ਮੁੰਬਈ- ਦਹਿਸ਼ਤਗਰਦਾਂ ਨੇ ਸਦਾ ਜਾਗਦੇ ਰਹਿਣ ਵਾਲੇ ਸ਼ਹਿਰ ਮੁੰਬਈ ਵਿੱਚ ਸਿਲਸਿਲੇਵਾਰ ਬੰਬ ਧਮਾਕੇ ਕਰਕੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਸ਼ਹਿਰ ਦੇ ਦਾਦਰ, ਓਪੇਰਾ ਹਾਊਸ ਅਤੇ ਝਾਵੇਰੀ ਬਾਜ਼ਾਰ ਦੇ ਇਲਾਕੇ ਵਿੱਚ ਸ਼ਾਮ ਦੇ ਪੌਣੇ ਸਤ ਵਜੇ ਦੇ ਕਰੀਬ ਥੋੜੇ-ਥੋੜੇ ਮਿੰਟਾਂ ਦੇ ਫਰਕ ਨਾਲ ਤਿੰਨ ਬੰਬ ਧਮਾਕੇ ਹੋਏ। ਇਨ੍ਹਾਂ ਬੰਬ ਧਮਾਕਿਆਂ ਵਿੱਚ 18 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜਖਮੀ ਹੋਏ ਹਨ। ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਮੁੰਬਈ ਪਹੁੰਚ ਰਹੀ ਹੈ। ਚਿੰਦਬਰਮ ਨੇ ਕਿਹਾ ਕਿ ਘਟਨਾ ਤੋਂ ਬਾਅਦ ਜਲਦੀ ਹੀ ਐਨਐਸਜੀ ਦੀ ਟੀਮ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਅਪੀਲ ਕੀਤੀ।
ਮੁੰਬਈ ਵਿੱਚ ਇਹ ਧਮਾਕੇ ਸ਼ਹਿਰ ਦੇ ਭੀੜਭਾੜ ਵਾਲੇ ਖੇਤਰ ਵਿੱਚ ਹੋਏ ਹਨ।ਦਾਦਰ ਇਲਾਕੇ ਵਿੱਚ ਇੱਕ ਧਮਾਕਾ ਬੱਸ ਸਟਾਪ ਦੇ ਕੋਲ ਹੋਇਆ।ਇਸ ਧਮਾਕੇ ਵਿੱਚ 30 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਝਾਵੇਰੀ ਬਾਜ਼ਾਰ ਵਿੱਚ ਖਾਊ ਗਲੀ ਵਿੱਚ ਮੁੰਬਾ ਦੇਵੀ ਮੰਦਿਰ ਦੇ ਸਾਹਮਣੇ ਧਮਾਕਾ ਹੋਇਆ। ਇੱਥੇ 50 ਦੇ ਕਰੀਬ ਲੋਕ ਜਖਮੀ ਹੋਏ। ਓਪੇਰਾ ਹਾਊਸ ਦੇ ਪ੍ਰਸਾਦ ਚੈਂਬਰ ਵਿੱਚ ਵੀ ਧਮਾਕਾ ਹਇਆ ਹੈ। ਝਾਵੇਰੀ ਬਾਜ਼ਾਰ ਵਿੱਚ ਬੰਬ ਛੱਤਰੀ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਧਮਾਕੇ ਕਾਫ਼ੀ ਸ਼ਕਤੀਸ਼ਾਲੀ ਸਨ ਅਤੇ ਧਮਾਕਿਆਂ ਵਿੱਚ ਉਚ ਦਰਜੇ ਦਾ ਵਿਸਫੋਟ ਇਸਤੇਮਾਲ ਕੀਤਾ ਗਿਆ ਹੈ। ਪੂਰੇ ਸ਼ਹਿਰ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ।