ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਨੇ ਸਾਬਕਾ ਸਪਾ ਨੇਤਾ ਅਮਰ ਸਿੰਘ ਤੋਂ ਵੋਟ ਦੇ ਬਦਲੇ ਨੋਟ ਮਸਲੇ ਤੇ ਪੁੱਛਗਿੱਛ ਕੀਤੀ। ਅਮਰ ਸਿੰਘ ਨਾਲ ਦਿੱਲੀ ਪੁਲਿਸ ਦੀ ਸਵਾ ਤਿੰਨ ਘੰਟੇ ਤੱਕ ਚਲੀ ਗੱਲਬਾਤ ਦੌਰਾਨ 12 ਸਵਾਲਾਂ ਦੇ ਜਵਾਬ ਮੰਗੇ ਗਏ। ਸੰਜੀਵ ਸਕਸੈਨਾ ਅਤੇ ਸੁਹੇਲ ਹਿੰਦੋਸਤਾਨੀ ਵਲੋਂ ਲਗਾਏ ਗਏ ਸਾਰੇ ਅਰੋਪਾਂ ਨੂੰ ਖਗਰਿਜ ਕਰਦੇ ਹੋਏ ਅਮਰ ਸਿੰਘ ਨੇ ਕਿਹਾ ਕਿ ਉਸ ਦਾ ਇਸ ਪੂਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕਰਾਈਮ ਬਰਾਂਚ ਵਲੋਂ ਅਮਰ ਸਿੰਘ ਤੋਂ ਸੰਜੀਵ ਸਕਸੈਨਾ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਿਆ ਗਿਆ। ਅਮਰ ਸਿੰਘ ਨੇ ਕਿਹਾ ਕਿ ਸਕਸੈਨਾ ਸ਼ਾਇਦ ਉਸ ਦੀ ਕਿਸੇ ਕੰਪਨੀ ਵਿੱਚ ਕੰਮ ਕਰਦਾ ਹੈ ਪਰ ਉਹ ਕਦੇ ਵੀ ਉਸ ਦੇ ਖਾਸ ਵਿਅਕਤੀਆਂ ਵਿੱਚ ਨਹੀਂ ਰਿਹਾ ਤੇ ਨਾਂ ਹੀ ਉਹ ਕਦੇ ਸੰਜੀਵ ਨੂੰ ਮਿਲੇ ਹਨ। ਇੱਕ ਫ਼ੋਨ ਨੰਬਰ ਬਾਰੇ ਵੀ ਅਮਰ ਸਿੰਘ ਤੋਂ ਜਾਣਕਾਰੀ ਮੰਗੀ ਗਈ ਕਿ ਉਹ ਕਿਸ ਦਾ ਹੈ। ਪੁਲਿਸ ਜਾਨਣਾ ਚਾਹੁੰਦੀ ਸੀ ਕਿ ਉਸ ਫ਼ੋਨ ਨੰਬਰ ਦਾ ਪੈਸੇ ਦੇ ਲੈਣ ਦੇਣ ਸਬੰਧੀ ਪ੍ਰਯੋਗ ਤਾਂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਅਮਰ ਸਿੰਘ ਤੋਂ ਉਸ ਦੇ ਬੈਂਕ ਖਾਤਿਆਂ ਬਾਰੇ ਵੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵਿੱਚੋਂ ਪੈਸੇ ਕਢਾਏ ਗਏ ਸਨ। ਅਮਰ ਸਿੰਘ ਨੇ ਤਿੰਨ ਸਾਲ ਪੁਰਾਣੀ ਗੱਲ ਹੈ, ਇਸ ਲਈ ਬਹੁਤ ਸਾਰੀਆਂ ਗੱਲਾਂ ਹੁਣ ਯਾਦ ਨਹੀਂ ਹਨ ਕਹਿ ਕੇ ਟਾਲ ਦਿੱਤਾ।
ਅਮਰ ਸਿੰਘ ਤੇ 2008 ਵਿੱਚ ਵਿਸ਼ਵਾਸ਼ ਮੱਤ ਦੇ ਦੌਰਾਨ ਬੀਜੇਪੀ ਦੇ ਤਿੰਨ ਸੰਸਦ ਮੈਂਬਰਾਂ ਨੂੰ ਵੋਟ ਦੇ ਬਦਲੇ ਰਿਸ਼ਵਤ ਦੇਣ ਦਾ ਅਰੋਪ ਹੈ। ਸਹੇਲ ਨੇ ਕਿਹਾ ਸੀ ਕਿ ਇਸ ਸਾਰੇ ਮਾਮਲੇ ਦਾ ਮਾਸਟਰ ਮਾਈਂਡ ਅਮਰ ਸਿੰਘ ਹੀ ਹੈ। ਅਮਰ ਸਿੰਘ ਤੋਂ ਦੁਬਾਰਾ ਵੀ ਪੁੱਛਗਿੱਛ ਕੀਤੀ ਜਾ ਸਦੀ ਹੈ।