤ ਤੋ ਡੂੰਘੇ ਖਫ਼ਾ ਹੋ ਚੁੱਕੇ ਹਨ ਅਤੇ ਉਨ੍ਹਾ ਦਾ ਇਸ ਨਿਜ਼ਾਮ ਤੋ ਵਿਸ਼ਵਾਸ ਉੱਠ ਚੁੱਕਿਆ ਹੈ। ਇਸ ਲਈ ਸਰਕਾਰ ਹੁੰਦੇ ਹੋਏ ਵੀ ਪੰਜਾਬ ਬੰਦ ਨੂੰ ਕੋਈ ਸਹਿਯੋਗ ਨਹੀਂ ਮਿਲਿਆ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੀ ਸੋਚ ਵਿੱਚ ਹੋ ਰਹੀ ਤਬਦੀਲੀ ਅਤੇ ਬਾਦਲ ਦਲ ਦੀਆਂ ਅਸਫ਼ਲਤਾਵਾਂ ਉੱਤੇ ਵਿਚਾਰ ਪ੍ਰਗਟਾਉਦੇ ਹੋਏ ਇੱਕ ਬਿਆਨ ਵਿੱਚ ਕਹੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਇਸ ਸਮੇ 43 ਲੱਖ ਦੇ ਕਰੀਬ ਸਿੱਖਿਅਤ ਬੇਰੁਜ਼ਗਾਰਾਂ ਦੀ ਗਿਣਤੀ ਹੈ। ਪੰਜਾਬ ਦੇ ਕੀਮਤੀ ਪਾਣੀਆਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਹੈਡਵਰਕਸਾਂ ਨੂੰ ਪੰਜਾਬ ਦੇ ਹਵਾਲੇ ਨਾ ਕਰਾਉਣ ਵਿੱਚ ਬਾਦਲ ਹਕੂਮਤ ਬੁਰੀ ਤਰ੍ਹਾ ਅਸਫ਼ਲ ਸਾਬਿਤ ਹੋ ਚੁੱਕੀ ਹੈ। ਦੂਸਰੇ ਪਾਸੇ ਪੰਜਾਬ ਦੀ ਜ਼ੇਲ੍ਹਾਂ ਵਿੱਚ ਬੰਦ ਨੌਜਵਾਨੀ ਨੂੰ ਰਿਹਾਅ ਨਾ ਕਰਵਾ ਸਕਣ। ਸਿੱਖ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਨਾ ਦਿਵਾਉਣ, ਅਨੰਦ ਮੈਰਿਜ ਐਕਟ ਨੂੰ ਲਾਗੂ ਨਾ ਕਰਵਾ ਸਕਣ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾ ਸਕਣ, ਪੰਜਾਬ ਦੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਜਿ਼ੰਮੀਦਾਰ ਵਰਗ ਨੂੰ ਉਨ੍ਹਾ ਦੇ ਹੱਕ-ਹਕੂਕ ਦੀ ਰੱਖਿਆ ਨਾ ਕਰਨ ਕਰਕੇ ਸਮੂਹ ਵਰਗਾਂ ਵਿੱਚ ਬਾਦਲ ਹਕੂਮਤ ਦੀ ਸਾਖ ਬਿਲਕੁੱਲ ਡਿੱਗ ਚੁੱਕੀ ਹੈ। ਜਿਹੜੇ ਬਾਦਲ ਦਲੀਏ ਐਨ ਡੀ ਏ ਨਾਲ ਮਿਲ ਕੇ ਪੰਜਾਬ ਵਿੱਚ ਲੋਕ ਲਹਿਰ ਖੜੀ ਕਰਨ ਦੇ ਖੋਖਲੇ ਦਾਅਵੇ ਕਰ ਰਹੇ ਹਨ, ਉਨ੍ਹਾ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਝਾਰਖੰਡ ਸੂਬੇ ਵਿੱਚ, ਜਿੱਥੇ ਬੀਜੇਪੀ ਦੀ ਹਕੂਮਤ ਹੈ, ਉੱਥੇ ਭਾਜਪਾ ਦੇ ਉਮੀਦਵਾਰ ਦੀ ਜਮਾਨਤ ਜ਼ਬਤ ਹੋ ਜਾਣ ਉਪਰੰਤ ਵੀ ਇਹ ਬਾਦਲ ਦਲੀਏ, ਬੀਜੇਪੀ, ਆਰ ਐਸ ਐਸ ਜਾਂ ਐਨ ਡੀ ਏ ਦੀਆਂ ਗੁਲਾਮੀ ਦੀਆਂ ਗੱਲਾਂ ਕਰਕੇ ਆਤਮਿਕ ਤੌਰ ‘ਤੇ ਹਰ ਰੌਜ਼ ਮਰਦੇ ਹਨ। ਜਦੋ ਕਿ ਅਣਖ, ਗੈਰਤ ਵਾਲੀਆਂ ਕੌਮਾਂ ਜਾਂ ਆਗੂ ਇੱਕ ਵਾਰੀ ਜਨਮ ਲੈਦੇ ਹਨ ਅਤੇ ਇੱਕ ਵਾਰੀ ਹੀ ਮਰਦੇ ਹਨ। ਕਿਉਂਕਿ ਉਹ ਅਣਖ ਨਾਲ ਜਿਉਣਾ ਅਤੇ ਸ਼ਾਨ ਨਾਲ ਮਰਨ ਦੇ ਉਪਾਸਕ ਹੁੰਦੇ ਹਨ। ਸ: ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਜੁਲਾਈ ਨੂੰ ਸਿੱਖ ਕੌਮ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਇਕੱਤਰ ਹੋ ਕੇ ਬੇਕਸੂਰ ਸਿੱਖ ਨੌਜਵਾਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਰੋਸ ਮਾਰਚ ਕਰਦੇ ਹੋਏ ਯਾਦ ਪੱਤਰ ਦੇ ਰਹੀ ਹੈ, ਉਸ ਵਿੱਚ ਹੁੰਮ ਹੁਮਾ ਕੇ ਯੋਗਦਾਨ ਪਾਉਣ ਅਤੇ ਆਪਣੇ ਕੌਮੀ ਅਤੇ ਇਨਸਾਨੀ ਫਰਜ਼ਾਂ ਨੂੰ ਪੂਰਨ ਕਰਨ। ਉਨ੍ਹਾ ਇਹ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਜਲਦੀ ਹੀ “ਬਦੀ” ਅਤੇ “ਨੇਕੀ” ਦੀ ਸਿਆਸੀ ਜੰਗ ਸ਼ੁਰੂ ਹੋਣ ਵਾਲੀ ਹੈ, ਜਿਸ ਵਿੱਚ ਨੇਕੀ ਦੀ ਅਵੱਸ਼ ਜਿੱਤ ਹੋਵੇਗੀ ਅਤੇ ਪੰਜਾਬ ਦੀ ਹਕੂਮਤ ਉੱਤੇ ਸਰਵ ਪ੍ਰਵਾਨਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਕਾਇਮ ਹੋਵੇਗੀ, ਕੇਵਲ ਅਖੌਤੀ ਆਗੂਆਂ ਅਤੇ ਜਥੇਬੰਦੀਆਂ ਤੋ ਸੁਚੇਤ ਰਹਿਣ ਦੀ ਲੋੜ ਹੈ।