ਨਵੀਂ ਦਿੱਲੀ :- ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਬੀਤੇ ਦਿਨ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਇੱਕ ਉਚੇਚੀ ਬੈਠਕ ਸਿਖਿਆ ਖੇਤ੍ਰ ਦੇ ਮਾਹਿਰਾਂ ਨਾਲ ਹੋਈ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਅਤੀਤ, ਵਰਤਮਾਨ ਅਤੇ ਭਵਿਖ ਬਾਰੇ ਖੁਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਲੰਮੇਂ ਵਿਚਾਰ-ਵਟਾਂਦਰੇ ਤੋਂ ਉਪਰੰਤ ਸਰਬ-ਸੰਮਤੀ ਨਾਲ ਸ. ਪਰਮਜੀਤ ਸਿੰਘ ਸਰਨਾ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਇੱਕ ਪੰਜ-ਮੈਂਬਰੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕਰਨ, ਜਿਸ ਵਿੱਚ ਦੋ ਕਾਨੂੰਨੀ ਮਾਹਿਰ, ਸੇਵਾ-ਮੁਕਤ ਜੱਜ ਤੇ ਐਡਵੋਕੇਟ, ਦੋ ਸਿਖਿਆ ਖੇਤ੍ਰ ਦੇ ਮਾਹਿਰ ਪ੍ਰੋਫੈਸਰ ਅਤੇ ਇਕ ਪ੍ਰਬੰਧਕੀ ਮਾਮਲਿਆਂ ਦੇ ਮਾਹਿਰ ਸ਼ਾਮਲ ਕੀਤੇ ਜਾਣ।
ਇਹ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਅਤੀਤ ਤੇ ਵਰਤਮਾਨ ਸਮੇਂ ਵਿੱਚ ਅਪਨਾਈ ਰਖੀ ਗਈ ਕਾਰਜ ਸ਼ੈਲੀ, ਜਿਸ ਅਧੀਨ ਇਨ੍ਹਾਂ ਸੰਸਥਾਵਾਂ ਵਿੱਚ ਕੀਤੀਆਂ ਗਈਆਂ ਭਰਤੀਆਂ ਲਈ ਅਪਨਾਏ ਗਏ ਮਾਪ-ਦੰਡਾਂ, ਦਿੱਤੀ ਜਾਂਦੀ ਸਿਖਿਆ ਅਤੇ ਨਤੀਜਿਆਂ ਵਿਚਲੇ ਅੰਤਰ ਅਤੇ ਆਏ ਬਦਲਾਉ ਦੀ ਘੋਖ ਕਰ ਆਪਣੀ ਰਿਪੋਰਟ ਤਿਆਰ ਕਰੇ। ਇਸਦੇ ਨਾਲ ਹੀ ਇਹ ਕਮੇਟੀ ਇਨ੍ਹਾਂ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਕੀਤੇ ਜਾ ਸਕਣ ਵਾਲੇ ਸੁਧਾਰਾਂ ਅਤੇ ਸਿਖਿਆ ਪੱਧਰ ਨੂੰ ਹੋਰ ਉਚਿਆਣ ਲਈ ਕੀਤੇ ਜਾ ਸਕਣ ਵਾਲੇ ਉਪਾਵਾਂ ਸੰਬੰਧੀ ਆਪਣੀ ਸਿਫਾਰਿਸ਼ ਸਹਿਤ, ਰਿਪੋਰਟ, ਨਿਸ਼ਚਤ ਸਮੇਂ ਵਿੱਚ ਪ੍ਰਧਾਨ ਸਾਹਿਬ ਨੂੰ ਸੌਂਪੇ।
ਸ. ਜਸਬੀਰ ਸਿੰਘ ਕਾਕਾ ਨੇ ਦਸਿਆ ਕਿ ਇਸ ਘੋਖ ਨਾਲ ਇੱਕ ਤਾਂ ਇਹ ਗਲ ਸਪਸ਼ਟ ਹੋ ਜਾਇਗੀ ਕਿ ਬਾਦਲਕੇ ਜਿਸ ਅਯੋਗ ਤੇ ਵਾਧੂ ਸਟਾਫ ਦੀ ਭਰਤੀ ਕਰਨ ਦੇ ਦੋਸ਼ ਲਾ, ਮਾੜੇ ਨਤੀਜੇ ਆਉਣ ਲਈ ਵਰਤਮਾਨ ਪ੍ਰਬੰਧਕਾਂ ਨੂੰ ਜ਼ਿਮੇਂਦਾਰ ਠਹਿਰਾ ਰਹੇ ਹਨ, ਉਹ ਉਨ੍ਹਾਂ ਦੇ ਆਪਣੇ ਕਾਰਜ-ਕਾਲ ਦੌਰਾਨ ਭਰਤੀ ਕੀਤਾ ਗਿਆ ਸੀ ਜਾਂ ਕਿਸੇ ਹੋਰ ਸਮੇਂ, ਦੂਜਾ ਇਸਦਾ ਵੀ ਪਤਾ ਚਲ ਜਾਇਗਾ ਕਿ ਬਾਦਲਕਿਆਂ ਦੇ ਸੱਤਾ-ਕਾਲ ਦੌਰਾਨ ਇਨ੍ਹਾਂ ਵਿਦਿਅਕ ਸੰਸਥਾਵਾਂ ਦੇ ਜੋ ਨਤੀਜੇ ਆਉਂਦੇ ਰਹੇ, ਉਨ੍ਹਾਂ ਦੇ ਮੁਕਾਬਲੇ ਵਰਤਮਾਨ ਪ੍ਰਬੰਧਕਾਂ ਦੇ ਕਾਰਜ-ਕਾਲ ਦੌਰਾਨ ਆ ਰਹੇ ਨਤੀਜਿਆਂ ਵਿੱਚ ਕਿਤਨਾ ਸੁਧਾਰ ਹੋਇਆ ਹੈ। ਉਨ੍ਹਾਂ ਦਸਿਆ ਕਿ ਇਸਦੇ ਨਾਲ ਹੀ ਭਵਿਖ ਵਿੱਚ ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧ ਤੇ ਸਿਖਿਆ ਪਧੱਰ ਵਿੱਚ ਹੋਰ ਸੁਧਾਰ ਲਿਆਉਣ ਲਈ ਵੀ ਕਦਮ ਚੁਕੇ ਜਾ ਸਕਣਗੇ ਤਾਂ ਜੋ ਇਹ ਵਿਦਿਅਕ ਸੰਸਥਾਵਾਂ ਦੇਸ਼ ਦੀਆਂ ਉਚ ਪੱਧਰੀ ਸੰਸਥਾਵਾਂ ਦੀ ਪਹਿਲੀ ਕਤਾਰ ਵਿੱਚ ਆ ਖੜੀਆਂ ਹੋ ਸਕਣ। ਸ. ਜਸਬੀਰ ਸਿੰਘ ਕਾਕਾ ਨੇ ਦਾਅਵਾ ਕੀਤਾ ਕਿ ਸ. ਪਰਮਜੀਤ ਸਿੰਘ ਸਰਨਾ ਅਤੇ ਹਾਂ ਦੀ ਟੀਮ ਦੇ ਮੈਂਬਰ, ਜਿਥੇ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠਲੇ ਸਿਖਿਆ ਖੇਤ੍ਰ ਦਾ ਵਿਸਤਾਰ ਕਰਨ ਪ੍ਰਤੀ ਵਚਨਬੱਧ ਹਨ, ਉਥੇ ਹੀ ਉਹ ਕਮੇਟੀ ਦੀਆਂ ਸੰਸਥਾਵਾਂ ਵਿਚਲੇ ਵਿਦਿਅਕ ਪਧੱਰ ਨੂੰ ਉੱਚਿਆਉਣ ਪ੍ਰਤੀ ਵੀ ਜਤਨਸ਼ੀਲ ਹਨ।