ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਡਲਹੌਜ਼ੀ ਦੇ ਸੱਤ ਰੋਜ਼ਾ ਹਾਈਕਿੰਗ ਟਰੈਕਿੰਗ ਦੌਰੇ ਤੋਂ ਪਰਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਯਾਤਰਾ ਵੀ ਇਕ ਵਡਮੁੱਲੀ ਕਿਤਾਬ ਵਾਂਗ ਹੁੰਦੀ ਹੈ ਅਤੇ ਜੋ ਕੁਝ ਕਿਤਾਬਾਂ ਵਿਚੋਂ ਨਹੀਂ ਮਿਲਦਾ ਉਹ ਸਫ਼ਰ ਸਿਖਾਉਂਦਾ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਹਿ ਵਿਦਿਅਕ ਸਰਗਰਮੀਆਂ ਨੂੰ ਹੋਰ ਵਧਾਇਆ ਜਾਵੇਗਾ ਤਾਂ ਜੋ ਵਿਗਿਆਨ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਅੰਦਰ ਸਾਹਿਤਕ ਸਭਿਆਚਾਰਕ ਅਤੇ ਖੇਡ ਭਾਵਨਾ ਪ੍ਰਚੰਡ ਕੀਤੀ ਜਾਵੇਗੀ।
ਸਭਿਆਚਾਰਕ ਸਰਗਰਮੀਆਂ ਦੇ ਕੋਆਰਡੀਨੇਟਰ ਡਾ: ਨਿਰਮਲ ਜੌੜਾ ਨੇ ਕਿਹਾ ਕਿ 24 ਤੋਂ 30 ਜੂਨ ਤੀਕ ਡਾ: ਕਿਰਨ ਗਰੋਵਰ ਅਤੇ ਵਿਦਿਆਰਥੀ ਭਲਾਈ ਅਫਸਰ ਸਤਬੀਰ ਸਿੰਘ ਦੀ ਅਗਵਾਈ ਹੇਠ 21 ਵਿਦਿਆਰਥੀ ਇਸ ਕੈਂਪ ਲਈ ਗਏ ਸਨ ਜਿਨ੍ਹਾਂ ਨੇ ਰੋਜ਼ਾਨਾ 10 ਤੋਂ 12 ਕਿਲੋਮੀਟਰ ਪੈਂਡਾ ਤੈਅ ਕਰਕੇ ਡਲਹੌਜ਼ੀ ਨੇੜਲੇ ਸਥਾਨ ਖਜ਼ਿਆਰ, ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਸ: ਅਜੀਤ ਸਿੰਘ ਦੀ ਸਮਾਧ, ਡੈਣਕੁੰਡ, ਕਾਲਾਟੌਪ, ਰਾਕ ਗਾਰਡਨ ਅਤੇ ਰਾਮ ਸ਼ਰਣਮ ਆਸ਼ਰਮ ਦਾ ਵੀ ਦੌਰਾ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਸੰਘਣੇ ਜੰਗਲਾਂ ਵਿਚਦੀ ਲੰਘਦਿਆਂ ਕੁਦਰਤ ਦਾ ਅਨੰਦ ਮਾਣਿਆ।