ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਹਰਿਆਣਾ ਦੇ ਸਾਬਕਾ ਬਾਗਬਾਨੀ ਵਿਕਾਸ ਮੰਤਰੀ ਅਤੇ ਵਰਤਮਾਨ ਵਿਧਾਇਕ ਚੌਧਰੀ ਜਗਬੀਰ ਸਿੰਘ ਮਲਿਕ ਅਤੇ ਵਿਧਾਇਕ ਰਮੇਸ਼ਵਰ ਦਿਆਲ ਬਾਵਲ ਨੇ ਕਿਹਾ ਹੈ ਕਿ ਜਿੰਨਾਂ ਚਿਰ ਹੱਦਾਂ ਸਰਹੱਦਾਂ ਦੇ ਹਿਤਾਂ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਹਰਿਆਣਾ ਆਪਣੇ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਲਈ ਸਾਂਝੀ ਕਾਰਜ ਨੀਤੀ ਨਹੀਂ ਉਲੀਕਦੇ ਉਨਾਂ ਚਿਰ ਪੇਂਡੂ ਖੇਤੀ ਅਰਥਚਾਰੇ ਦਾ ਵਿਕਾਸ ਤੇਜ਼ ਰਫਤਾਰ ਨਾਲ ਅੱਗੇ ਨਹੀਂ ਤੁਰ ਸਕਦਾ। ਉਨ੍ਹਾਂ ਆਖਿਆ ਕਿ ਪੰਜਾਬ ਅਤੇ ਹਰਿਆਣਾ ਦੀ ਆਬੋ ਹਵਾ ਇਕ ਹੈ, ਖੇਤੀਬਾੜੀ ਅਤੇ ਬਾਗਬਾਨੀ ਮੁਸੀਬਤਾਂ ਲਗਪਗ ਇਕੋ ਜਿਹੀਆਂ ਹਨ। ਇਸ ਲਈ ਇਨ੍ਹਾਂ ਨੂੰ ਨਜਿੱਠਣ ਵਾਸਤੇ ਸਾਂਝੀ ਸੋਚ ਦਾ ਵਿਕਾਸ ਜ਼ਰੂਰੀ ਹੈ। ਚੌਧਰੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਬਾਗਬਾਨੀ ਵਿਕਾਸ ਮੰਤਰੀ ਹੁੰਦਿਆਂ 1996-97 ਵਿੱਚ ਰਾਈ ਵਿਖੇ ਅੰਤਰ ਰਾਸ਼ਟਰੀ ਸਬਜ਼ੀ ਮੰਡੀ ਦਾ ਸੁਪਨਾ ਲਿਆ ਸੀ ਜੋ ਪੂਰਾ ਨਹੀਂ ਹੋ ਸਕਿਆ ਪਰ ਹੁਣ ਗਨੌਰ ਵਿਖੇ 800 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਟਰਮੀਨਲ ਦਾ ਲਾਭ ਹਰਿਆਣਾ ਦੇ ਨਾਲ ਨਾਲ ਪੰਜਾਬ ਨੂੰ ਲਾਜ਼ਮੀ ਪਹੁੰਚੇਗਾ ਕਿਉਂਕਿ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਸਬਜ਼ੀਆਂ ਅਤੇ ਫ਼ਲਾਂ ਲਈ ਅੰਤਰ ਰਾਸ਼ਟਰੀ ਮੰਡੀ ਵਿੱਚ ਪਹੁੰਚਣ ਵਾਸਤੇ ਇਹ ਸਹੂਲਤ ਮਿਲ ਸਕੇਗੀ। ਚੌਧਰੀ ਮਲਿਕ ਨੇ ਆਖਿਆ ਕਿ ਵਿਦੇਸ਼ਾਂ ਵਿਚ ਬਰਾਮਦ ਬਗੈਰ ਬਾਗਬਾਨੀ ਵਿਕਾਸ ਸੰਭਵ ਨਹੀਂ । ਇਵੇਂ ਹੀ ਬਾਗਬਾਨੀ ਉਪਜ ਦੀ ਪ੍ਰੋਸੈਸਿੰਗ ਵੀ ਜ਼ਰੂਰੀ । ਬਾਵਲ ਹਲਕੇ ਤੋਂ ਵਿਧਾਇਕ ਸ਼੍ਰੀ ਰਮੇਸ਼ਵਰ ਦਿਆਲ ਨੇ ਆਖਿਆ ਕਿ ਖੇਤੀ ਅਧਾਰਿਤ ਉਦਯੋਗ ਵੀ ਖੇਤੀਬਾੜੀ ਉਪਜ ਨੂੰ ਚੰਗੀ ਆਮਦਨ ਦਿਵਾ ਸਕਦੇ ਹਨ। ਚੌਧਰੀ ਜਗਬੀਰ ਸਿੰਘ ਮਲਿਕ ਅਤੇ ਰਮੇਸ਼ਵਰ ਦਿਆਲ ਬਾਵਲ ਤੋਂ ਇਲਾਵਾ ਛੇ ਹੋਰ ਵਿਧਾਇਕਾਂ ਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ। ਪਾਰਕਰ ਹਾਊਸ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਨ੍ਹਾਂ ਅੱਠ ਵਿਧਾਇਕਾਂ ਦਾ ਸੁਆਗਤ ਕੀਤਾ ਗਿਆ।
ਇਨ੍ਹਾਂ ਵਿਧਾਇਕਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਾਂ ਵਿੱਚ ਖੜੀਆਂ ਫ਼ਸਲਾਂ ਦਾ ਦੌਰਾ ਕਰਨ ਤੋਂ ਇਲਾਵਾ ਵੱਖ-ਵੱਖ ਅਜਾਇਬ ਘਰਾਂ ਨੂੰ ਵੀ ਬੜੀ ਦਿਲਚਸਪੀ ਨਾਲ ਵੇਖਿਆ। ਸੰਚਾਰ ਕੇਂਦਰ ਵਿਖੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਸਥਾਪਨਾ ਵਰ੍ਹੇ ਤੋਂ ਲੈ ਕੇ ਅੱਜ ਤੀਕ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਚੌਧਰੀ ਜਗਬੀਰ ਸਿੰਘ ਮਲਿਕ ਅਤੇ ਸ਼੍ਰੀ ਰਮੇਸ਼ਵਰ ਦਿਆਲ ਬਾਵਲ ਨੂੰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਸੱਜਰੇ ਅੰਕ ਭੇਂਟ ਕਰਦਿਆਂ ਡਾ: ਧੀਮਾਨ ਨੇ ਦੱਸਿਆ ਕਿ ਪੰਜਾਬ ਦੇ ਲਗਪਗ ਹਰ ਪਿੰਡ ਵਿੱਚ ਹਰ ਮਹੀਨੇ ਇਹ ਰਸਾਲੇ ਪਹੁੰਚਦੇ ਹਨ ਅਤੇ ਲਗਪਗ 75 ਲੱਖ ਰੁਪਏ ਤੋਂ ਵੱਧ ਦਾ ਖੇਤੀਬਾੜੀ ਸਾਹਿਤ ਪੰਜਾਬ ਦੇ ਕਿਸਾਨ ਹਰ ਵਰ੍ਹੇ ਖਰੀਦ ਕੇ ਪੜ੍ਹਦੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਵਿੱਚ ਵੀ ਇਨ੍ਹਾਂ ਦੋਹਾਂ ਵਿਧਾਇਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੰਦਿਆਂ ਆਖਿਆ ਕਿ ਉਹ ਅਗਾਂਹਵਧੂ ਕਿਸਾਨਾਂ ਨੂੰ ਲੈ ਕੇ ਆਉਣ।
ਖੇਤੀਬਾੜੀ ਕਾਲਜ ਦੇ ਦੂਸਰੇ ਸਾਲ ਦੇ ਵਿਦਿਆਰਥੀਆਂ ਨਾਲ ਵੀ ਡਾ: ਨਿਰਮਲ ਜੌੜਾ ਨੇ ਵਿਚਾਰ ਵਟਾਂਦਰਾ ਕਰਵਾਇਆ। ਵਿਦਿਆਰਥੀਆਂ ਨੇ ਇਨ੍ਹਾਂ ਦੋਹਾਂ ਵਿਧਾਇਕਾਂ ਨੂੰ ਸੁਆਲ ਜਵਾਬ ਕਰਦਿਆਂ ਕਿਹਾ ਕਿ ਦੋਹਾਂ ਸੂਬਿਆਂ ਦੇ ਕਿਸਾਨਾਂ ਦੇ ਹਿਤਾਂ ਦੀ ਰਖਵਾਲੀ ਲਈ ਉਹ ਮਾਹੌਲ ਉਸਾਰਨ ਜਿਸ ਵਿੱਚ ਸਹਿਯੋਗ ਦੀ ਭਾਵਨਾ ਹੋਵੇ, ਤਣਾਓ ਦੀ ਨਹੀਂ।