ਕੁੱਝ ਦੇਰ ਪਹਿਲਾਂ ਭਾਰਤ ਦੀ ਰਾਸ਼ਟਰਪਤੀ ਵਲੋਂ ਪ੍ਰੋਫੈਸਰ ਭੁੱਲਰ ਦੀ ‘ਮਰਸੀ ਪਟੀਸ਼ਨ’ ਰੱਦ ਕਰਨ ਤੋਂ ਬਾਦ ਸਿੱਖ ਹਲਕਿਆਂ ਵਿੱਚ ਇੱਕ ਹਾ ਹਾਕਾਰ ਜਿਹੀ ਮੱਚ ਗਈ ਹੈ। ਇਸ ਵਿਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਇਸ ਗੱਲ ਨਾਲ ਭਾਰਤੀ ਹਕੂਮਤ ਦਾ ਸਿੱਖ ਦੁਸ਼ਮਣੀ ਵਾਲਾ ਚੇਹਰਾ, ਪਹਿਲਾਂ ਨਾਲੋਂ ਵੀ ਵਧੇਰੇ ਨੰਗਾ ਹੋ ਗਿਆ ਹੈ। ਸਿੱਖ ਸਿਆਸਤ ਦੀਆਂ ਸਾਰੀਆਂ ਧਿਰਾਂ, ਕੀ ਨਰਮ ਤੇ ਕੀ ਗਰਮ, ਸਭ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਸਦਰ ਦੇ ਇਸ ਫੈਸਲੇ ਦੇ ਖਿਲਾਫ਼ ਹੋ ਰਹੀ ਲਾਮਬੰਦੀ ਵਿਚ ਆਪੋ ਆਪਣਾ ਹਿੱਸਾ ਪਾ ਰਹੀਆਂ ਨੇ। ਗਰਮ, ਖਿਆਲੀ ਜਥੇਬੰਦੀਆ ਦਾ ਤਾਂ ਸੋਚ ਅਤੇ ਸੰਘਰਸ਼ ਦਾ ਇਕ ਰਿਸ਼ਤਾ ਹੈ ਪ੍ਰੋਫੈਸਰ ਭੁੱਲਰ ਨਾਲ, ਪਰ ਅਕਾਲੀ ਦਲ ਦੇ ਰਵਾਇਤੀ ਧਵੇ ਵੀ ਸਭ ਇਕ ਦੂਜੇ ਤੋਂ ਅੱਗੇ ਵੱਧ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਯਤਨਸ਼ੀਲ ਲੱਗਦੇ ਹਨ। ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੋਂ ਬਿਨਾਂ ਹੋਰ ਕਿਸ ਕਿਸ ਦਾ ਸੱਚਾ ਰਿਸ਼ਤਾ ਹੈ, ਤੇ ਕਿਸ ਲਈ ਇਹ ਸਿਆਸਤ ਹੈ, ਇਹ ਤਾਂ ਵਾਹਿਗੁਰੂ ਜਾਣੇ, ਪਰ ਦੇਸ਼ ਵਿਦੇਸ਼ ਹਰ ਪਾਸੇ ਦੀਆਂ ਸਿੱਖ ਜਥੇਬੰਦੀਆਂ ਅੱਜ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਕਾਰਜ ਲਈ ਸਰਗਰਮ ਹਨ। ਥੇ ਇਹ ਇੱਕ ਅੱਛੀ ਗੱਲ ਹੈ, ਜੋ ਕਾਫ਼ੀ ਦੇਰ ਬਾਦ ਸਿੱਖ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ। ਕੁੱਝ ਜਥੇਬੰਦੀਆਂ ਲੲ ਇਹ ਸਿਆਸੀ ਲਾਹੇ ਦਾ ਕੰਮ ਭਾਵੇਂ ਸਾਫ਼ ਨਜ਼ਰ ਆਉਂਦਾ ਹੈ, ਪਰ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਲਈ ਯਕੀਨਨ ਇੱਕ ਜਜ਼ਬਾਤੀ ਵਿਸ਼ਾ ਹੈ। ਇਸ ਲਈ ਮੈਂ ਆਪਣੇ ਦਿਲ ਦੀ ਗੱਲ ਕਰਨ ਲਗਿਆਂ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੋਂ ਮੁਆਫ਼ੀ ਚਾਹਾਂਗਾ।
ਜਿੱਥੋਂ ਤੱਕ ਮੈਨੂੰ ਸਮਝ ਹੈ, ਮਰਸੀ ਪਟੀਸ਼ਨ ਦਾ ਮਤਲਬ ਰਹਿਮ ਦੀ ਦਰਖਾਸਤ ਹੈ ਤੇ ਇਹ ਕਾਨੂੰਨੀ ਲੜਾਈ ਖਤਮ ਹੋਣ ਤੋਂ ਬਾਦ ਕੀਤੀ ਜਾਂਦੀ ਹੈ, ਅਦਾਲਤ ਵਿੱਚ ਨਹੀਂ, ਹਕੂਮਤ ਸਾਹਮਣੇ, ਮੁਲਕ ਦੇ ਪ੍ਰੈਜ਼ੀਡੈਂਟ ਸਾਹਮਣੇ।
ਆਪਣੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਣ ਵਾਲੇ ਇਕ ਯੋਧੇ ਲਈ, ਇਕ ਇਨਕਲਾਬੀ ਲਈ, ਇਕ ਜੁਝਾਰੂ ਲਈ, ਉਸ ਸਰਕਾਰ ਤੋਂ ‘ਰਹਿਮ ਮੰਗਣਾ’, ਜਿਸ ਦੇ ਖਿਲਾਫ਼ ਉਸ ਨੇ ਸੰਘਰਸ਼ ਕੀਤਾ ਹੋਵੇ, ਹੋਰ ਵੱਡੀ ਮੌਤ ਕੀ ਹੋ ਸਕਦੀ ਹੈ? ਅੱਜ ਸਿੱਖ ਜਥੇਬੰਦੀਆਂ, ਖਾਸ ਕਰ ਰਵਾਇਤੀ ਅਕਾਲੀ ਦਲਾਂ ਦੇ ਵੱਖ ਵੱਖ ਧਵੇ, ਮਰਸੀ ਪਟੀਸ਼ਨ ਦੇ ਲੱਫ਼ਜ਼ਾਂ ਤੋ ਵੀ ਅੱਗੇ ਵੱਧ ਕੇ ‘ਸਜ਼ਾ ਦੀ ਮੁਆਫ਼ੀ’ ਵਰਗੇ ‘ਭੀਖ ਮੰਗਣ’ ਵਾਲੇ ਲੱਫ਼ਜ਼ਾਂ ਦਾ ਇਸਤੇਮਾਲ ਬੇਝਿਜਕ ਕਰ ਰਹੇ ਹਨ। ਪ੍ਰੋਫੈਸਰ ਭੁੱਲ ਦੀ ਜਾਨ, ਉਸ ਦੇ ਪਰਿਵਾਰ ਲਈ ਹੀ ਨਹੀਂ, ਸਾਰੀ ਕੌਮ ਲਈ ਬਹੁਤ ਕੀਮਤੀ ਹੈ। ਫਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਾਨ ਬਚਾਉਣ ਲਈ ਕੀਮਤ ਕਿੰਨੀ ਤੇ ਕਿਸ ਰੂਪ ਵਿਚ ਉਤਾਰਨੀ ਬਣਦੀ ਹੈ? ਸੋਚਣ ਵਾਲੀ ਗੱ ਇਹ ਵੀ ਹੈ ਕਿ ਜੁਝਾਰੂ ਯੋਧਿਆਂ ਨੂੰ ਮਾਰਨ ਤੇ ਮਰਵਾਣ ਵਾਲੇ ਵੀ ਜਦ ਪ੍ਰੋਫੈਸਰ ਭੁੱਲਰ ਲਈ ਰਹਿਮ ਦੀਆਂ ਅਪੀਲਾਂ ਕਰ ਰਹੇ ਹਨ ਤੇ ਇਸ ਗੱਲ ਨੂੰ ਲੈ ਕੇ ‘ਲੋਕ ਲਹਿਰ’ ਉਸਾਰਨ ਦੀਆਂ ਗੱਲਾਂ ਕਰ ਰਹੇ ਹਨ, ਤਾਂ ਉਨ੍ਹਾਂ ਦਾ ਅਸਲ, ਪਰ ਲੁਕਿਆ ਮਕਸਦ ਕੀ ਹੈ?
ਮੈਂ ਇਹ ਲਫ਼ਜ਼ ਬਹੁਤ ਸੰਕੋਚ ਨਾਲ ਲਿਖ ਰਿਹਾ ਹਾਂ, ਪਰ ਸੱਚੀ ਗੱਲ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ, ਅੱਜ ਸਾਰੀ ਕੌਮ ਤਰਲੇ ਮਾਰਦੀ ਤੇ ਲਿਲਕੜੀਆਂ ਲੈਂਦੀ ਮਹਿਸੂਸ ਹੋ ਰਹੀ ਹੈ, ਤੇ ਇਸ ਨਾਲ ਸਿੱਖ ਕੌਮ ਦੀ ਆਤਮਾ, ਆਤਮਘਾਤ ਕਰਦੀ ਮਹਿਸੂਸ ਹੋ ਰਹੀ ਹੈ। ਸ਼ਾਇਦ ਦਿੱਲੀ ਦੇ ਹਾਕਮਾਂ ਨੇ ਮਰਸੀ ਪਟੀਸ਼ਨ ਰੱਦ ਹੀ ਇਸੇ ਲਈ ਕੀਤੀ ਹੈ , ਤੇ ਉਨ੍ਹਾਂ ਦਾ ਅਸਲ ਮਕਸਦ ਸਿੱਖ ਕੌਮ ਨੂੰ ਲਿਲਕੜੀਆਂ ਲਈ ਮਜਬੁਰ ਕਰ ਕੇ, ਉਸ ਦੀ ਆਤਮਾ ਦਾ ਘਾਤ ਕਰਨਾ ਹੀ ਹੈ, ਤਾਂ ਜੋ ਮਰੀ ਹੋਈ ਆਤਮਾ ਵਾਲੀ ਸਿੱਖ ਕੌਮ ਮੁੜ ਕਦੇ ਸਿਰ ਉੱਚਾ ਕਰ ਕੇ ਉਨ੍ਹਾਂ ਸਾਹਮਣੇ ਗੱਲ ਨਾ ਕਰ ਸਕੇ। ਸਿੱਖਾਂ ਵਿਚ ਬੈਠੇ ਦਿੱਲੀ ਦੇ ਹਾਕਮਾਂ ਦੇ ਹਵਾਰੀਆਂ ਦਾ ਇਸ ਆਤਮਾ ਦੇ ਘਾਤ ਨਾਲ ਕੁਝ ਹੋਰ ਨਹੀਂ ਵਿਗੜਣ ਲੱਗਾ, ਉਹ ਤਾਂ ਪਹਿਲਾਂ ਹੀ ਗੁਲਾਮ ਸੋਚ ਤੇ ਗਿਰਵੀ ਰੱਖੀ ਆਤਮਾ ਨਾਲ ਸਿਆਸਤ ਕਰ ਰਹੇ ਹਨ, ਪਰ ਸੋਚਣ ਦਾ ਵਿਸ਼ਾ ਉਨ੍ਹਾਂ ਲਈ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਆਜ਼ਾਦ ਸੋਚ ਦੇ ਮਾਲਕ ਹਨ।
ਅਸੀਂ ਘਰ ਬਾਰ ਛੱਡ ਕੇ ਸੰਘਰਸ਼ ਵਿਚ ਕੁੱਦੇ ਸਾਂ, ਕੌਮ ਦੀ ਆਜ਼ਾਦੀ ਲਈ, ਕੌਮ ਦੇ ਗਵਾਚੇ ਹੋਚੇ ਮਾਣ ਸਵੈਮਾਣ ਨੂੰ ਮੁੜ ਹਾਸਿਲ ਕਰਨ ਲਈ। ਜੇ ਲੰਮੀਆਂ ਤੇ ਸੌਖ ਨਾਲ ਭਰੀਆਂ ਜਿਦਗੀਆਂ ਦੀ ਖਵਾਹਿਸ਼ ਹੁੰਦੀ ਤਾਂ ਅਸੀਂ ਇਸ ਪਾਸੇ ਤੁਰਨਾ ਹੀ ਕਾਹਨੂੰ ਸੀ। ਸਾਡੇ ਨਾਲ ਦੇ ਪਤਾ ਨਹੀਂ ਕਿੰਨੇ ਹੀ ਵੀਰ ਸ਼ਹੀਦੀਆਂ ਪਾ ਚੁੱਕੇ ਹਨ, ਕੋਈ ਪੁਲਸ ਦੀਆਂ ਗੋਲੀਆਂ ਨਾਲ, ਕੋਈ ਤਸੀਹਾਘਰਾਂ ਦੇ ਤਸੀਹਿਆਂ ਨਾਲ, ਤੇ ਕੋਈ ਫ਼ਾਂਸੀ ਦੇ ਰੱਸੇ ਚੁੱਮ ਕੇ…। ਸਾਡੇ ਇਨ੍ਹਾਂ ਸਾਰੇ ਵੀਰਾਂ ਦੀ ਖਵਾਹਿਸ਼ ਰਹੀ ਹੈ ਕਿ ‘ਹਮ ਉਜੜੇ, ਪੰਥ ਬਸੇ’। ਇਹ ਠੀਕ ਹੈ ਕਿ ਅੱਜ ਸਾਡੇ ਸੰਘਰਸ਼ ਵਿਚ ਉਹ ਪੁਰਾਣਾ ਦਮ ਨਹੀਂ ਹੈ, ਲੋਕ ਬਦਲ ਗਏ ਨੇ, ਵਕਤ ਬਦਲ ਗਿਆ ਹੈ, ਆਪਣੇ ਬਦਲ ਗਏ ਨੇ, ਸਾਥੀ ਸਾਥ ਛੱਡ ਗਏ ਨੇ, ਬਹੁਤ ਕੁਝ ਐਸਾ ਹੋ ਚੁੱਕਾ ਹੈ, ਜਿਸ ਦੀ ਅਸਾਂ ਉਮੀਦ ਨਹੀਂ ਸੀ ਕੀਤੀ, ਪਰ ਸਰਹੰਦ ਦੀਆਂ ਦੀਵਾਰਾਂ ਨਾਲ ਸਾਡਾ ਰਿਸ਼ਤਾ ਨਹੀਂ ਬਦਲਿਆ। ਹਾਂ, ਸਾਡਾ ਦੁਸ਼ਮਣ ਇਹੀ ਚਾਹੁੰਦਾ ਹੈ ਕਿ ਸਾਡੇ ਇਸ ਇਤਿਹਾਸਕ ਰਿਸ਼ਤੇ ਬਦਲ ਜਾਣ। ਅਸੀਂ ਸਰਹੰਦ ਦੀਆਂ ਦੀਵਾਰਾਂ, ਚਮਕੌਰ ਦੀ ਗੜ੍ਹੀ, ਛੋਟੇ ਵੱਡੇ ਤੇ ਨਵੇਂ ਪੁਰਾਣੇ ਘੱਲੂਘਾਰਿਆਂ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਵਾਰਾਂ ਪੜ੍ਹ ਲਈਏ, ਆਖੰਡ ਪਾਠ ਰੱਖ ਲਈਏ, ਤਕਰੀਰਾਂ ਕਰ ਲਈਏ, ਪਰ ਸਿਰਫ਼ ‘ਰਾਮ ਲੀਲਾ’ ਦੇ ਵਾਂਗ। ਉਨ੍ਹਾਂ ਨਾਲ ਜਿੰਦਾ ਰਿਸ਼ਤਾ ਸਮਝ ਕੇ, ਉਨ੍ਹਾਂ ਦੇ ਰਸਤੇ ਤੇ ਚੱਲਣ ਦੀ ਗੱਲ ਨਾ ਕਰੀਏ। ਅਸੀਂ ਗੁਰਦੁਆਰੇ ਬਣਾਈਏ, ਉਨ੍ਹਾਂ ‘ਤੇ ਸੋਨਾ ਲਗਾਈਏ, ਪਰ ਗੁਰੂ ਦੀ ਬਖਸ਼ੀ ਗੈਰਤ ਭਰੀ ਆਤਮਾ ਦੇ ਸੋਨੇ ਨਾਲ ਸਾਡਾ ਕੋਈ ਨਾਤਾ ਨਾ ਰਹੇ। ੳਸੀਂ ਆਰ ਐਸ ਐਸ ਦੀ ਸੋਚ ਦੀ ਅਧੀਨਗੀ ਵਿੱਚ ਚਲੀਏ, ਜਾਂ ਗਾਂਧੀ ਦੇ ਪੁੱਤ ਬਣ ਕੇ, ਪਰ ਸਿਰ ਸਾਡਾ ਹਮੇਸ਼ਾਂ ਦਿੱਲੀ ਵੱਲ ਝੁਕਿਆ ਰਿਹਾ। ਸਰਹੰਦ ਦੀਆਂ ਦੀਵਾਰਾਂ ਤੋਂ ਅੱਜ ਤੱਕ, ਗੱਲ ਸਿਰਫ਼ ਝੁਕਾਣ ਜਾਂ ਕੱਟਵਣ, ਤੇ ਜਾਂ ਫਿਰ ਜਿੰਦਾ ਨੀਹਾਂ ਵਿਚ ਚਿਣੇ ਜਾਣ ਦੀ ਹੈ।
ਮੈਂ ਇਕ ਲੰਮੀ ਚੁੱਪ ਬਾਦ, ਇਹ ਲਫ਼ਜ਼ ਆਪਣੀ ਜਾਂ ਆਪਣੇ ਹਮਸਫਰਾਂ ਦੀ ਬਹਾਦਰੀ ਦੇ ਕਿਸੇ ਦਾਅਵੇ ਲਈ, ਜਾਂ ਦਾਅਵੇ ਨਾਲ, ਨਹੀਂ ਲਿਖ ਰਿਹਾ, ਬਹੁਤ ਜ਼ਖ਼ਮੀ ਹੋਏ ਹਿਰਦੇ ਨਾਲ ਲਿਖ ਰਿਹਾ ਹਾਂ। ਵਾਹਿਗੁਰੂ ਬੇਹਤਰ ਜਾਣਦਾ ਹੈ ਕਿ ਸਾਡਾ ਅੰਤ ਕੀ ਤੇ ਕਿਹੋ ਜਿਹਾ ਹੋਵੇਗਾ, ਪਰ ਅਰਦਾਸ ਹਮੇਸ਼ਾਂ ਇਹੀ ਕਰੀਦੀ ਹੈ ਕਿ ਜਿਸ ਰਾਹ ਤੇ ਬੜੇ ਚਾਅ ਤੇ ਮਾਣ ਨਾਲ ਚਲੇ ਸਾਂ, ਉਸ ਨਾਲ ਤੋੜ ਨਿਭ ਜਾਵੇ। ਇਹੀ ਅਰਦਾਸ ਸਾਡੀ ਉਨ੍ਹਾਂ ਸਾਰੇ ਯੋਧਿਆਂ ਲਈ ਵੀ ਹੈ, ਜਿਹੜੇ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੈਠੇ ਸੰਘਰਸ਼ ਨਾਲ ਆਪਣਾ ਰਿਸ਼ਤਾ ਨਿਭਾ ਰਹੇ ਹਨ, ਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰ ਭੁੱਲਰ ਹੁਰਾਂ ਨਾਲ ਬਹੁਤ ਜਿਅਦਾਤੀਆਂ ਹੋਈਆਂ ਹੋਈਆਂ ਹੋਣਗੀਆਂ, ਤੇ ਉਨ੍ਹਾਂ ਦੀ ਸਰੀਰਕ ਹਾਲਤ ਵੀ ਚੰਗੀ ਨਹੀਂ ਹੋਵੇਗੀ। ਦੁਸ਼ਮਣ ਤੋਂ ਹੋਰ ਕੋਈ ਆਸ ਰੱਖਣੀ ਵੀ ਨਹੀਂ ਸੀ ਬਣਦੀ। ਪਰ ਸਾਡਾ ਸੰਘਰਸ਼ ਸਰੀਰਾਂ ਦੇ ਸਹਾਰੇ ਲੜਿਆ ਜਾਣ ਵਾਲਾ ਸੰਘਰਸ਼ ਨਹੀਂ ਹੈ, ਇਹ ਸੋਚ ਤੇ ਜਜ਼ਬਿਆਂ ਦੀ ਜੰਗ ਹੈ ਜੋ ਬਲਵਾਨ ਸਰੀਰ ਨਾਲੋਂ ਜਿਆਦਾ ਬਲਵਾਨ ਆਤਮਾ ਨੇ ਲੜਣੀ ਹੁੰਦੀ ਹੈ।
ਜਿੰਦਗ਼ੀ ਦੇ ਸਫ਼ਰ ਵਿਚ ਕੋਈ ਦੋ ਪੈਰ ਘੱਟ ਤੁਰਿਆਂ ਜਾਂ ਵੱਧ, ਇਹ ਗੱਲ ਅਹਿਮ ਨਹੀਂ ਹੈ, ਅਹਿਮ ਗੱਲ ਇਹ ਹੈ ਕਿ ਉਹ ਸਿਰ ਉਠਾ ਕੇ ਤੁਰਦਾ ਰਿਹਾ, ਜਾਂ ਝੁਕਾ ਕੇ। ਇਕ ਯੋਧਾ ਮੌਤ ਤੋਂ ਬਾਦ ਇਸ ਹਵਾਲੇ ਨਾਲ ਯਾਦ ਰਹਿੰਦਾ ਹੈ ਕਿ ਮੌਤ ਦਾ ਸਾਹਮਣਾ ਉਸ ਕੇ ਕਿਸ ਤਰ੍ਹਾਂ ਕੀਤਾ। ਵਕਤ ਆ ਪੈਣ ਤੇ ਉਹ ਫ਼ਾਂਸੀ ਦੇ ਰਸੇ ਵੱਲ, ਮਕਤਲ ਵੱਲ ਕਤਲਗਾਹ ਵੱਲ ਕਿਸ ਮਟਕ ਤੇ ਸ਼ਾਨ ਨਾਲ ਗਿਆ।
ਉਰਦੂ ਦੇ ਵੱਡੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਇ ਸ਼ੇਅਰ ਨਾਲ ਆਪਣੀ ਗੱਲ ਖਤਮ ਕਰਦਾ ਹਾਂ।
ਜਿਸ ਧੱਜ ਸੇ ਕੋਈ ਮਕਤਲ ਮੇ ਗਯਾ, ਵੋਹ ਸ਼ਾਨ ਸਲਾਮਤ ਰਹਿਤੀ ਹੈ।
ਯਿਹ ਜਾਨ ਤੋ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ।
ਮੁਆਫ਼ ਕਰਨਾ ਦੋਸਤੋ! ਮੈਂ ਪ੍ਰੋਫੈਸਰ ਭੁੱਲਰ ਲਈ ‘ਰਹਿਮ ਦੀ ਅਪੀਲ’ ਕਰ ਕੇ ਉਸ ਯੋਧੇ ਦਾ ਅਪਮਾਨ ਨਹੀਂ ਕਰਨਾ ਚਾਹਾਂਗਾ।