ਲੰਡਨ- ਸਮੁੰਦਰੀ ਲੁਟੇਰਿਆਂ ਨੇ ਪੂਰੀ ਦੁਨੀਆਂ ਨੂੰ ਵੱਖਤ ਪਾਇਆ ਹੋਇਆ ਹੈ। ਸਾਲ ਦੇ ਪਹਿਲੇ ਛੇਅ ਮਹੀਨਿਆਂ ਵਿੱਚ ਹੀ 266 ਹਮਲੇ ਹੋਏ ਹਨ। ਜਿਆਦਾਤਰ ਹਮਲੇ ਅਰਬਸਾਗਰ ਵਿੱਚ ਹੀ ਹੋਏ ਹਨ ਅਤੇ ਸੋਮਾਲੀ ਸਮੁੰਦਰੀ ਲੁਟੇਰਿਆਂ ਵਲੋਂ ਕੀਤੇ ਗਏ ਹਨ। ਭਾਰਤ ਲਈ ਵੀ ਇਹ ਖ਼ਤਰਾ ਬਣੇ ਹੋਏ ਹਨ।
ਇੰਟਰਨੈਸ਼ਨਲ ਮੈਰੀਟਾਈਮ ਬਿਊਰੋ ਦੇ ਪਾਇਰੈਸੀ ਰਿਪੋਰਟਿੰਗ ਸੈਂਟਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਪਿੱਛਲੇ ਸਾਲ ਪਹਿਲੇ ਛੇਅ ਮਹੀਨਿਆਂ ਵਿੱਚ 196 ਹਮਲੇ ਕੀਤੇ ਗਏ ਸਨ, ਜਦ ਕਿ ਇਸ ਸਾਲ ਓਨੇ ਸਮੇਂ ਵਿੱਚ 266 ਹਮਲੇ ਹੋਏ ਹਨ। ਪਾਇਰੈਸੀ ਐਂਡ ਆਰਮਸ ਰਾਬਰੀ ਅਗੇਂਸਟ ਸਿ਼ਪਸ ਨਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 60 ਫੀਸਦੀ ਤੋਂ ਅਧਿਕ ਹਮਲੇ ਸੋਮਾਲੀ ਲੁਟੇਰਿਆਂ ਵਲੋਂ ਕੀਤੇ ਗਏ ਹਨ ਅਤੇ ਹਮਲਿਆਂ ਦਾ ਕੇਂਦਰ ਅਰਬ ਸਾਗਰ ਰਿਹਾ ਹੈ। ਭਾਰਤੀ ਨੇਵੀ ਨੇ ਕੁਝ ਹਮਲਿਆਂ ਨੂੰ ਅਸਫਲ ਕੀਤਾ ਅਤੇ 100 ਤੋਂ ਵੱਧ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ। ਜੂਨ ਦੇ ਅੰਤ ਤੱਕ ਸੋਮਾਲੀ ਸਮੁੰਦਰੀ ਲੁਟੇਰਿਆਂ ਕੋਲ 20 ਜਹਾਜ਼ ਅਤੇ ਚਾਲਕ ਦੱਲ ਦੇ 420 ਮੈਂਬਰ ਬੰਧਕ ਸਨ।