ਅੰਮ੍ਰਿਤਸਰ:- ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਨੇ ਨੀਲਾ ਤਾਰਾ ਮਿਲਟਰੀ ਐਕਸ਼ਨ ਕਰਕੇ ਹਜ਼ਾਰਾਂ ਹੀ ਸ਼ਰਧਾਲੂਆਂ, ਬੀਬੀਆਂ, ਬੱਚੇ, ਬਜ਼ੁਰਗ, ਨੌਜਵਾਨਾਂ ਨੂੰ ਬੇਦੋਸ਼ੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਕਾਰ ਵਲੋਂ ਕੀਤੇ ਇਸ ਮਿਲਟਰੀ ਐਕਸ਼ਨ ਦਾ ਮੁਕਾਬਲਾ ਕਰਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਮੁੱਖੀ ਦਮਦਮੀ ਟਕਸਾਲ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਜਨਰਲ ਸੁਬੇਗ ਸਿੰਘ ਤੇ ਬਾਬਾ ਠਾਰ੍ਹਾ ਸਿੰਘ ਸਮੇਤ ਸ਼ਹੀਦ ਹੋਏ ਅਨੇਕਾਂ ਸਿੰਘ-ਸਿੰਘਣੀਆਂ ਦੀ ਯਾਦਗਾਰ ਸਥਾਪਤ ਕਰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਤ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਇਕੱਤਰਤਾ ਹਾਲ ਗੁਰੂ ਨਾਨਕ ਨਿਵਾਸ ਵਿਚ ਹੋਈ ਜਿਸ ਵਿਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਡਾ. ਪ੍ਰਿੰਥੀਪਾਲ ਸਿੰਘ ਕਪੂਰ ਸਾਬਕਾ ਉਪ-ਕੁਲਪਤੀ, ਸ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਨੇ ਵੀ ਭਾਗ ਲਿਆ। ਸਬ-ਕਮੇਟੀ ਦੇ ਸਮੂੰਹ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਸਾਕਾ ਨੀਲਾ ਤਾਰਾ ਦੇ ਸਮੂੰਹ ਸ਼ਹੀਦਾਂ ਦੀ ਯਾਦਗਾਰ ਮਨਾਉਣ ਲਈ ਲੰਬੀ-ਚੌੜੀ ਵਿਚਾਰ ਕੀਤੀ ਗਈ।
ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਹ ਯਾਦਗਾਰ ਬਣਾਏ ਜਾਣ ਸਬੰਧੀ ਦੇਸ਼-ਵਿਦੇਸ਼ਾਂ ’ਚ ਬੈਠੀਆਂ ਸਮੂੰਹ ਪੰਥ ਹਿਤੈਸ਼ੀ ਜਥੇਬੰਦੀਆਂ ਪਾਸੋਂ ਡਾਕ, ਈਮੇਲ ਜਾਂ ਫੈਕਸ ਰਾਹੀਂ ਲਿਖਤੀ ਸੁਝਾਓ ਲੈਣ ਲਈ ਵੱਖ-ਵੱਖ ਅਖ਼ਬਾਰਾਂ ’ਚ ਇਸਤਿਹਾਰ ਛਪਵਾਏ ਜਾਣ।