ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਵਲੋਂ ਘਰ ਬੈਠਿਆਂ ਹੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਜੋ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਚਲਾਇਆ ਜਾ ਰਿਹਾ ਹੈ ਉਸ ਵਿਚ ਦੇਸ਼, ਵਿਦੇਸ਼ ਤੋਂ ਵਿਦਿਆਰਥੀਆਂ ਵਲੋਂ ਵਡੀ ਗਿਣਤੀ ਵਿਚ ਦਾਖਲਾ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਅੱਜ ਬੀਬਾ ਬਲਵਿੰਦਰ ਕੌਰ, ਐਕਸਟੈਸ਼ਨ ਅਫਸਰ ਗੁਰੂ ਸਰ ਸੁਧਾਰ ਲੁਧਿਆਣਾ ਅਤੇ ਬੀਬਾ ਸਰਵਨਜੀਤ ਕੌਰ ਬੀ.ਡੀ.ਪੀ.ਓ ਨੇ 80 ਵਿਦਿਆਰਥੀਆਂ ਦੇ ਸਾਲ 2011 ਦੇ ਨਵੇਂ ਦਾਖਲੇ ਲਈ ਪੱਤਰ ਵਿਹਾਰ ਕੋਰਸ ਦੇ ਦਫ਼ਤਰ ਵਿਖੇ ਫਾਰਮ ਜਮਾਂ ਕਰਵਾਏ ਅਤੇ ਦਸਿਆ ਕਿ ਇਸ ਕੋਰਸ ਵਿਚ ਦਾਖਲਾ ਲੈਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆਂ ਜਾ ਰਿਹਾ ਹੈ ਜਿਸ ਕਰਕੇ ਉਹ ਆਪਣੇ ਖੇਤਰ ਦੇ ਪਿੰਡਾਂ ਵਿਚੋਂ ਵਡੀ ਗਿਣਤੀ ਵਿਚ ਹੋਰ ਵਿਦਿਆਰਥੀਆਂ ਦੇ ਫਾਰਮ ਵੀ ਲੈ ਕੇ ਆਉਣਗੇ। ਡਾ. ਜਸਬੀਰ ਸਿੰਘ ਸਾਬਰ, ਡਾਇਰੈਕਟਰ, ਪੱਤਰ-ਵਿਹਾਰ ਕੋਰਸ ਨੇ ਕੋਰਸ ਦੀ ਪਾਠ-ਸਮੱਗਰੀ ਤੇ ਪ੍ਰਾਸਪੈਕਟਸ ਸੰਬੰਧਤਾਂ ਨੂੰ ਦਸਤੀ ਦਿਤੀ। ਇਸ ਕੋਰਸ ਦੀ ਰੂਪ-ਰੇਖਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਾਬਰ ਨੇ ਦਸਿਆ ਕਿ ਇਹ ਕੋਰਸ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਦੁਆਰਾ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ ਵਿਚ ਚਲਾਇਆ ਜਾ ਰਿਹਾ ਹੈ। ਇਸ ਕੋਰਸ ਵਿਚ ਹੁਣ ਤਕ ਭਾਰਤ ਦੇ ਹਰੇਕ ਸੂਬੇ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਸ਼ੈਸ਼ਨ ਸਾਲ 2011-12 ਲਈ ਲਗਭਗ ਪੰਜ ਹਜ਼ਾਰ ਦੀ ਗਿਣਤੀ ਵਿਚ ਵਿਦਿਆਰਥੀ ਦਾਖਲਾ ਲੈ ਚੁਕੇ ਹਨ ਜਿਨਾਂ ਦੀ ਉਮਰ 16 ਤੋਂ ਲੈ ਕੇ 95 ਸਾਲ ਤੱਕ ਹੈ। ਡਾ. ਸਾਬਰ ਨੇ ਹੋਰ ਦਸਿਆ ਕਿ ਇਸ ਕੋਰਸ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਤੇ ਨੌਕਰੀ ਕਰਨ ਵਾਲੇ ਅਤੇ ਰਿਟਾਇਰਡ ਅਧਿਕਾਰੀ/ਕਰਮਚਾਰੀ ਅਤੇ ਵਪਾਰੀ ਵਰਗ, ਸਿੱਖ ਅਤੇ ਗੈਰ ਸਿੱਖ ਆਦਿ ਸਾਰੇ ਦਾਖਲਾ ਲੈ ਸਕਦੇ ਹਨ। ਇਸ ਕੋਰਸ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਕਰਕੇ ਵੱਖ-ਵੱਖ ਉਮਰ ਦੇ ਜਗਿਆਸੂਆਂ ਵੱਲੋਂ ਅਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਇਸਦੀ ਆਖਰੀ ਤਾਰੀਖ ਹੁਣ 31 ਜੁਲਾਈ ਤਕ ਵਧਾਈ ਹੋਈ ਹੈ। ਇਸ ਮੌਕੇ ਸ. ਦਲਜੀਤ ਸਿੰਘ, ਸ. ਹਰਜੀਤ ਸਿੰਘ, ਸ. ਰਣਜੀਤ ਸਿੰਘ ਭੋਮਾ ਆਦਿ ਵੀ ਹਾਜਰ ਸਨ।
ਪੱਤਰ-ਵਿਹਾਰ ਕੋਰਸ ਦੇ ਨਵੇਂ ਦਾਖਲੇ ਲਈ ਭਾਰੀ ਉਤਸ਼ਾਹ ਦਾਖਲੇ ਦੀ ਆਖਰੀ ਮਿਤੀ 31 ਜੁਲਾਈ :ਡਾ. ਸਾਬਰ
This entry was posted in ਪੰਜਾਬ.