ਡੇਟਨ,ਅਮਰੀਕਾ, (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਇਤਿਹਾਸ ਵਿਚ 4 ਜੁਲਾਈ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ 1776 ਵਿਚ ਅਮਰੀਕਾ ਨੂੰ ਬਰਤਾਨੀਆ ਤੋਂ ਆਜ਼ਾਦੀ ਹਾਸਲ ਹੋਈ ਸੀ। ਇਸ ਮੋਕੇ ਤੇ ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੀ ਸਿੱਖ ਸੰਗਤ ਨੇ ਇਸ ਦਿਹਾੜੇ ਵਿਚ ਆਪਣਾ ਯੋਗਦਾਨ ਪਾਇਆ। ਸਿਟੀ ਆਫ਼ ਰਿਵਰਸਾਇਡ ਦੇ ਮੇਅਰ ਮਿਸਟਰ ਬਿਲ ਫ਼ਲਾਊਟੀ, ਸਮਾਗਮ ਦੇ ਮੁੱਖ ਮਹਿਮਾਨ ਸਨ। ਡਾ.ਰਾਜਕਮਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਮੇਅਰ ਫ਼ਲਾਊਟੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਸਿੱਖ ਸੰਗਤ ਨਾਲ ਪਹਿਲੀ ਮਿਲਣੀ ਹੈ ਤੇ ਉਨ੍ਹਾਂ ਨੂੰ ਸਭ ਨੂੰ ਮਿਲਕੇ ਅਤੀ ਪ੍ਰਸੰਨਤਾ ਹੋਈ ਹੈ। ਉਨ੍ਹਾਂ ਨੇ ਅਮਰੀਕਾ ਦੇ ਵੱਖ ਵੱਖ ਖੇਤਰਾਂ ਵਿਚ ਸਿੱਖਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਦੇ ਸਹਿਯੋਗ ਦੀ ਲੋੜ ਪਵੇ ਤਾਂ ਉਹ ਇਸ ਲਈ ਹਮੇਸ਼ਾਂ ਤੱਤਪਰ ਰਹਿਣਗੇ।
ਝੰਡਾ ਝੁਲਾਉਣ ਦੀ ਰਸਮ, ਰਾਇਟ ਸਟੇਟ ਯੂਨੀਵਰਸਿਟੀ ਦੇ ਆਰ ਓ ਟੀ ਸੀ ਦੇ ਕਲਰ ਗਾਰਡ ਵਿਕਟਰ ਜ਼ਿਮਰ ਨੇ ਅਦਾ ਕੀਤੀ। ਕੌਮੀ ਗੀਤ ਦਾ ਗਾਇਣ ਕੀਤਾ ਗਿਆ।ਅਮਰੀਕੀ ਝੰਡੇ ਪ੍ਰਤੀ ਸੁਹਿਰਦਤਾ ਦਾ ਪ੍ਰਣ (ਓਥ ਆਫ਼ ਐਲੀਜੀਐਂਸ)ਲਿਆ ਗਿਆ। ਵਿਕਟਰ ਜ਼ਿਮਰ ਨੇ ਕਿਹਾ ਕਿ ਤੁਸੀਂ ਝੰਡਾ ਝੁਲਾ ਕੇ ਅਮਰੀਕੀ ਫ਼ੌਜ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਹੈ।ਡਾ. ਚੀਮਾ ਨੇ ਵਿਸ਼ਵ ਸ਼ਾਂਤੀ ਤੇ ਆਜ਼ਾਦੀ ਲਈ ਵਿਦੇਸ਼ਾਂ ਵਿਚ ਲੜ ਰਹੀਆਂ ਫੌਜਾਂ ਦੀ ਸ਼ਲਾਘਾ ਕਰਦੇ ਹੋਇ , ਉਨ੍ਹਾਂ ਨਾਲ ਸਿਖ ਸੰਗਤ ਵਲੋਂ ਇਕਮੁਠਤਾ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ’ਤੇ ਮੇਅਰ ਬਿਲ ਫ਼ਲਾੳਟੀ ਨੂੰ ਯਾਦਗਾਰੀ ਚਿੰਨ ਵਜੋਂ ‘ਦਾ ਸਿਖਜ਼’ ਪੁਸਤਕ ਤੇ ਵਿਕਟਰ ਜ਼ਿਮਰ ਨੂੰ ‘ਦਾ ਗੋਲਡਨ ਟੈਂਪਲ’ ਪੁਸਤਕ ਭੇਟ ਕੀਤੀ ਗਈ। ਸਮਾਗਮ ਵਿਚ ਸੰਗਤ ਤੋਂ ਇਲਾਵਾ, ਇਲਾਕਾ ਨਿਵਾਸੀ ਵੀ ਪੁੱਜੇ ਹੋਏ ਸਨ।