ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਇਕ ਗ਼ੈਰ ਰਸਮੀ ਇਕੱਤ੍ਰਤਾ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਜਿਹਾ ਸੁੱਚਾ ਪੇਸ਼ਕਾਰ ਸੀ ਜਿਸ ਦੇ ਬੋਲਾਂ ਅਤੇ ਸ਼ਬਦ ਸੰਸਾਰ ਵਿਚੋਂ ਪੰਜਾਬ ਸਬੰਧੀ ਵਿਸ਼ਵਕੋਸ਼ੀ ਗਿਆਨ ਮਿਲਦਾ ਹੈ। ਸ਼ਿਵ ਕੁਮਾਰ ਬਟਾਲਵੀ ਅਤੇ ਰਾਵੀ ਦਰਿਆ ਦੇ ਰਿਸ਼ਤੇ ਨੂੰ ਜੋੜਦਿਆਂ ਉਨ੍ਹਾਂ ਆਖਿਆ ਕਿ ਦਰਿਆ ਦੀ ਸਹਿਜ ਤੋਰ ਅਤੇ ਮਟਕ ਵਰਗੀ ਸ਼ਾਇਰੀ ਸ਼ਿਵ ਦੇ ਹਿੱਸੇ ਹੀ ਆਈ। ਲੂਣਾ ਦੀ ਪੀੜ; ਨੂੰ ਜਾਣਨ ਤੋ ਲੈ ਕੇ ਆਪਣੇ ਮਨ ਅੰਦਰਲੀ ਮੂਕ ਵੇਦਨਾ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਿਚ ਵੀ ਉਸ ਨੇ ਨਵੇਕਲਾ ਅੰਦਾਜ਼ ਪੈਦਾ ਕੀਤਾ। ਉਨ੍ਹਾਂ ਆਖਿਆ ਸ਼ਿਵ ਕੁਮਾਰ ਬਟਾਲਵੀ ‘ਪੀੜਾਂ ਦਾ ਪਰਾਗਾ’ ਤੋਂ ਲੈ ਕੇ ਆਪਣੀ ਆਖਰੀ ਪੁਸਤਕ ‘ਅਲਵਿਦਾ’ ਤੀਕ ਸਾਡੇ ਸ਼ਬਦ ਸੰਸਾਰ ਵਿਚ ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਹਾਜ਼ਰ ਹੈ। ਪ੍ਰੋ. ਗਿੱਲ ਨੇ ਸ਼ਿਵ ਕੁਮਾਰ ਦੀ ਆਪਣੀ ਆਵਾਜ਼ ਵਿਚ ਗਾਈਆਂ ਛੇ ਰਚਨਾਵਾਂ ਵੀ ਹਾਜ਼ਰ ਸਰੋਤਿਆਂ ਨੂੰ ਸੁਣਾਈਆਂ। ਇਹ ਖ਼ਜ਼ਾਨਾ ਉਨ੍ਹਾਂ ਨੂੰ ਸ਼ਿਵ ਕੁਮਾਰ ਦੇ ਨਿਕਟ ਵਰਤੀ ਮਿੱਤਰ ਕੁਲਦੀਪ ਤੱਖਰ ਨੇ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਨੂੰ ਸੌਂਪਿਆ ਸੀ। ਪ੍ਰੋ. ਗਿੱਲ ਨੇ ਦਸਿਆ ਕਿ ਤੱਖਰ ਕੋਲ ਸ਼ਿਵ ਕੁਮਾਰ ਦੀਆਂ ਲੂਣਾ, ਮੈਂ ਤੇ ਮੈਂ ਪੁਸਤਕਾਂ ਤੋਂ ਇਲਾਵਾ ਹੋਰ ਵੀ ਕਈ ਹੱਥ ਲਿਖਤਾਂ ਹਨ ਜਿਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਲਈ ਹਾਸਲ ਕਰਨ ਵਾਸਤੇ ਯਤਨ ਜਾਰੀ ਹਨ।
ਪੰਜਾਬੀ ਸਾਹਿਤ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਸ਼ਿਵ ਕੁਮਾਰ ਦੀਆਂ ਲਿਖਤਾਂ ਤੋਂ ਇਲਾਵਾ ਉਨ੍ਹਾਂ ਬਾਰੇ ਹੁਣ ਤੀਕ ਹੋ ਚੁੱਕੇ ਖੋਜ ਕਾਰਜ ਅਤੇ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾ ਕੇ ਹਾਜ਼ਰ ਲੇਖਕਾਂ ਨੂੰ ਸ਼ਿਵ ਸਾਹਿਤ ਨਾਲ ਜੋੜਿਆ। ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ. ਨਿਰਮਲ ਜੌੜਾ ਨੇ ਦਸਿਆ ਕਿ ਨੇੜ ਭਵਿੱਖ ਵਿਚ ਸ਼ਿਵ ਕੁਮਾਰ ਬਟਾਲਵੀ ਰਚਨਾ ਗਾਇਨ ਮੁਕਾਬਲੇ ਕਰਵਾ ਕੇ ਉਨ੍ਹਾਂ ਦੀ ਰਿਕਾਰਡਿੰਗ ’ਤੇ ਅਧਾਰਿਤ ਸੀ.ਡੀ. ਵੀ ਅਕਾਡਮੀ ਵਲੋਂ ਸਰੋਤਿਆਂ ਲਈ ਪੇਸ਼ ਕਰਾਂਗੇ। ਉਨ੍ਹਾਂ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਸ਼ਿਵ ਕੁਮਾਰ ਬਟਾਲਵੀ ਜਾਂ ਕਿਸੇ ਵੀ ਹੋਰ ਪੰਜਾਬੀ ਲੇਖਕ ਦੀ ਆਵਾਜ਼ ਰਿਕਾਰਡਿਡ ਰੂਪ ਵਿਚ ਸੰਭਾਲੀ ਹੋਈ ਹੈ ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਸੌਂਪ ਸਕਦੇ ਹਨ। ਨ।ਚਰ ਟਰੀ ਫ਼ਾਉਂਡੇਸ਼ਨ ਵਲੋਂ ਸਿੋਵ ਕੁਮਾਰ ਬਟਾਲਵੀ ਦੀ ਨਜ਼ਮ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ ਦਾ ਪੋਸਟਰ ਡਾ. ਅਨਿਲ ਸ਼ਰਮਾ ਅਤੇ ਇੰਦਰਜੀਤ ਸੈਨੀ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੌਂਪਿਆ ਤਾਂ ਜੋ ਇਸ ਨੂੰ ਯੋਗ ਥਾਂ ’ਤੇ ਸਥਾਪਿਤ ਕੀਤਾ ਜਾ ਸਕੇ।
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਪੰਜਾਬੀ ਕਵੀ ਸ੍ਰੀ ਜਸਵੰਤ ਜ਼ਫ਼ਰ, ਕੀਰਤ ਕੌਰ ਪੰਧੇਰ, ਸੁਭਾਸ਼ ਕਲਾਕਾਰ, ਰੰਗ ਕਰਮੀ ਨਾਟਕਕਾਰ ਤਰਲੋਚਨ ਸਿੰਘ, ਜਸਵਿੰਦਰ ਜੀਤ ਸਿੰਘ ਬਾਜਵਾ ਅਤੇ ਬਾਬਾ ਫ਼ਰੀਦ ਫ਼ਾਉਂਡੇਸ਼ਨ ਦੇ ਚੇਅਰਮੈਨ ਸ. ਪ੍ਰੀਤਮ ਸਿੰਘ ਭਰੋਵਾਲ ਵੀ ਹਾਜ਼ਰ ਸਨ। ਇਸ ਮੌਕੇ ਉ¤ਘੇ ਚਿੱਤਰਕਾਰ ਆਰ.ਐਮ.ਸਿੰਘ ਵਲੋਂ ਤਿਆਰ ਪੇਂਟਿੰਗ ’ਤੇ ਅਧਾਰਿਤ ਚਿਤਰ ਅਕਾਡਮੀ ਵਿਚ ਪੱਕੇ ਤੌਰ ’ਤੇ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ।