ਨਵੀਂ ਦਿੱਲੀ – ਈਰਾਨ ਅਤੇ ਦੁਬਈ ਵਿਚ ਕਾਰੋਬਾਰ ਕਰ ਰਹੇ ਪ੍ਰਵਾਸੀ ਸਿੱਖ ਸ. ਹਰਦੀਪ ਸਿੰਘ ਅਨੰਦ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਸ੍ਰੀ ਪੀ ਚਿੰਦਬਰਮ, ਕੇਂਦਰੀ ਪ੍ਰਵਾਸੀ ਵਿਭਾਗ ਦੇ ਮੰਤਰੀ, ਦਿੱਲੀ ਨਗਰ ਨਿਗ਼ਮ ਦੇ ਕਮਿਸ਼ਨਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨਗਰ ਨਿਗ਼ਮ ਦੀ ਵਕੀਲ ਹੋਣ ਦਾ ਦਾਅਵਾ ਕਰ ਰਹੀ ਐਡਵੋਕੇਟ ਸੁਪਰਨਾ ਸ੍ਰੀਵਾਸਤਵ ਦੇ ਅੱਤਿਆਚਾਰ ਤੋਂ ਬਚਾਇਆ ਜਾਏ। ਸ. ਅਨੰਦ ਨੇ ਆਪਣੇ ਪੱਤਰ ਵਿਚ ਦੱਸਿਆ ਹੈ ਕਿ ਉਹ 1971 ਤੋਂ ਬਣੇ ਫਲੈਟ ਬੀ-272, ਗ੍ਰੇਟਰ ਕੈਲਾਸ਼-ਇਕ ਦੀ ਦੂਸਰੀ ਮੰਜ਼ਿਲ ਤੇ ਬੀਤੇ ਚਾਰ ਵਰ੍ਹਿਆਂ ਤੋਂ ਰਹਿ ਰਹੇ ਹਨ। ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੀ ਸੁਪਰਨਾ ਸ੍ਰੀਵਾਸਤਵ ਨਾ ਕੇਵਲ ਤੰਗ ਤੇ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਪ੍ਰਤੀ ਮੰਦ-ਭਾਸ਼ਾ ਵਰਤਦੀ ਤੇ ਧਮਕੀਆਂ ਦਿੰਦੀ ਹੈ, ਸਗੋਂ ਸਮੁੱਚੇ ਸਿੱਖਾਂ ਪ੍ਰਤੀ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਆਖਦੀ ਹੈ ਕਿ ਜੇ ਉਸ ਦਾ ਵੱਸ ਚੱਲੇ ਤਾਂ ਉਹ ਸਾਰੇ ਸਿੱਖਾਂ ਨੂੰ ਬਾਹਰ ਧੱਕ ਦੇਵੇ। ਸ. ਅਨੰਦ ਨੇ ਦੱਸਿਆ ਕਿ ਉਹ ਨਗਰ ਨਿਗ਼ਮ ਵਿਚਲੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਨਿਗ਼ਮ ਵਲੋਂ ਉਨ੍ਹਾਂ ਦੇ ਫਲੈਟ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਢਾਹ ਦੇਣ ਦੇ ਨੋਟਿਸ ਵੀ ਦੁਆ ਰਹੀ ਹੈ, ਜਿਸ ਕਾਰਣ ਉਹ ਤੇ ਉਨ੍ਹਾਂ ਦਾ ਪਰਿਵਾਰ ਪ੍ਰੇਸ਼ਾਨ ਹੈ।
ਸ. ਅਨੰਦ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਬਹੁਤ ਸਮਾਂ ਕਾਰੋਬਾਰ ਦੇ ਸਿਲਸਿਲੇ ਵਿਚ ਈਰਾਨ ਤੇ ਦੁਬਈ ਹੀ ਰਹਿੰਦੇ ਹਨ ਤੇ ਹਰ ਸਾਲ ਕੁਝ ਸਮੇਂ ਲਈ ਹੀ ਇਥੇ ਆ ਕੇ ਰਹਿਣ ਲਈ ਉਨ੍ਹਾਂ ਨੇ ਇਹ ਫਲੈਟ ਖ੍ਰੀਦਿਆ ਹੈ।