ਲੁਧਿਆਣਾ -ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸਰਦਾਰ ਜਗਦੇਵ ਸਿੰਘ ਜੱਸੋਵਾਲ ਅਤੇ ਜਨਰਲ ਸਕੱਤਰ ਸ.ਹਰਦਿਆਲ ਸਿੰਘ ਅਮਨ ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਸੁਹਿਰਦ ਅਗਵਾਈ ਦੀ ਲੋੜ ਹੈ ।ਪਿਛਲੇ ਦਿਨੀਂ ਹਰਿਆਣਾ ਵੱਲੋਂ ਹਾਂਸੀ ਬੁਟਾਣਾ ਨਹਿਰ ਤੇ ਕੀਤੀ ਜਾ ਰਹੀ ਕੰਧ ਦੀ ਉਸਾਰੀ ਨੂੰ ਲੈਕੇ ਛਿੜੇ ਵਿਵਾਦ ਤੇ ਟਿਪਣੀ ਕਰਦਿਆਂ ਸ. ਜੱਸੋਵਾਲ ਨੇ ਕਿਹਾ ਕਿ ਨਿਰਸੰਦੇਹ ਇਹ ਮਸਲਾ ਪੰਜਾਬ ਵਾਸੀਆਂ ਲਈ ਗੰਭੀਰ ਅਤੇ ਧਿਆਨ ਦੇਣ ਯੋਗ ਹੈ ਪਰ ਇਸਦੇ ਨਾਲ ਨਾਲ ਕਈ ਅਜਿਹੇ ਅਹਿਮ ਮੁੱਦੇ ਵੀ ਹਨ ਜਿਹੜੇ ਸਾਡੇ ਸਿਅਸਤਦਾਨਾਂ ਦਾ ਧਿਆਨ ਮੰਗਦੇ ਹਨ ।ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਦੀ ਪੰਜਾਬ ਪ੍ਰਤੀ ਸੁਹਿਰਦਤਾ ਤੇ ਕੀਤੀ ਜਾ ਰਹੀ ਟੀਕਾ ਟਿਪਣੀ ਅਤੇ ਦੂਸ਼ਨਬਾਜੀ ਦੀ ਗੱਲ ਕਰਦਿਆਂ ਸ. ਜੱਸੋਵਾਲ ਨੇ ਕਿਹਾ ਕਿ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਪੰਜਾਬ ਦਾ ਅਕਸ ਵਿਗਾੜਨ ਨਾਲੋਂ ਇੱਸ ਦੀ ਭਲਾਈ ਲਈ ਉਪਰਾਲੇ ਕੀਤੇ ਜਾਣ । ਸ. ਜੱਸੋਵਾਲ ਨੇ ਸਿਆਸਤਦਾਨਾਂ ਨੂੰ ਪੰਜਾਬ ਦੀ ਦੱਖਦੀ ਰਗ ਦਾ ਹੱਲ ਲੱਭਣ ਲਈ ਸੌੜੀਆਂ ਅਤੇ ਸੰਕੀਰਣ ਸੋਚਾਂ ਤਿਆਗਣ ਲਈ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਅੱਖਾਂ ਤੇ ਬੰਨੀ ਪੱਟੀ ਖੋਲਣੀ,ਕੰਨਾਂ ਚ’ ਦਿੱਤੀਆਂ ਉਗਲਾਂ ਬਾਹਰ ਕੱਢਣੀਆਂ ਅਤੇ ਸੀਤੇ ਹੋਏ ਬੁਲਾਂ ਦੇ ਟਾਂਕੇ ਤੋੜਨੇ ਪੈਣਗੇ ਨਹੀਂ ਤਾਂ ਲੋਕ ਸਿਆਸਤਦਾਨਾਂ ਦਾ ਸਾਥ ਛੱਡ ਦੇਣਗੇ ।
ਸ. ਜੱਸੋਵਾਲ ਨੇ ਕਿਹਾ ਕਿ ਪੰਜਾਬ ਨੂੰ ਚੰਡੀਗੜ ਮਿਲਣ ਦਾ ਮਸਲਾ , ਪੰਜਾਬ ਬੋਲਦੇ ਇਲਾਕੇ ਪੰਜਾਬ ਨੂੰ ਦਿਵਾਉਣਾ ਅਤੇ ਪੰਜਾਬੀ ਸੂਬੇ ਲਈ ਅੰਦੋਲਨ ਕਰਨ ਵਾਲੇ ਪੰਜਾਬੀ ਮਾਂ ਬੋਲੀ ਦੇ ਸਪੂਤਾਂ ਦੀ ਸਾਰ ਲੈਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ ।ਸ.ਜੱਸੋਵਾਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਪੰਜਾਬ ਦੀ ਚੜਦੀ ਕਲ੍ਹਾ ਲਈ ਤੰਗ ਦਿਲੀ ਵਾਲੀ ਸੋਚ ਤਿਆਗਣੀ ਪਵੇਗੀ ।
ਇਸ ਮੌਕੇ ਸ. ਹਰਦਿਆਲ ਸਿੰਘ ਅਮਨ ਕਿਹਾ ਕਿ ਪੰਜਾਬ ਅਮੀਰ ਪਰੰਪਰਾਵਾਂ ਦਾ ਮਾਲਕ ਅਤੇ ਪੀਰਾਂ ਫਕੀਰਾਂ ਦੀ ਧਰਤੀ ਵਜੋਂ ਜਾਣਿਆਂ ਜਾਦਾਂ ਹੈ ਪਰ ਪੰਜਾਬ ਦੇ ਸਿਆਸਤਦਾਨਾਂ ਦੀ ਅਣਦੇਖੀ ਕਰਕੇ ਪੰਜਾਬ ਅਤੇ ਪੰਜਾਬੀ ਕਸੂਤੀ ਸਥਿਤੀ ਵੱਲ ਜਾ ਰਹੇ ਨੇ ,ਜੋ ਕਿ ਸੋਚ ਵਿਚਾਰ ਦਾ ਵਿਸ਼ਾ ਹੈ ।ਸ.ਅਮਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਸਮਾਜਕ ਬੁਰਾਈਆਂ ਨੇ ਘੇਰਿਆ ਹੋਇਆ ਹੈ ਇਸ ਲਈ ਪੰਜਾਬ ਨੂੰ ਨਰਕ ਹੋਣ ਤੋਂ ਬਚਾਉਣਾ ਸਮੇਂ ਪਹਿਲੀ ਲੋੜ ਹੈ ।ਉਹਨਾਂ ਕਿਹਾ ਕਿ ਸੋਨੇ ਦੀ ਚਿੜੀ ਅਖਵਾਉਣ ਵਾਲੇ ਇਸ ਪੰਜਾਬ ਦੀ ਦਿੱਖ ਬਰਕਰਾਰ ਰੱਖਣ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ । ਸ.ਅਮਨ ਨੇ ਕਿਹਾ ਵਿਕਾਸ ਕਾਰਜਾਂ ਦੇ ਨਾਲ ਨਾਲ ਸਰਕਾਰ ਨੂੰ ਲੋਕ ਅਤੇ ਸਮਾਜ ਭਲਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ।
ਸ. ਜੱਸੋਵਾਲ ਅਤੇ ਸ. ਅਮਨ ਨੇ ਦਸਿਆ ਕਿ ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਵੱਲੋਂ ਪੰਜਾਬ ਦੀ ਸਥਿੱਤੀ ਅਤੇ ਸਿਆਸਤ ਸਬੰਦੀ ਇੱਕ ਵਿਸ਼ਾਲ ਵਿਚਾਰ ਗੋਸ਼ਟੀ ਦਾ ਅਯੋਜਨ ਜਲਦੀ ਕੀਤਾ ਜਾ ਰਿਹਾ ਹੈ ਜਿਸ ਲਈ ਸਿਆਸੀ ਪਾਰਟੀਆਂ , ਧਾਰਮਕ,ਸਮਾਜਕ ਸੰਸਥਵਾਂ ਦੇ ਨਾਲ ਨਾਲ ਬੁੱਧੀਜੀਵੀ ਵਰਗ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ।