ਵਾਸਿੰਗਟਨ- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬੀਊਰੋ ਆਫ ਇਨਵੈਸਟੀਗੇਸ਼ਨ (ਐਫ਼ਬੀਆਈ) ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਮਦਦ ਕਰਨ ਦੇ ਅਰੋਪ ਵਿੱਚ ਕਸ਼ਮੀਰ ਦੇ ਵੱਖਵਾਦੀ ਨੇਤਾ ਗੁਲਾਬ ਨਬੀ ਫਾਈ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ ਦੇ ਅਟਾਰਨੀ ਜਨਰਲ ਨੀਲ ਮੈਕ ਬਰਾਈਡ ਨੇ ਕਿਹਾ ਹੈ ਕਿ ਗੁਲਾਬ ਨਬੀ ਨੇ ਕਸ਼ਮੀਰ ਮੁੱਦੇ ਤੇ ਅਮਰੀਕੀ ਸੰਸਦ ਮੈਂਬਰਾਂ ਦੀ ਸੋਚ ਬਦਲਣ ਲਈ ਗੁਪਤ ਰੂਪ ਵਿੱਚ ਹਜ਼ਾਰਾਂ ਡਾਲਰ ਖਰਚ ਕੀਤੇ ਹਨ। ਵਾਸਿੰਗਟਨ ਵਿੱਚ ਕਸ਼ਮੀਰ ਮੁੱਦੇ ਨੂੰ ਉਭਾਰਨ ਲਈ ਉਚ ਪੱਧਰੀ ਸਮਾਗਮਾਂ,ਪ੍ਰਤੀਨਿਧਾਂ ਅਤੇ ਹੋਰ ਕਾਰਜਾਂ ਦੇ ਭੁਗਤਾਨ ਲਈ ਕਸ਼ਮੀਰ ਸੈਂਟਰ ਰਾਹੀਂ ਲੱਖਾਂ ਰੁਪੈ ਦਿੱਤੇ ਗਏ ਸਨ। ਫਾਈ ਨੇ 1990 ਵਿੱਚ ਕਸ਼ਮੀਰੀ ਅਮਰੀਕਨ ਕਾਂਊਸਿਲ ਨਾਂ ਦਾ ਗੈਰ ਸਰਕਾਰੀ ਸੰਗਠਨ ਸਥਾਪਿਤ ਕੀਤਾ ਸੀ, ਜਿਸ ਨੂੰ ਕਸ਼ਮੀਰ ਸੈਂਟਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਜਹੀਰ ਅਹਿਮਦ ਤੇ ਵੀ ਐਫਬੀਆਈ ਵਲੋਂ ਅਰੋਪ ਲਗਾਏ ਗਏ ਹਨ। ਫਾਈ ਤੇ ਜਹੀਰ ਜੇ ਦੋਸ਼ੀ ਸਿੱਧ ਹੋ ਜਾਂਦੇ ਹਨ ਤਾਂ ਦੋਵਾਂ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ।