ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੁੰਬਈ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ। ਅਜਿਹੇ ਹਮਲੇ ਰੋਕਣ ਲਈ ਹਰਸੰਭਵ ਕੋਸਿਸ਼ ਕੀਤੀ ਜਾਵੇਗੀ। ਪ੍ਰਧਾਨਮੰਤਰੀ ਦੇ ਨਾਲ ਸੋਨੀਆ ਗਾਂਧੀ ਵੀ ਮੁੰਬਈ ਪਹੁੰਚੀ।
ਡਾ: ਮਨਮੋਹਨ ਸਿੰਘ ਨੇ ਰਾਜ ਦੇ ਮੁੱਖਮੰਤਰੀ ਪ੍ਰਿਥਵੀਰਾਜ ਚੌਹਾਨ ਅਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਥਿਤੀ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ, “ਅਤਵਾਦ ਦੀ ਇਸ ਕਾਰਵਾਈ ਦੀ ਨਿੰਦਿਆ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਇਸ ਹਮਲੇ ਨਾਲ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਲੋਕ ਜਖ਼ਮੀ ਹੋਏ। ਮੈਂ ਮੁੰਬਈ ਦੇ ਲੋਕਾਂ ਨਾਲ ਇੱਕਜੁਟਤਾ ਵਿਖਾਉਣ ਲਈ ਇੱਥੇ ਆਇਆ ਹਾਂ।” ਉਨ੍ਹਾਂ ਨੇ ਕਿਹਾ ਕਿ ਉਹ ਮੁੰਬਈ ਦੇ ਲੋਕਾਂ ਦੀ ਪੀੜ ਅਤੇ ਸਦਮੇ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਿਲ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗ੍ਰਹਿਮੰਤਰੀ ਚਿੰਦਬਰਮ ਅਤੇ ਮਹਾਂਰਾਸ਼ਟਰ ਦੇ ਮੁੱਖਮੰਤਰੀ ਚੌਹਾਨ ਨੂੰ ਕਿਹਾ ਕਿ ਦੋਸ਼ੀਆਂ ਨੂੰ ਪਕੜਨ ਦੀ ਕੋਸਿ਼ਸ਼ ਜਾਰੀ ਰੱਖੀ ਜਾਵੇ। ਉਨ੍ਹਾਂ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ।