ਅੰਮ੍ਰਿਤਸਰ-ਛੋਟੀ ਉਮਰੇ ਨਿਵੇਕਲੀ ਪਲਾਂਘ ਪੁੱਟ ਰਹੇ ਸਿਰੜੀ ਸਿੱਖ ਸ੍ਰ: ਹਰਗੁਨਪ੍ਰੀਤ ਸਿੰਘ ਨਿਵਾਸੀ ਪਟਿਆਲਾ ਨੇ ਆਪਣੇ ਸਾਥੀ ਸ੍ਰ: ਹਰਜੀਤ ਸਿੰਘ ਸਨੌਰ ਨਾਲ ਅੰਮ੍ਰਿਤਸਰ ਪੁੱਜ ਕੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ ਖੱਟੜਾ ਦੇ ਦਫ਼ਤਰ ‘ਚ ਉਨ੍ਹਾਂ ਨੂੰ ਉੱਚੇਚੇ ਤੌਰ ਤੇ ਮਿਲੇ। ਸ੍ਰ: ਖੱਟੜਾ ਵੱਲੋਂ ਉਹਨਾਂ ਨੂੰ ਕੀਤੇ ਜਾ ਰਹੇ ਧਾਰਮਿਕ-ਕਾਰਜਾਂ ਪ੍ਰਤੀ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਵਰਣਨਯੋਗ ਹੈ ਕਿ ਸ੍ਰ: ਹਰਗੁਨਪ੍ਰੀਤ ਸਿੰਘ ਨੌਂਵੀਂ ਕਲਾਸ ‘ਚ ਪੜ੍ਹਦਿਆਂ ਭਿਆਨਕ ਬਿਮਾਰੀ ਬਲੱਡ ਕੈਂਸਰ ਤੋਂ ਪੀੜਤ ਹੋ ਗਏ ਸਨ। ਤਕਰੀਬਨ ਸਾਢੇ ਤਿੰਨ ਸਾਲ ਪੀ.ਜੀ.ਆਈ. ਤੋਂ ਇਲਾਜ ਚੱਲਿਆ, ਪਰ ਹਿੰਮਤ ਨਹੀਂ ਹਾਰੀ ਅਤੇ ਗੁਰੂ-ਆਸਰੇ ਇਲਾਜ ਦੇ ਨਾਲ-ਨਾਲ ਆਪਣੀ ਮੰਜ਼ਿਲ ਵੱਲ ਵਧਦੇ ਰਹੇ, 130 ਪੰਨਿਆਂ ਦੀ ਕਿਤਾਬ (ਮੁਸੀਬਤਾਂ ਤੋਂ ਨਾ ਘਬਰਾਉ) ਲਿਖੀ, ਜੋ ਲੋਕਾਂ ਨੂੰ ਕਾਫ਼ੀ ਉਤਸਾਹਿਤ ਕਰ ਰਹੀ ਹੈ।
ਸ੍ਰ: ਹਰਗੁਨਪ੍ਰੀਤ ਸਿੰਘ ਨੇ 10+1 ਤੋਂ ਬੀ.ਏ.-ਭਾਗ ਪਹਿਲਾ ਤੱਕ ਦੀ ਪੜ੍ਹਾਈ ਕਾਲਜ ਤੋਂ ਪਹਿਲੀ ਪੁਜੀਸ਼ਨ ‘ਚ ਹਾਸਲ ਕੀਤੀ ਅਤੇ ਗੁਰਮਤਿ ਲੇਖ, ਗੁਰਬਾਣੀ ਕੰਠ, ਸੁਲੇਖ (ਸੁੰਦਰ ਲਿਖਣਾ) ਆਦਿ ਮੁਕਾਬਲਿਆਂ ‘ਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਲ 2006 ‘ਚ ਵਿਲੱਖਣ ਪ੍ਰਾਪਤੀਆਂ ਬਦਲੇ ਸਨਮਾਨ ਵੀ ਦਿੱਤਾ ਗਿਆ।
ਸਾਲ 2008 ‘ਚ ਕੈਂਸਰ ਸਹਿਯੋਗ ਸੁਸਾਇਟੀ ਵੱਲੋਂ ਇਹਨਾਂ ਨੂੰ ਜੀਵਨ-ਸ਼ਕਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਨਾਈਟਿਡ ਸਕੂਲ ਔਰਗੇਨਾਈਜੇਸ਼ਨ ਆਫ਼ ਇੰਡੀਆ ਵੱਲੋਂ ਪੂਰੇ ਭਾਰਤ ਦੇ ਸਰਕਾਰੀ ਸਕੂਲਾਂ ਦੇ ਲੇਖ-ਮੁਕਾਬਲੇ ‘ਚ ਪਹਿਲੀ ਪੁਜੀਸ਼ਨ ਆਉਣ ‘ਤੇ ਸਨਮਾਨਿਤ ਕੀਤਾ ਗਿਆ। ਸ੍ਰ: ਹਰਗੁਨਪ੍ਰੀਤ ਸਿੰਘ ਅੱਜਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਰਨਲਿਜ਼ਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੀ ਮਾਤਾ ਬੀਬੀ ਰਜਿੰਦਰ ਕੌਰ ਅਤੇ ਪਿਤਾ ਸ੍ਰ: ਰੂਪਇੰਦਰ ਸਿੰਘ ਵੱਲੋਂ ਮਿਲੀ ਸਿੱਖਿਆ ਮੁਤਾਬਿਕ ਉਹ ਹਰ ਰੋਜ਼ ਸਵੇਰੇ-ਸ਼ਾਮ ਗੁਰਬਾਣੀ ਦਾ ਨਿਤਨੇਮ ਕਰਦੇ ਹਨ। ਸ੍ਰ: ਹਰਗੁਨਪ੍ਰੀਤ ਸਿੰਘ ਨੇ ਸ੍ਰ: ਦਲਮੇਘ ਸਿੰਘ ਖੱਟੜਾ ਵੱਲੋਂ ਦਿੱਤੇ ਮਾਨ-ਸਨਮਾਨ ਬਦਲੇ ਉਹਨਾਂ ਦਾ ਉੱਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਲ਼ ਉਹਨਾਂ ਨੂੰ ਹਮੇਸ਼ਾ ਯਾਦ ਰਹਿਣਗੇ।
ਇਸ ਮੌਕੇ ਐਡੀ: ਸਕੱਤਰ ਸ੍ਰ: ਤਰਲੋਚਨ ਸਿੰਘ ਤੇ ਸ੍ਰ: ਮਨਜੀਤ ਸਿੰਘ, ਡਾਇਰੈਕਟਰ ਸ੍ਰ: ਰੂਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ: ਕੁਲਵਿੰਦਰ ਸਿੰਘ ਰਮਦਾਸ ਤੇ ਸ੍ਰ: ਪਰਵਿੰਦਰ ਸਿੰਘ ਵੀ ਹਾਜ਼ਰ ਸਨ।