ਲੁਧਿਆਣਾ:-ਮੌਜ਼ਾਂਬੀਕ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਭੇਜੇ ਦੋ ਮੈਂਬਰੀ ਵਫਦ ਵਿੱਚ ਸ਼ਾਮਿਲ ਡਾ: ਕਲਿਸਟੋ ਐਨਟੋਨੀਓ ਫਰਾਂਸਿਸਕੋ ਬਾਇਸ, ਡਾਇਰੈਕਟਰ ਜਨਰਲ ਖੇਤੀਬਾੜੀ ਖੋਜ ਅਤੇ ਸ਼੍ਰੀਮਤੀ ਯੂਜੇਨੀਆ ਫੈਫੇਟਾਈਨ ਡਾਇਰੈਕਟਰ ਮਾਨਵ ਵਿਕਾਸ ਡਾਇਰੈਕਟੋਰੇਟ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਭਾਰਤ ਦਾ ਖੇਤੀ ਪੱਖੋਂ ਕਾਇਆ ਕਲਪ ਕਰਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੱਡਾ ਨਾਮ ਹੈ। ਹਰੇ ਇਨਕਲਾਬ ਦੀ ਜਣਨਹਾਰੀ ਯੂਨੀਵਰਸਿਟੀ ਹੋਣ ਕਾਰਨ ਸਾਨੂੰ ਵੀ ਮੌਜ਼ਾਂਬੀਕ ਦੇ ਖੇਤੀ ਵਿਕਾਸ ਲਈ ਇਸ ਤੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਨਾਲ ਸਹਿਯੋਗ ਕਰਕੇ ਉਹ ਆਪਣੇ ਦੇਸ਼ ਦੇ ਵਿਗਿਆਨੀਆਂ ਨੂੰ ਸਿਖਲਾਈ ਦਿਵਾਉਣ ਤੋਂ ਇਲਾਵਾ ਸਾਂਝੇ ਪ੍ਰੋਜੈਕਟਾਂ ਤੇ ਵੀ ਕੰਮ ਕਰਨਾ ਚਾਹੁੰਣਗੇ। ਸੰਚਾਰ , ਖੇਤੀ ਮਸ਼ੀਨਰੀ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡੀ ਵੱਡੀ ਮਦਦ ਕਰ ਸਕਦੀ ਹੈ। ਡਾ: ਬਾਇਸ ਨੇ ਉਮੀਦ ਪ੍ਰਗਟਾਈ ਕਿ ਸਰਕਾਰੀ ਤੰਤਰ ਦੀ ਮਦਦ ਨਾਲ ਉਹ ਖੇਤੀਬਾੜੀ ਖੋਜ ਲਈ ਭਾਰਤ ਤੋਂ ਜਰਮ ਪਲਾਜ਼ਮ ਅਤੇ ਹੋਰ ਸਹਾਇਤਾ ਵੀ ਹਾਸਿਲ ਕਰ ਸਕਣਗੇ। ਸ਼੍ਰੀਮਤੀ ਫੈਫੇਟਾਈਨ ਨੇ ਆਖਿਆ ਕਿ ਦੋਹਾਂ ਮੁਲਕਾਂ ਵਿਚਕਾਰ ਮਾਨਵ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਉਥੋਂ ਦੇ ਵਿਗਿਆਨੀਆਂ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਦੇ ਕਿਸਾਨਾਂ ਨੂੰ ਵੀ ਇਥੋਂ ਸਿਖਿਅਤ ਕਰਵਾਇਆ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਮੌਜ਼ਾਂਬੀਕ ਤੋਂ ਆਏ ਵਫਦ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਅਕ ਅਤੇ ਵਿਕਾਸ ਮੁਖੀ ਮੁੱਦਿਆਂ ਤੇ ਉਨ੍ਹਾਂ ਨੂੰ ਸਹਿਯੋਗ ਕਰਨ ਵਿੱਚ ਕੋਈ ਝਿਜਕ ਨਹੀਂ ਹੋਵੇਗੀ। ਉਨ੍ਹਾਂ ਡੈਲੀਗੇਸ਼ਨ ਦਾ ਸੁਆਗਤ ਕਰਦਿਆਂ ਆਖਿਆ ਕਿ ਇਸ ਯੂਨੀਵਰਸਿਟੀ ਦੀਆਂ ਸਰਗਰਮੀਆਂ ਭਾਵੇਂ ਉਹ ਵਿਦਿਅਕ ਹੋਣ, ਖੋਜ ਨਾਲ ਸਬੰਧਿਤ ਹੋਣ ਜਾਂ ਪਸਾਰ ਸੰਚਾਰ ਰਾਹੀਂ ਖੇਤੀਬਾੜੀ ਤਕਨਾਲੋਜੀ ਖੇਤਾਂ ਤੀਕ ਪਹੁੰਚਾਉਣ ਦੀ ਗੱਲ ਹੋਵੇ ਸਭਨਾਂ ਵਿੱਚ ਹੀ ਸਹਿਯੋਗੀ ਰੁਖ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਰਾਹੀਂ ਆਪਸੀ ਸਹਿਮਤੀ ਪੱਤਰ ਨੂੰ ਸਹੀਬੰਧ ਕੀਤਾ ਜਾ ਸਕਦਾ ਹੈ।
ਮੌਜ਼ਾਂਬੀਕ ਤੋਂ ਆਏ ਵਫਦ ਨੇ ਯੂਨੀਵਰਸਿਟੀ ਦੇ ਜਲ ਸੋਮਿਆਂ ਸੰਬੰਧੀ ਅਜਾਇਬ ਘਰ ਤੋਂ ਇਲਾਵਾ ਫ਼ਸਲ ਅਜਾਇਬ ਘਰ, ਭੂਮੀ ਵਿਗਿਆਨ ਅਜਾਇਬ ਘਰ, ਭੂਮੀ ਸੁਰੱਖਿਆ ਅਤੇ ਤਕਨਾਲੋਜੀ ਤੋਂ ਇਲਾਵਾ ਖੇਤੀ ਮਸ਼ੀਨਰੀ ਸੰਬੰਧੀ ਖੋਜ ਹਾਲ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਵਫਦ ਨੂੰ ਭੂਮੀ ਅਤੇ ਪਾਣੀ ਪਰਖ਼ ਦੇ ਨਾਲ ਨਾਲ ਪੌਦਿਆਂ ਦੀ ਖੁਰਾਕੀ ਲੋੜ ਸੰਬੰਧੀ ਵਿਸਲੇਸ਼ਣ ਸਰਗਰਮੀਆਂ ਵੀ ਦਿਖਾਈਆਂ ਗਈਆਂ। ਵਾਈਸ ਚਾਂਸਲਰ ਡਾ: ਢਿੱਲੋਂ ਨੇ ਵਫਦ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਤਾਣੇ ਬਾਣੇ ਸੰਬੰਧੀ ਸਾਹਿਤ ਤੋਹਫੇ ਵਜੋਂ ਦਿੱਤਾ। ਇਸ ਯਾਤਰਾ ਦਾ ਤਾਲਮੇਲ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕੀਤਾ।