ਇਸਲਾਮਾਬਾਦ- ਹਿਨਾ ਰਬਾਨੀ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਦੇ ਪਦ ਦੀ ਸੌਂਹ ਚੁੱਕ ਲਈ ਹੈ। ਰਬਾਨੀ ਹੁਣ ਪਾਕਿਸਤਾਨ ਦੀ ਸੱਭ ਤੋਂ ਜਵਾਨ ਅਤੇ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣ ਗਈ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਲੰਡਨ ਜਾਣ ਤੋਂ ਪਹਿਲਾਂ ਹਿਨਾ ਨਾਲ ਉਸ ਦੇ ਨਵੇਂ ਵਿਭਾਗ ਸਬੰਧੀ ਗੱਲਬਾਤ ਕੀਤੀ।ਹਿਨਾ ਰਬਾਨੀ ਜਲਦੀ ਹੀ ਵਿਦੇਸ਼ ਮੰਤਰੀ ਦੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਵੇਗੀ।
ਹਿਨਾ ਪਹਿਲਾਂ ਦੇਸ਼ ਦੀ ਵਿਦੇਸ਼ ਰਾਜ ਮੰਤਰੀ ਦਾ ਕੰਮਕਾਰ ਸੰਭਾਲ ਰਹੀ ਸੀ। ਅਗਲੇ ਹਫ਼ਤੇ ਦਿੱਲੀ ਵਿੱਚ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਿਦੇਸ਼ਮੰਤਰੀ ਦੇ ਪੱਧਰ ਦੀ ਬੈਠਕ ਹੋ ਰਹੀ ਹੈ। ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਹਿਨਾ ਰਬਾਨੀ ਅਗਲੇ ਹਫ਼ਤੇ ਦਿੱਲੀ ਆਵੇਗੀ।
ਪਾਕਿਸਤਾਨ ਦੇ ਇਤਿਹਾਸ ਵਿੱਚ 34 ਸਾਲ ਦੀ ਹਿਨਾ ਸੱਭ ਤੋਂ ਛੋਟੀ ਉਮਰ ਦੀ ਵਿਦੇਸ਼ ਮੰਤਰੀ ਹੈ। ਹਿਨਾ ਦਾ ਜਨਮ 19 ਜਨਵਰੀ 1977 ਨੂੰ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਚ ਹੋਇਆ ਸੀ। ਉਹ ਰਾਜਨੇਤਾ ਮਲਿਕ ਗੁਲਾਮ ਨੂਰ ਰਬਾਨੀ ਖਾਰ ਦੀ ਬੇਟੀ ਅਤੇ ਸਾਬਕਾ ਗਵਰਨਰ ਮਲਿਕ ਗੁਲਾਮ ਮੁਸਤਫਾ ਖਾਰ ਦੀ ਭਤੀਜੀ ਹੈ। 2009 ਵਿੱਚ ਨੈਸ਼ਨਲ ਅਸੈਂਬਲੀ ਵਿੱਚ ਬਜਟ ਭਾਸ਼ਣ ਪੇਸ਼ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ। ਉਹ ਇੱਕ ਬਿਜਨਸਵੁਮੈਨ ਵੀ ਹੈ। ਹਿਨਾ ਦੀ ਸ਼ਾਦੀ ਬਿਜਨਸਮੈਨ ਫਿਰੋਜ ਗੁਲਜਾਰ ਦੇ ਨਾਲ ਹੋਈ ਹੈ। ਉਨ੍ਹਾਂ ਨੇ ਲਹੌਰ ਯੂਨੀਵਰਿਸਟੀ ਤੋਂ ਬੀਐਸਸੀ ਆਨਰਜ ਕਰਨ ਤੋਂ ਬਾਅਦ ਮੈਨੇਜਮੈਂਟ ਵਿੱਚ ਐਮਐਸਸੀ ਕੀਤੀ ਹੈ। ਖਾਰ ਪਹਿਲਾਂ ਪੀਐਮਐਲ-ਕਿਊ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਬਾਅਦ ਵਿੱਚ ਉਹ ਪਾਕਿਸਤਾਨ ਪੀਪਲਜ਼ ਪਾਰਟੀ ਵਿੱਚ ਸ਼ਾਮਿਲ ਹੋ ਗਈ ਸੀ।