ਦਿੱਲੀ,(ਗੁਰਿੰਦਰ ਸਿੰਘ ਪੀਰਜੈਨ)-ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਦੀ ਰਿਹਾਈ ਲਈ ਉੱਤਰੀ ਭਾਰਤ ਤੋਂ ਹਜ਼ਾਰਾਂ ਸਿਖਾਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਨਾਗਰਿਕ ਨਾਫਰਮਾਨੀ ਲਹਿਰ ਦਾ ਅਰੰਭ ਕੀਤਾ। ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਭਾਰਤ ਦੇ ਰਾਸ਼ਟਰਪਤੀ ਦੇ ਪਤੇ ’ਤੇ ਪੱਤਰ ਲਿਖਣ ਦੀ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਰੈਲੀ ਵਿਚ ਸ਼ਮੂਲੀਅਤ ਕਰਨ ਵਾਲਿਆਂ ਨੇ ਸਮੁੱਚੇ ਸਿਖ ਜਗਤ ਦੇ ਹਰ ਇਕ ਮੈਂਬਰ ਨੂੰ ਅਪੀਲ ਕੀਤੀ ਕਿ ਭੁਲਰ ਨੂੰ ਬਚਾਉਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਘਟੋ ਘਟ ਇਕ ਪੱਤਰ ਜ਼ਰੂਰ ਲਿਖਣ।
ਨਾਗਰਿਕ ਨਾਫਰਮਾਨੀ ਲਹਿਰ ਦਾ ਇਹ ਸੱਦਾ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਵਲੋਂ ਦਿੱਤਾ ਗਿਆ ਹੈ। ਪ੍ਰੋਫੈਸਰ ਭੁਲਰ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਕਿਉਂਕਿ ਭੁਲਰ ਨੂੰ ਫਾਂਸੀ ਭਾਰਤੀ ਸਵਿਧਾਨ ਦੀ ਧਾਰਾ 21 ਦੀ ਉਲੰਘਣਾ ਹੋਵੇਗੀ ਜੋ ਕਿ ਸਹੀ ਕਾਨੂੰਨੀ ਪ੍ਰਕ੍ਰਿਆ ਤੋਂ ਬਗੈਰ ਕਿਸੇ ਦੀ ਆਜ਼ਾਦੀ ਤੇ ਜਾਨ ਲੈਣ ਤੋਂ ਵਰਜਦੀ ਹੈ।
ਇਨਸਾਫ ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪ੍ਰੋਫੈਸਰ ਭੁਲਰ ਦਾ ਕੇਸ ਵਿਲਖਣ ਕਿਸਮ ਦਾ ਹੈ ਕਿਉਂਕਿ ਹਿਰਾਸਤ ਦੌਰਾਨ ਇਕਬਾਲੀਆ ਬਿਆਨ ’ਤੇ ਦਸਤਖਤ ਕਰਨ ਲਈ ਉਸ ’ਤੇ ਤਸ਼ਦਦ ਕੀਤਾ ਗਿਆ ਸੀ ਤੇ ਉਸ ਨੂੰ ਨਿਰਪਖ ਸੁਣਵਾਈ ਤੇ ਇਨਸਾਫ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਟੁਟਵੇਂ ਫੈਸਲੇ ਦੇ ਬਾਵਜੂਦ ਉਸ ਦੀ ਸਜ਼ਾ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਮੁਆਫ ਨਹੀਂ ਕੀਤਾ ਗਿਆ ਜੋ ਕਿ ਭਾਰਤੀ ਸਵਿਧਾਨ ਦੀ ਧਾਰਾ 72 ਤਹਿਤ ਲਾਜ਼ਮੀ ਹੁੰਦਾ ਹੈ।
ਪੱਤਰ ਲਿਖਣ ਦੀ ਮੁਹਿੰਮ ਨੂੰ ਸ਼ੁਰੂ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਲੋਕਾਂ ਨੂੰ ਅਰਜ਼ ਕੀਤੀ ਹੈ ਕਿ ਭੁਲਰ ਦੀ ਰਿਹਾਈ ਦੀ ਮੰਗ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਦੇ ਪਤੇ ’ਤੇ ਬਿਨਾਂ ਮੋਹਰਾਂ ਵਾਲੀਆਂ ਚਿਠੀਆਂ ਭੇਜ ਭੇਜ ਕੇ ਭਾਰਤ ਦੀ ਡਾਕ ਸੇਵਾ ਨੂੰ ਜਾਮ ਕਰ ਦਿਓ। ਪੀਰ ਮੁਹੰਮਦ ਨੇ ਕਿਹਾ ਕਿ ਪੱਤਰ ਲਿਖਣ ਦੀ ਇਸ ਮੁਹਿੰਮ ਨਾਲ ਭਾਰਤ ਸਰਕਾਰ ’ਤੇ ਬੋਝ ਪਵੇਗਾ ਤੇ ਉਹ ਭੁਲਰ ਦੀ ਰਿਹਾਈ ਦਾ ਹੁਕਮ ਜਾਰੀ ਕਰਨ ਲਈ ਭਾਰਤ ਦੇ ਰਾਸ਼ਟਰਪਤੀ ’ਤੇ ਦਬਾਅ ਪਾਏਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਨੈਸਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਕਿਹਾ ਕਿ ਭਾਰਤ ਵਿਚ ਨਿਆਂ ਦੇ ਦੋਹਰੇ ਮਿਆਰ ਹਨ। ਇਕ ਪਾਸੇ ਭੁਲਰ ਨੂੰ ਬਿਨਾਂ ਕਿਸੇ ਗਵਾਹ ਦੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਸੈਕੜੇ ਗਵਾਹਾਂ ਵਲੋਂ ਗਵਾਹੀਆਂ ਦਿੱਤੇ ਜਾਣ ਦੇ ਬਾਵਜੂਦ ਨਵੰਬਰ 1984 ਵਿਚ ਹਜ਼ਾਰਾਂ ਸਿਖਾਂ ਨੂੰ ਕਤਲ ਕਰਨ ਵਾਲੇ ਕਮਲ ਨਾਥ, ਜਗਦੀਸ਼ ਟਾਈਟਲਰ , ਅਮਿਤਾਭ ਬਚਨ, ਸਜਣ ਕੁਮਾਰ ਤੇ ਹੋਰਾਂ ਨੂੰ ਦੋਸ਼ੀ ਤੱਕ ਨਹੀਂ ਠਹਿਰਾਇਆ ਗਿਆ।
ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਉਹ 25 ਜੁਲਾਈ ਨੂੰ ਸੁੰਯਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਇਕ ਮੰਗ ਪੱਤਰ ਦੇਵੇਗੀ ਜਿਸ ਵਿਚ ਮੌਤ ਦੀ ਸਜ਼ਾ ਨੂੰ ਖਤਮ ਕਰਨ ਤੇ ਇਸ ’ਤੇ ਰੋਕ ਲਾਉਣ ਬਾਰੇ 2008 ਦੇ ਸੰਯੁਕਤ ਰਾਸ਼ਟਰ ਦੇ ਮਤੇ 62-149 ਅਨੁਸਾਰ ਫੌਰੀ ਦਖਲ ਦੀ ਮੰਗ ਕੀਤੀ ਜਾਵੇਗੀ। ਪ੍ਰੋਫੈਸਰ ਭੁਲਰ ਨੂੰ ਬਚਾਉਣ ਲਈ ਲਹਿਰ ਤੇ ਰੈਲੀ ਨੂੰ ਮੌਤ ਦੀ ਸਜ਼ਾ ਵਿਰੁੱਧ ਵਿਸ਼ਵ ਕੁਲੀਸ਼ਨ, ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਤੇ ਐਮਨੈਸਟੀ ਇੰਟਰਨੈਸ਼ਨਲ ਦਾ ਸਮਰਥਨ ਪ੍ਰਾਪਤ ਹੈ।