ਨਵੀਂ ਦਿੱਲੀ – ਪੰਜਾਬ ਦੀ ਅਕਾਲੀ ਲੀਡਰਸ਼ਿਪ ਵਲੋਂ ਅਣਗੋਲੇ ਕੀਤੇ ਜਾਂਦੇ ਚਲੇ ਆ ਰਹੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਆਪਣੀ ਸੁੰਤਤਰ ਹੋਂਦ ਸਥਾਪਤ ਕਰ ਆਪੋ-ਆਪਣੇ ਰਾਜਾਂ ਦੀ ਰਾਜਨੀਤੀ ਵਿਚ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਇਰਾਦੇ ਨਾਲ ਇਕ ਜੁੱਟ ਹੋਣ ਦਾ ਫੈਸਲਾ ਕਰ ਲਿਆ ਹੈ। ਇਹ ਗੱਲ ਉਸ ਸਮੇਂ ਉੱਭਰ ਕੇ ਸਾਮ੍ਹਣੇ ਆਈ, ਜਦੋਂ ਬੀਤੇ ਐਤਵਾਰ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਸਿੱਖ ਪ੍ਰਤੀਨਿਧੀਆਂ ਦੀ ਬੈਠਕ ਵਿਚ ਵੱਖ-ਵੱਖ ਪ੍ਰਤੀਨਿਧੀਆਂ ਵਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ।
ਹਾਲਾਂਕਿ ਇਸ ਬੈਠਕ ਵਿਚ, ਪੰਜਾਬ ਤੋਂ ਬਾਹਰ ਦੇ ਰਾਜਾਂ ਵਿਚ ਵਸਦੇ ਸਿੱਖਾਂ ਸਾਮ੍ਹਣੇ ਸਮੇਂ-ਸਮੇਂ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਦੇ ਹੱਲ ਤਲਾਸ਼ਣ ਦੇ ਯਤਨ ਕੀਤੇ ਗਏ, ਪ੍ਰੰਤੂ ਫਿਰ ਵੀ ਇਸ ਬੈਠਕ ਵਿਚ ਨੇੜੇ ਭਵਿੱਖ ਵਿਚ ਉੱਤਰ ਪ੍ਰਦੇਸ਼ ਵਿਧਾਨ-ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦਾ ਮੁੱਦਾ ਹੀ ਮੁੱਖ ਰੂਪ ਵਿਚ ਛਾਇਆ ਰਿਹਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਇਸ ਬੈਠਕ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਰਾਜਾਂ ਤੋਂ ਆਏ ਸਿੱਖ ਪ੍ਰਤੀਨਿਧੀਆਂ ਨੂੰ ਜੀ ਆਇਆਂ ਆਖਦਿਆਂ ਬੈਠਕ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬ ਤੋਂ ਬਾਹਰ ਵਸਦੇ ਬਹੁਤੇ ਸਿੱਖ ਇਕ ਜੁੱਟ ਅਤੇ ਰਾਜਨੀਤਿਕ ਤੇ ਆਰਥਕ ਪੱਖੋਂ ਚੜ੍ਹਦੀਕਲਾ ਵਿਚ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਰਾਜਸੀ ਪਾਰਟੀਆਂ ਆਪੋ-ਆਪਣੇ ਪ੍ਰਤੀਨਿਧੀ ਵਜੋਂ ਸਿੱਖਾਂ ਨੂੰ ਰਾਜ ਵਿਧਾਨ-ਸਭਾਵਾਂ ਜਾਂ ਵਿਧਾਨ ਪ੍ਰੀਸ਼ਦਾਂ ਤੱਕ ਪਹੁੰਚਾਉਂਦੀਆਂ ਰਹਿੰਦੀਆਂ ਹਨ। ਜੋ ਮੁੱਖ ਰੂਪ ਵਿਚ ਉਨ੍ਹਾਂ ਪਾਰਟੀ ਦੇ ਹਿਤਾਂ ਪ੍ਰਤੀ ਸਮਰਪਿਤ ਹੋਣ ਤਕ ਸੀਮਤ, ਹੋ ਕੇ ਰਹਿ ਜਾਂਦੇ ਹਨ। ਸਿੱਖਾਂ ਨੂੰ ਆਪਣੀ ਇੱਕ-ਜੁੱਟਤਾ ਰਾਹੀਂ ਅਜਿਹੇ ਪ੍ਰਤੀਨਿਧੀਆਂ ਨੂੰ ਰਾਜ-ਵਿਧਾਨ ਸਭਾਵਾਂ ਤੇ ਵਿਧਾਨ ਪ੍ਰਸ਼ੀਦਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਜੋ ਸਬੰਧਤ ਪਾਰਟੀ ਦੇ ਹਿਤਾਂ ਪ੍ਰਤੀ ਤਾਂ ਵਫਾਦਾਰ ਸਿੱਖ ਪ੍ਰਤੀਨਿਧੀ ਵਜੋਂ ਰਾਜ ਦੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰੱਖਿਆ ਪ੍ਰਤੀ ਵਚਨਬੱਧ ਰਹਿਣ। ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਸੰਭਵ ਹੈ, ਜੇ ਰਾਜ ਦੇ ਸਿੱਖ ਇੱਕ-ਜੁੱਟ ਹੋ, ਅਜਿਹੇ ਰਾਜਸੀ ਫੈਸਲੇ ਕਰਨ ਦੇ ਸਮਰੱਥ ਹੋਣ, ਜਿਨ੍ਹਾਂ ਕਾਰਣ ਰਾਜਸੀ ਆਗੂ ਆਪ ਉਨ੍ਹਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਸਮਰਥਨ ਤੇ ਸਹਿਯੋਗ ਦੀ ਮੰਗ ਕਰਨ।
ਬੈਠਕ ਦੀ ਪ੍ਰਧਾਨਗੀ ਕਰ ਰਹੇ ਸ. ਪਰਮਜੀਤ ਸਿੰਘ ਸਰਨਾ ਨੇ ਬੁਲਾਰਿਆਂ ਲਈ ਦਿਸ਼ਾ-ਨਿਰਦੇਸ਼ ਨਿਸ਼ਚਿਤ ਕਰਦਿਆਂ ਕਿਹਾ ਕਿ, ਇਸ ਸਮੇਂ ਜਿੱਥੇ ਅਸੀਂ ਵੱਖ-ਵੱਖ ਰਾਜਾਂ ਵਿਚ ਵਸਦੇ ਸਿੱਖਾਂ ਦੇ ਸਾਮ੍ਹਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਕਰ ਰਹੇ ਹਾਂ, ਉਥੇ ਹੀ ਉੱਤਰ ਪ੍ਰਦੇਸ਼ ਵਿਧਾਨ-ਸਭਾ ਦੀਆਂ ਚੋਣਾਂ ਵਿਚ ਰਾਜ ਦੇ ਸਿੱਖਾਂ ਦੀ ਰਣਨੀਤੀ ਬਾਰੇ ਵੀ ਵਿਚਾਰ ਕਰਨਾ ਹੈ, ਇਸ ਕਰਕੇ ਵਿਚਾਰਾਂ ਨੂੰ ਇਨ੍ਹਾਂ ਵਿਸ਼ਿਆਂ ਤੱਕ ਸੀਮਤ ਤੇ ਸੰਕੋਚਵਾਂ ਰੱਖਿਆ ਜਾਏ ਤਾਂ ਜੋ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ, ਜੋ ਦੂਰ-ਦੁਰਾਡੇ ਤੋਂ ਆਈਆਂ ਹਨ, ਆਪਣੇ ਵਿਚਾਰ ਪ੍ਰਗਟ ਕਰ ਸਕਣ।
ਸਰਵ-ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਇੰਦਰਜੀਤ ਸਿੰਘ ਚੁੱਘ (ਸਹਾਰਨਪੁਰ) ਨੇ ਮੰਚ-ਸੰਚਾਲਨ ਦੇ ਨਾਲ ਹੀ ਬੁਲਾਰਿਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਵਲੋਂ ਪ੍ਰਗਟ ਕੀਤੇ ਵਿਚਾਰਾਂ ਦਾ ਸੰਖੇਪ ਰੂਪ ਪੇਸ਼ ਕਰਨ ਦੀ ਜ਼ਿੰਮੇਵਾਰੀ ਨਿਭਾਈ।
ਇਸ ਮੌਕੇ ਤੇ ਐਚ. ਐਸ. ਲਾਡ (ਕਾਨ੍ਹਪੁਰ), ਬੀ. ਐਮ. ਸਿੰਘ (ਪੀਲੀਭੀਤ), ਹਰਵਿੰਦਰ ਸਿੰਘ ਲਾਡੀ, ਦਵਿੰਦਰ ਸਿੰਘ ਸੇਠੀ (ਦੇਹਰਾਦੂਨ), ਇੰਦਰਜੀਤ ਸਿੰਘ ਛਾਬੜਾ (ਮੁਜ਼ੱਫਰਨਗਰ), ਮਨਜੀਤ ਸਿੰਘ ਕੋਛੜ (ਮੇਰਠ), ਸੇਵਕ ਸਿੰਘ ਅਜਮਾਨੀ (ਲਖੀਮਪੁਰ), ਜੀਤ ਸਿੰਘ (ਰਾਜਸਥਾਨ), ਪ੍ਰੀਤਮ ਸਿੰਘ ਸੰਧੂ (ਰੁਦਰਪੁਰ), ਰਾਜਬੀਰ ਸਿੰਘ (ਲਖਨਊ), ਸ. ਦਲਜੀਤ ਸਿੰਘ ਕਥੂਰੀਆ (ਆਗਰਾ), ਅਮਰਜੀਤ ਸਿੰਘ ਭਸੀਨ (ਦੇਹਰਾਦੂਨ), ਐਸ. ਪੀ. ਸਿੰਘ ਉਬਰਾਏ (ਗਾਜ਼ੀਆਬਾਦ), ਅਜੀਤ ਸਿੰਘ ਕਾਨ੍ਹਪੁਰ, ਖੁਸ਼ਹਾਲ ਸਿੰਘ (ਚੰਡੀਗੜ੍ਹ), ਜਗਦੀਸ਼ ਸਿੰਘ ਝੀਂਡਾ (ਹਰਿਆਣਾ) ਆਦਿ ਪ੍ਰਤੀਨਿਧੀਆਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ।
ਜਿਨ੍ਹਾਂ ਵਿਚ ਇਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿਚ ਸਿੱਖ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਹਨ, ਪਰ ਆਉਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ-ਸਭਾ ਚੋਣਾਂ ਵਿਚ ਉਹ ਇੱਕ-ਜੁੱਟ ਹੋ, ਸਾਰੇ ਹਾਲਾਤ ਸਬੰਧੀ ਗੰਭੀਰਤਾ ਨਾਲ ਘੋਖ ਕਰ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਕਿਸ ਪਾਰਟੀ ਦੇ ਸਮਰਥਨ ਵਿਚ ਨਿਤਰਨਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਫੈਸਲਾ ਰਾਜ ਦੇ ਸਮੁੱਚੇ ਸਿੱਖਾਂ ਦਾ ਸਾਂਝਾ ਹੋਵੇਗਾ ਤੇ ਰਾਜ ਦੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਤੇ ਸਨਮਾਨ-ਸਤਿਕਾਰ ਦੇ ਅਧਾਰ ਤੇ ਹੀ ਕੀਤਾ ਜਾਇਗਾ।
ਇਸ ਮੌਕੇ ਤੇ ਕਾਂਗਰਸ ਵਲੋਂ ਦਿੱਲੀ ਦੇ ਸਿੱਖਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੇ ਕਾਂਗਰਸ ਵਲੋਂ ਸਿੱਖਾਂ ਦੇ ਹਿਤਾਂ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀਆਂ ਪ੍ਰਦੇਸ਼, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਕੀਤੇ ਜਾ ਰਹੇ ਜਤਨਾਂ ਬਾਰੇ ਜਾਣਕਾਰੀ ਦਿੰਦਿਆਂ ਸਿੱਖਾਂ ਨੂੰ ਕਾਂਗਰਸ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਕਾਂਗਰਸੀ ਸਾਂਸਦ ਪ੍ਰਵੇਜ਼ ਹਾਸ਼ਮੀ ਨੇ ਵੀ ਸਿੱਖਾਂ ਨੂੰ ਯੋਗ ਪ੍ਰਤੀਨਿਧਤਾ ਤੇ ਵਿਧਾਨ-ਸਭਾ ਲਈ ਟਿਕਟਾਂ ਦੇਣ ਦੀ ਪੇਸ਼ਕਸ਼ ਕਰ ਉਨ੍ਹਾਂ ਨੂੰ ਕਾਂਗਰਸ ਦੇ ਨਾਲ ਆਉਣ ਲਈ ਕਿਹਾ।
ਇਸ ਮੌਕੇ ਤੇ ਬੈਠਕ ਵਿਚ ਉੱਤਰ ਪ੍ਰਦੇਸ਼ ਵਿਧਾਨ-ਸਭਾ ਚੋਣਾਂ ਲਈ ਸਿੱਖਾਂ ਦੀ ਰਣਨੀਤੀ ਬਣਾਉਣ ਦਾ ਅਧਿਕਾਰ ਸ. ਪਰਮਜੀਤ ਸਿੰਘ ਸਰਨਾ ਨੂੰ ਦੇਣ ਤੇ ਜ਼ੋਰ ਦਿੱਤਾ ਗਿਆ। ਪਰ ਸ. ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਕਿ ਉਹ ਅਜਿਹਾ ਕੋਈ ਅਧਿਕਾਰ ਨਹੀਂ ਲੈਣਾ ਚਾਹੁੰਦੇ, ਜਿਸ ਨਾਲ ਫੈਸਲਾ ਠੋਸਣ ਦਾ ਸੰਦੇਸ਼ ਚਲਾ ਜਾਏ। ਇਹ ਫੈਸਲਾ ਉੱਤਰ ਪ੍ਰਦੇਸ਼ ਦੇ ਸਿੱਖ ਪ੍ਰਤੀਨਿਧੀਆਂ ਨੂੰ ਰਾਜ ਦੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰੱਖਿਆ ਦੇ ਅਧਾਰ ਤੇ ਲੈਣਾ ਹੋਵੇਗਾ, ਉਹ ਕੇਵਲ ਉਨ੍ਹਾਂ ਦੇ ਫੈਸਲੇ ਨੂੰ ਐਲਾਨਣ ਦੀ ਜ਼ਿੰਮੇਵਾਰੀ ਹੀ ਨਿਭਾ ਸਕਦੇ ਹਨ। ਉਹ ਸ. ਪ੍ਰਕਾਸ਼ ਸਿੰਘ ਬਾਦਲ ਵਾਂਗ ਸਿੱਖਾਂ ਪੁਰ ਆਪਣੇ ਫੈਸਲੇ ਠੋਸਣ ਵਿਚ ਵਿਸ਼ਵਾਸ ਨਹੀਂ ਰੱਖਦੇ। ਉਨ੍ਹਾਂ ਇਹ ਵੀ ਸਲਾਹ ਦਿੱਤਾੀ ਕਿ ਉੱਤਰ ਪ੍ਰਦੇਸ਼ ਦੇ ਸਿੱਖ ਪ੍ਰਤੀਨਿਧੀਆਂ ਨੂੰ ਕਾਹਲ ਵਿਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਹੈ। ਰਾਜ ਵਿਚਲੀਆਂ ਪ੍ਰਮੁੱਖ ਪਾਰਟੀਆਂ ਦੇ ਆਪਣੇ ਪ੍ਰਤੀ ਵਿਹਾਰ ਦੀ ਗੰਭੀਰਤਾ ਨਾਲ ਘੋਖ ਕਰਕੇ ਅਤੇ ਸਾਰੇ ਪੱਖ ਵਿਚਾਰ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ।
ਉਨ੍ਹਾਂ ਸ. ਅਰਵਿੰਦਰ ਸਿੰਘ ਲਵਲੀ ਅਤੇ ਸ੍ਰੀ ਪ੍ਰਵੇਜ਼ ਹਾਸ਼ਮੀ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਵਿਚਾਰਾਂ ਦਾ ਸਨਮਾਨ ਕਰਦੇ ਹਨ ਪਰ ਉਨ੍ਹਾਂ ਦੇ ਵਿਚਾਰਾਂ ਦੇ ਨਾਲ ਹੀ ਦੂਜੀਆਂ ਪਾਰਟੀਆਂ ਦੀ ਨੀਤੀ ਬਾਰੇ ਵੀ ਰਾਜ ਦੇ ਸਿੱਖਾਂ ਨੂੰ ਵਿਚਾਰ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਵਿਚ ਬਸਪਾ, ਭਾਜਪਾ, ਕਾਂਗਰਸ ਅਤੇ ਸਮਾਜ ਵਾਦੀ ਪਾਰਟੀ (ਮੁਲਾਇਮ ਸਿੰਘ) ਹੀ ਮੁਖ ਪਾਰਟੀਆਂ ਹਨ, ਜਿਨ੍ਹਾਂ ਵਿਚੋਂ ਕਿਸੇ ਇਕ ਦੀ ਚੋਣ ਉਨ੍ਹਾਂ ਨੇ ਆਪਣੇ ਹਿਤਾਂ ਅਨੁਸਾਰ ਕਰਨੀ ਹੈ।