ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀਮੰਡਲ ਵਿੱਚ ਅਦਲਾ ਬਦਲੀ ਕਰਦੇ ਹੋਏ 7 ਮੰਤਰੀਆਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਹੈ ਅਤੇ 8 ਨਵੇਂ ਮੰਤਰੀ ਆਪਣੀ ਟੀਮ ਵਿੱਚ ਸ਼ਾਮਿਲ ਕੀਤੇ ਹਨ। ਤਿੰਨ ਮੰਤਰੀਆਂ ਦਾ ਦਰਜਾ ਵਧਾ ਦਿੱਤਾ ਹੈ। ਵਿੱਤ ਮੰਤਰਾਲਾ, ਗ੍ਰਹਿ ਵਿਭਾਗ,ਰੱਖਿਆ ਅਤੇ ਵਿਦੇਸ਼ ਵਿਭਾਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਫੇਰਬਦਲ ਤੋਂ ਨਰਾਜ਼ ਦੋ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ।
ਰੇਲ ਵਿਭਾਗ ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਨੂੰ ਸੌਂਪਿਆ ਗਿਆ ਹੈ। ਮੋਇਲੀ ਨੂੰ ਕਨੂੰਨ ਮੰਤਰਾਲੇ ਤੋਂ ਹਟਾ ਕੇ ਕਾਰਪੋਰੇਟ ਵਿੱਚ ਭੇਜ ਦਿੱਤਾ ਗਿਆ ਹੈ। ਕਨੂੰਨ ਮੰਤਰੀ ਦੀ ਕੁਰਸੀ ਸਲਮਾਨ ਖੁਰਸ਼ੀਦ ਦੇ ਹਵਾਲੇ ਕਰ ਦਿੱਤੀ ਗਈ ਹੈ। ਬੇਨੀ ਪ੍ਰਸਾਦ ਵਰਮਾ ਨੂੰ ਕੇਂਦਰੀ ਇਸਪਾਤ ਮੰਤਰੀ ਬਣਾਇਆ ਗਿਆ ਹੈ। ਪਵਨ ਸਿੰਹ ਘਾਟੋਵਾਰ, ਜੈਯੰਤੀ ਨਟਰਾਜਨ,ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ , ਜਤਿੰਦਰ ਸਿੰਘ, ਮਿਲਿੰਦ ਦੇਵੜਾ ਅਤੇ ਰਾਜੀਵ ਸ਼ੁਕਲਾ ਆਦਿ ਨਵੇਂ ਚਿਹਰੇ ਮੰਤਰੀਮੰਡਲ ਦੀ ਟੀਮ ਵਿੱਚ ਸ਼ਾਮਿਲ ਕੀਤੇ ਗਏ ਹਨ। ਮੰਤਰੀਮੰਡਲ ਤੋਂ ਹਟਾਏ ਗਏ ਮੰਤਰੀਆਂ ਵਿੱਚ ਮਨੋਹਰ ਸਿੰਘ ਗਿੱਲ, ਬੀ.ਕੇ.ਹਾਂਡਿਕ, ਕਾਂਤੀਲਾਲ ਭੂਰੀਆ,ਮੁਰਲੀ ਦੇਵੜਾ ਅਤੇ ਦਇਆਨਿਧੀ ਮਾਰਨ ਸ਼ਾਮਿਲ ਹਨ। ਡਾ: ਮਨਮੋਹਨ ਸਿੰਘ ਦੀ ਟੀਮ ਵਿੱਚ ਹੁਣ 68 ਮੰਤਰੀ ਹੋ ਗਏ ਹਨ।
ਰਾਸ਼ਟਰਪਤੀ ਭਵਨ ਵਿੱਚ ਸਹੁੰਚੁੱਕ ਸਮਾਗਮ ਦੌਰਾਨ ਨਵੇਂ ਬਣੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਦੋ ਮੰਤਰੀ ਗੁਰਦਾਸ ਕਾਮਤ ਅਤੇ ਸ੍ਰੀਕਾਂਤ ਜੈਨਾ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ। ਉਹ ਆਪਣੇ ਵਿਭਾਗਾਂ ਤੋਂ ਸੰਤੁਸ਼ਟ ਨਹੀਂ ਹਨ। ਕਾਮਤ ਨੇ ਤਾਂ ਕੈਬਨਿਟ ਤੋਂ ਅਸਤੀਫ਼ਾ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਪ੍ਰਧਾਨਮੰਤਰੀ ਨੇ ਕਿਹਾਕਿ ਜਦੋਂ ਵੀ ਕੋਈ ਫੇਰਬਦਲ ਹੁੰਦਾ ਹੈ ਤਾਂ ਕੁਝ ਅੜਚਨਾਂ ਆਂਉਂਦੀਆਂ ਹੀ ਹਨ।
ਲੋਕਸਭਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਗੱਲ ਕਰਦੇ ਹੋਏ ਡਾ: ਮਨਮੋਹਨ ਸਿੰਘ ਨੇ ਕਿਹਾ,”ਜਿਥੋਂ ਤੱਕ ਮੇਰਾ ਖਿਆਲ ਹੈ ਤਾਂ 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਦਾ ਇਹ ਆਖਿਰੀ ਫੇਰਬਦਲ ਹੈ।” ਪ੍ਰਧਾਨਮੰਤਰੀ ਨੇ ਕਿਹਾ ਕਿ ਗਠਬੰਧਨ ਧਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰੀਮੰਡਲ ਵਿੱਚ ਸਹਿਯੋਗੀ ਪਾਰਟੀ ਦਰੁਮਕ ਦੇ ਲਈ ਦੋ ਸੀਟਾਂ ਖਾਲੀ ਰੱਖੀਆਂ ਗਈਆਂ ਹਨ।