ਉਜਾੜਾਂ ਦੇ ਖ਼ੂਹ ਦੀ ਇੱਕ ਟਿੰਡ ਸਾਂ ਮੈਂ,
ਜੋ ਗਿੜਦਾ ਰਿਹਾ ਮਾਲ੍ਹ ਦੇ,
ਨਾ ਮੁੱਕਣ ਵਾਲ਼ੇ ਗੇੜ ਵਿਚ!
ਢੋਂਦਾ ਰਿਹਾ ਗੰਧਲ਼ੇ ਪਾਣੀਆਂ ਨੂੰ ਖ਼ੂਹ ਦੇ ਕੰਢੇ,
ਤੇ ਕਰਦਾ ਰਿਹਾ, ਰਾਤ ਦਿਨ ਮੁਸ਼ੱਕਤ!
…ਤੇ ਜਦ ‘ਨਿੱਤਰ’ ਕੇ,
ਉਹ ਆਪਣੇ ਰਸਤੇ ਪੈ ਜਾਂਦੇ,
ਤਾਂ ਮੇਰੇ ਵੱਲ ਪਿੱਠ ਭੁਆ ਕੇ ਵੀ ਨਾ ਦੇਖਦੇ!
ਅੰਦਰੋਂ ਸਰਦ ਹਾਉਕਾ ਉਠਦਾ,
ਟੀਸ ਜਾਗਦੀ, ਵਿਛੜਿਆਂ ਦਾ ਦਰਦ ਆਉਂਦਾ!
ਕਾਲ਼ਜਾ ਮੱਚਦਾ!! ਹਿਰਦਾ ਦੋਫ਼ਾੜ ਹੁੰਦਾ!!!
ਪਰ ਚੁੱਪ ਰਹਿੰਦਾ ਤੇ ਜੀਅ ‘ਤੇ ਜਰਦਾ!
…..
ਅਮੁੱਕ ਗੇੜ ਨਿਰੰਤਰ ਜਾਰੀ ਰਿਹਾ,
ਗੰਧਲ਼ੇ ਪਾਣੀ ਕਰਦੇ ਰਹੇ ਮੇਰੀ ਹੋਂਦ ਨੂੰ ਪੁਲੀਤ,
ਤੇ ਲੱਗਦੀ ਗਈ ਜੰਗਾਲ,
ਮੇਰੇ ਅਰਮਾਨਾਂ ਤੇ ਮੇਰੀਆਂ ਰੀਝਾਂ ਨੂੰ!
ਖ਼ੇਰੂੰ-ਖ਼ੇਰੂੰ ਹੁੰਦਾ ਰਿਹਾ ਮੇਰਾ ਉਤਸ਼ਾਹ,
ਤੇ ਚਕਨਾਚੂਰ ਹੁੰਦੀਆਂ ਰਹੀਆਂ ਆਸਾਂ!
ਜਦ ਕਦੇ ਵਿਹਲ ਮਿਲ਼ਦੀ,
ਤਾਂ ਖ਼ੂਹ ਨਾਲ਼ ਬਚਨ-ਬਿਲਾਸ ਹੁੰਦੇ!
ਉਸ ਦਾ ਗ਼ਿਲਾ ਵੀ, ਮੇਰੇ ਵਾਲ਼ਾ ਹੀ ਹੁੰਦਾ!
ਉਦਾਸੀ ਵੀ ‘ਹਾਣੀ’ ਹੀ ਜਾਪਦੀ!!
ਕਿਸੇ ਸਿੱਪੀ, ਜਾਂ ਨਿਰਮਲ ਜਲ ਦੀ,
ਭਾਲ਼ ‘ਚ ਤਾਂ ‘ਉਹ’ ਵੀ ਸੀ!
ਉਸ ਦੇ ਸ਼ਿਕਵੇ ਵੀ,
ਮੇਰੇ ਸ਼ਿਕਵਿਆਂ ਨਾਲ਼ ਮਿਲ਼ਦੇ!
ਉਹ ਖੜ੍ਹਾ, ਤੇ ਮੈਂ ਅੱਠੇ ਪਹਿਰ ਗਿੜਦਾ,
ਬੱਸ ਫ਼ਰਕ ਇਹੀ ਸੀ!
ਵਿਰਲਾਪ ਦੋਹਾਂ ਦਾ ਹੀ ਹਮਸ਼ਕਲ ਸੀ!
…..
ਇੱਕ ਦਿਨ ਖ਼ੂਹ ਨੇ ਅਵਾਜ਼ ਮਾਰ ਕੇ,
‘ਤੇਰੇ’ ਬਾਰੇ ਵਿਆਖਿਆ ਕੀਤੀ,
ਮੇਰੇ ਅਰਮਾਨਾਂ ਨੇ ਅੰਗੜਾਈ ਲਈ,
…ਤੇ ਤੂੰ ਮੈਨੂੰ ਸਿੱਪੀ ਦੇ ਰੂਪ ‘ਚ ਮਿਲ਼ੀ!
ਆਪਣੇ ਆਪ ਨੂੰ ਭਾਗਸ਼ਾਲੀ ਮੰਨਿਆਂ!
ਸਿੱਪੀ ਤਰਾਸ਼ ਕੇ,
ਗਲ਼ ਪਾ ਲੈਣਾਂ ਚਾਹੁੰਦਾ ਸੀ ਤੈਨੂੰ!
ਅਰਮਾਨਾਂ ਦੀ ਛੈਣੀ ਨਾਲ਼,
ਹੱਥ ਲਹੂ-ਲੁਹਾਣ ਕਰ ਲਏ ਆਪਣੇ!
ਪਰ ਤੂੰ ਤਾਂ ਗੰਧਲ਼ੇ ਪਾਣੀਆਂ ‘ਚ ਵਿਚਰੀ ਕਰਕੇ,
ਆਪਣੀ ਪ੍ਰੰਪਰਾ ਹੀ ਨਾ ਬਦਲ ਸਕੀ?
ਮੇਰੀ ਤਰਾਸ਼ਣਾਂ ਵਿਚ, ਬਖੇੜਾ ਆ ਗਿਆ!
…..
ਕਦੇ-ਕਦੇ ਸੋਚਦਾ ਹਾਂ,
ਕਿ ਤੈਨੂੰ ਸਿੱਪੀ ਹੀ ਰਹਿਣ ਦੇਵਾਂ?
…ਤੇ ਤਿਆਗ ਦੇਵਾਂ ਆਪਣੀ ਰੀਝ??
ਕਿ ਪਰਖ਼ੀ ਚੱਲਾਂ ਆਪਣਾ ਸਿਦਕ-ਸਿਰੜ???
ਕਦੇ-ਕਦੇ ਹਿੰਮਤ ਹਾਰ ਜਾਂਦਾ ਹੈ,
ਮੇਰੇ ਸੁਪਨਿਆਂ ਦਾ ਕਾਫ਼ਲਾ,
ਤੇਰੀਆਂ ਵਧੀਕੀਆਂ ਦੇਖ ਕੇ!
…..
ਤੂੰ ਮਾਰਦੀ ਰਹੀ ਛਮਕਾਂ, ਮੇਰੀ ਰੂਹ ‘ਤੇ,
ਤੇ ਕਰਦੀ ਰਹੀ ਪੀੜੋ-ਪੀੜ ਮੇਰੀ ਆਤਮਾਂ ਨੂੰ!
…ਤੇ ਉਹ ਤੁਪਕਾ-ਤੁਪਕਾ ਡੁੱਲ੍ਹਦੀ ਰਹੀ,
ਕਿਸੇ ਭਲੀ ਆਸ ਵਿਚ!
ਕਿਉਂਕਿ, ਤੇਰੀ ਪੱਲਾ ਮਾਰ ਕੇ,
ਦੀਵਾ ਬੁਝਾਉਣ ਦੀ ਆਦਤ,
ਮੇਰੀ ਜੀਵਨ-ਸ਼ੈਲੀ ‘ਚ ਵੀ ਹਨ੍ਹੇਰ
ਅਤੇ ਮਾਤਮ ਪਾ ਜਾਂਦੀ ਹੈ!
ਮੈਂ ਉਹੀ ਪਾਰਖ਼ੂ ਹਾਂ,
ਜੋ ਪਰਖ਼ ਵਾਲ਼ੀ ਅੱਖ ਨਾਲ਼ ਪਰਖ਼ਦਾ ਹੈ,
ਸ਼ਰਧਾਲੂ ਜਾਂ ਵਪਾਰੀ ਬਣ ਕੇ ਨਹੀਂ ਜਾਂਚਦਾ!
…..
ਕਦੇ ਵਾਅਦਾ ਕਰ ਕੇ,
ਉਦਾਸ ਕਰਨਾ ਛੱਡ ਦੇਵੇਂ,
…ਤਾਂ ਬਚਨ ਦਿੰਦਾ ਹਾਂ,
ਖ਼ੂਹ ਸਿਰ ‘ਤੇ ਚੁੱਕ, ਅੰਬਰੀਂ ਉੱਡ ਜਾਵਾਂ,
ਤੇ ਕਰਵਾ ਦੇਵਾਂ ਦਰਸ਼ਣ ਬਹਿਸ਼ਤਾਂ ਦੇ!
ਪਰ ਤੂੰ ਆਪਣੀ ਪ੍ਰਥਾ ਤੋਂ ਮਜਬੂਰ,
ਤੇ ਮੈਂ…?
…ਤੇ ਮੈਂ ਮੁੜ ਆਪਣੇ ਉਸੇ ਆਵਾਗਵਣ ਵਿਚ,
ਲੀਨ ਹੋ ਜਾਵਾਂਗਾ, ਜੋ ਮੇਰੇ ਹੱਥਾਂ ਦੀਆਂ ਲਕੀਰਾਂ ‘ਤੇ,
ਉੱਕਰਿਆ ਹੈ!
ਇੱਕ ਵਾਰ ਜੁਦਾ ਹੋਏ ਮਿਲ਼ਦੇ ਨਹੀਂ,
ਕਿਉਂਕਿ ਉਹਨਾਂ ਦੇ ਮਾਰਗ ਬਦਲ ਜਾਂਦੇ ਨੇ!
ਜਲ ਦਾ ਮਾਰਗ ਹੋ ਸਕਦਾ ਹੈ,
ਪਰ ਖ਼ੂਹ ਤੇ ਟਿੰਡ ਦਾ ਕੋਈ ਪੰਧ ਨਹੀਂ ਹੁੰਦਾ,
ਉਹ ਤਾਂ ‘ਕੱਲ-ਮੁਕੱਲੇ ਖੜ੍ਹੇ ਰਹਿ ਜਾਂਦੇ ਨੇ,
ਕਿਸੇ ਦੀ ਪਿਆਸ ਬੁਝਾਉਣ,
ਜਾਂ ਹੱਥ ‘ਸੁੱਚੇ’ ਕਰਵਾਉਣ ਦੇ ‘ਕਾਰਜ’ ਲਈ!
*****
ਖ਼ੂਹ ਦੀ ਟਿੰਡ ਦਾ ਹਾਉਕਾ
This entry was posted in ਕਵਿਤਾਵਾਂ.