ਲੁਧਿਆਣਾ-: ਪੰਜਾਬੀ ਲੋਕ ਸੰਗੀਤ ਦਾ ਥੰਮ ਅਤੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ ਹੋਣ ਕਾਰਣ ਸਥਾਨਕ ਦੀਪ ਨਰਸਿੰਗ ਹੋਮ ਮਾਡਲ ਟਾਊਨ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਕੁਝ ਸਮਾਂ ਪਹਿਲਾ ਉਨ੍ਹਾਂ ਦਾ ਇਕਲੌਤਾ ਜਵਾਨ ਪੁੱਤਰ ਯੁੱਧਵੀਰ ਮਾਣਕ ਅਚਨਚੇਤ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ, ਅਜੇ ਉਹ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਇਆ ਕਿ ਪਰਿਵਾਰ ਉਤੇ ਦੂਜੀ ਸ਼ਾਮਤ ਆਣ ਪਈ ਹੈ। ਕੁਲਦੀਪ ਮਾਣਕ ਦੀ ਜੀਵਨ ਸਾਥਣ ਸਰਬਜੀਤ ਕੌਰ ਅਨੁਸਾਰ ਸ੍ਰੀ ਮਾਣਕ ਲਗਭਗ ਇੱਕ ਮਹੀਨਾ ਪਹਿਲਾ ਹਿਚਕੀ ਨਾ ਹਟਣ ਦੇ ਰੋਗ ਤੋਂ ਪੀੜਤ ਸਨ, ਅਤੇ ਅਚਾਨਕ ਉਨ੍ਹਾਂ ਨੂੰ ਖੂਨੀ ਟੱਟੀਆਂ ਲੱਗਣ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਇਸੇ ਹਾਲਤ ’ਚ ਉਨ੍ਹਾਂ ਨੂੰ 7 ਦਿਨ ਪਹਿਲਾ ਇਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਬਲਦੀਪ ਸਿੰਘ ਅਤੇ ਡਾ. ਦਿਨੇਸ਼ ਨੇ ਦੱਸਿਆ ਕਿ ਹਫਤਾ ਪਹਿਲਾ ਮਾਣਕ ਦੀ ਹਾਲਤ ਖਤਰੇ ਅਧੀਨ ਸੀ, ਪਰ ਹੁਣ ਉਹ ਦਵਾਈ ਨੂੰ ਸਹਾਰ ਰਹੇ ਹਨ, ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਲਗਭਗ ਹਫਤੇ ਬਾਅਦ ਉਹ ਕੁਝ ਤੰਦਰੁਸਤ ਹੋ ਕੇ ਆਪਣੇ ਘਰ ਜਾ ਸਕਣ।
ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਕੌਰ ਨੇ ਮਾਣਕ ਦੇ ਦੇਸ਼ ਵਿਦੇਸ਼ ਵੱਸਦੇ ਸੁਭ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਮਾਣਕ ਲਈ ਵੀ ਉਸੇ ਤਰ੍ਹਾਂ ਅਰਦਾਸ ਕਰਨ ਜਿਵੇਂ ਉਨ੍ਹਾਂ ਦੇ ਇਕਲੌਤੇ ਪੁੱਤਰ ਅਤੇ ਪੰਜਾਬੀ ਗਾਇਕ ਯੁੱਧਵੀਰ ਮਾਣਕ ਦੀ ਅਰਦਾਸਾਂ ਕਰ ਕਰ ਕੇ ਜਾਨ ਬਚਾਈ ਹੈ। ਸ੍ਰੀ ਮਾਣਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਜ ਲਈ ਦੇਸ਼ ਵਿਦੇਸ਼ ਵਿਚ ਬੈਠੇ ਸੁਭ ਚਿੰਤਕ ਬਹੁਤ ਫਿਕਰਮੰਦ ਹਨ, ਪਰ ਉਨ੍ਹਾਂ ਨੇ ਕਿਸੇ ਵਿਅਕਤੀ ਤੋਂ ਸ੍ਰੀ ਮਾਣਕ ਦੇ ਇਲਾਜ ਲਈ ਕਿਸੇ ਵਿਅਕਤੀ ਨੂੰ ਉਗਰਾਹੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ। ਜੇਕਰ ਕੋਈ ਵਿਅਕਤੀ ਜਾਂ ਸੰਸਥਾ ਉਨ੍ਹਾਂ ਦੇ ਪਤੀ ਦੇ ਸਤਿਕਾਰ ਵਿਚ ਕੋਈ ਆਰਥਿਕ ਸਹਾਇਤਾ ਭੇਜਣਾ ਚਾਹੁੰਦਾ ਹੈ ਤਾਂ ਉਹ ਆਈ ਸੀ ਆਈ ਬੈਂਕ ਦੇ ਖਾਤਾ ਨੰ. 064201503100 ਵਿਚ ਜਮ੍ਹਾ ਕਰਵਾ ਸਕਦਾ ਹੈ। ਇਹ ਖਾਤਾ ਸਾਡੇ ਦੋਹਾਂ ਜੀਆਂ ਦੇ ਨਾਮ ਤੇ ਹੀ ਸ਼ੁਭ ਚਿੰਤਕਾਂ ਵਲੋਂ ਖੋਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਾਡੇ ਪਰਿਵਾਰ ਨੂੰ ਇਸ ਵੇਲੇ ਕਿਸੇ ਕਿਸਮ ਦੇ ਤਰਸ ਦੀ ਲੋੜ ਨਹੀਂ ਸਗੋਂ ਪਿਆਰ ਅਤੇ ਸਹਿਯੋਗ ਦੀ ਲੋੜ ਹੈ, ਤਾਂ ਜੋ ਅਸੀਂ ਇਸ ਸੰਕਟ ’ਚ ਨਿਕਲ ਸਕੀਏ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਸਿੰਘ ਭੱਠਲ, ਡਾ. ਨਿਰਮਲ ਜੌੜਾ ਨੇ ਅੱਜ ਹਸਪਤਾਲ ਪਹੁੰਚ ਕੇ ਸ੍ਰੀ ਕੁਲਦੀਪ ਮਾਣਕ ਦਾ ਹਾਲ ਚਾਲ ਪੁੱਛਿਆ, ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਲਾ, ਸਾਹਿਤ ਅਤੇ ਰੰਗ ਮੰਚ ਦੇ ਪ੍ਰਮੁੱਖ ਸਿਤਾਰਿਆਂ ਦੀ ਸਿਹਤ ਸੰਭਾਲ ਲਈ ਕੋਈ ਅਜਿਹਾ ਵਿਸ਼ੇਸ਼ ਫੰਡ ਜਾਂ ਬੀਮਾ ਯੋਜਨਾ ਤਿਆਰ ਕਰਨ ਜਿਸ ਨਾਲ ਕਿਸੇ ਵੀ ਲੇਖਕ, ਕਲਾਕਾਰ ਜਾਂ ਰੰਗ ਕਰਮੀ ਨੂੰ ਇਲਾਜ ਲਈ ਵਾਰ ਵਾਰ ਆਰਥਿਕ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਹਰੀਸ਼ ਰਾਏ ਢਾਂਡਾ ਨਾਲ ਵੀ ਪ੍ਰੋ: ਗਿੱਲ ਨੇ ਇਸ ਸਬੰਧ ਵਿਚ ਗੱਲਬਾਤ ਕੀਤੀ ਤਾਂ ਜੋ ਉਹ ਸਾਡੀ ਭਾਵਨਾ ਪੰਜਾਬ ਸਰਕਾਰ ਤੀਕ ਪਹੁੰਚਾ ਸਕਣ।