ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਗਿਆਨ ਚੇਤਨਾ ਵਧਾਉਣ ਅਤੇ ਕਿਸਾਨ ਭਰਾਵਾਂ ਨੂੰ ਵਿਗਿਆਨੀਆਂ ਨਾਲ ਸਿੱਧਾ ਮਿਲਾਉਣ ਦੀ ਰਵਾਇਤ ਮੁਤਾਬਕ ਸਤੰਬਰ ਮਹੀਨੇ ਹੋਣ ਵਾਲੇ ਛੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਅੱਜ ਇਥੇ ਦੱਸਿਆ ਕਿ ਪਹਿਲਾ ਕਿਸਾਨ ਮੇਲਾ 8 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਤਹਿਸੀਲ ਸਥਿਤ ਪੀ ਏ ਯੂ ਦੇ ਖੇਤਰੀ ਕੇਂਦਰ ਬੱਲੋਵਾਲ ਸੌਂਖੜੀ ਵਿਖੇ 8 ਸਤੰਬਰ ਨੂੰ ਕਰਵਾਇਆ ਜਾਵੇਗਾ ਜਦ ਕਿ ਖੇਤਰੀ ਕੇਂਦਰ ਫਰੀਦਕੋਟ ਵਿਖੇ 12 ਸਤੰਬਰ ਨੂੰ, ਬਠਿੰਡਾ ਵਿਖੇ 15 ਸਤੰਬਰ ਨੂੰ, ਪਟਿਆਲਾ ਜ਼ਿਲ੍ਹੇ ਵਿੱਚ ਨਾਭਾ ਰੋਡ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ 19 ਸਤੰਬਰ ਨੂੰ ਕਿਸਾਨ ਮੇਲੇ ਕਰਵਾਏ ਜਾਣਗੇ।
ਡਾ: ਗਿੱਲ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ 22 ਅਤੇ 23 ਸਤੰਬਰ ਨੂੰ ਹੋਵੇਗਾ ਅਤੇ ਇਸ ਸਾਲ ਦਾ ਆਖਰੀ ਕਿਸਾਨ ਮੇਲਾ 27 ਸਤੰਬਰ ਨੂੰ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਜਿਥੇ ਕਿਸਾਨਾਂ ਨੂੰ ਨਵੀਆਂ ਕਿਸਮਾਂ ਦੇ ਹੋਰ ਬੀਜ ਦਿੱਤੇ ਜਾਣਗੇ ਉਥੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 621 ਦਾ ਬੀਜ ਵੀ ਵੰਡਿਆ ਜਾਵੇਗਾ। ਡਾ: ਗਿੱਲ ਮੁਤਾਬਕ ਇਹ ਨਵੀਂ ਕਿਸਮ ਕੱਦ ਵਿੱਚ ਮਧਰੀ ਹੈ, ਇਸ ਕਿਸਮ ਦੇ ਬੂਟੇ ਫੈਲਵੇਂ ਹੁੰਦੇ ਹਨ ਅਤੇ ਚੰਗਾ ਝਾੜ ਦਿੰਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ, ਸਖਤ ਅਤੇ ਚਮਕਵੇਂ ਹੁੰਦੇ ਹਨ। 158 ਦਿਨਾਂ ਵਿੱਚ ਪੱਕਣ ਵਾਲੀ ਇਸ ਕਿਸਮ ਦਾ ਔਸਤ ਝਾੜ 21.1 ਕੁਇੰਟਲ ਪ੍ਰਤੀ ਏਕੜ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮੇਲਿਆਂ ਦੌਰਾਨ ਫ਼ਲਦਾਰ ਬੂਟਿਆਂ ਤੋਂ ਇਲਾਵਾ ਸਬਜ਼ੀਆਂ ਦੀਆਂ ਬੀਜ ਕਿੱਟਾਂ ਵੀ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਸਿਹਤ ਪੱਖੋਂ ਵੀ ਪੌਸ਼ਟਿਕ ਖੁਰਾਕ ਰਾਹੀਂ ਸਿਹਤਮੰਦ ਬਣਾਇਆ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੇਲਿਆਂ ਦੌਰਾਨ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਪੰਜਾਬ ਨੂੰ ਹਰ ਪਾਸਿਉਂ ਵਧੀਆ ਬਣਾਇਆ ਜਾ ਸਕੇ।