ਨਵੀਂ ਦਿੱਲੀ – ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰਦੁਆਰਾ ਬੰਗਲਾ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਗੁਰੂ ਸਾਹਿਬ ਤੇ ਗੁਰਦੁਆਰਾ ਸਾਹਿਬ ਪ੍ਰਤੀ ਸਿੱਖਾਂ ਅਤੇ ਗੈਰ-ਸਿੱਖਾਂ ਵਿਚ ਵੱਧ ਰਹੀ ਸ਼ਰਧਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਸ. ਸਰਨਾ ਨੇ ਕਿਹਾ ਕਿ ਅਜੇ ਤੱਕ ਪੰਜਾਬ ਵਿਚ ਸਿੱਖੀ ਦੇ ਬਾਣੇ ਅਤੇ ਸਰੂਪ ਤੇ ਹਮਲੇ ਹੁੰਦੇ ਚਲੇ ਆ ਰਹੇ ਸਨ, ਪਰ ਹੁਣ ਬਾਣੀ ਤੇ ਵੀ ਹਮਲੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬਾਣੀ ਦਾ ਇਕ ਸ਼ਬਦ ਬਦਲਣ ਤੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਬਾਬਾ ਰਾਮਰਾਇ ਨਾਲੋਂ ਹਮੇਸ਼ਾ ਲਈ ਸਬੰਧ ਤੋੜ ਕੇ ਉਨ੍ਹਾਂ ਦਾ ਤਿਆਗ ਕਰ ਦਿੱਤਾ ਸੀ, ਪਰ ਪੰਜਾਬ ਵਿਚ ਸਿੱਖੀ ਪ੍ਰਚਾਰ ਤੇ ਸਿੱਖੀ ਦੀਆਂ ਮਰਿਆਦਾਵਾਂ ਤੇ ਪ੍ਰੰਪਰਾਵਾਂ ਦੀ ਰੱਖਿਆ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਸਰੂਪ ਪ੍ਰਕਾਸ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚਲੀਆਂ ਗੁਰਬਾਣੀ ਦੇ ਸ਼ਬਦ-ਜੋੜਾਂ ਦੀਆਂ ਬਜਰ ਗਲਤੀਆਂ ਕਾਰਣ ਗੁਰਬਾਣੀ ਦੇ ਭਾਵ-ਅਰਥ ਮੂਲੋਂ ਹੀ ਬਦਲ ਜਾਂਦੇ ਹਨ। ਉਨ੍ਹਾਂ ਪੁੱਛਿਆ ਕਿ ਕੀ ਅਜਿਹੇ ਗੁਨਾਹ ਲਈ ਜ਼ਿੰਮੇਵਾਰ ਵਿਅਕਤੀ ਸਿੱਖਾਂ ਦੀ ਸਰਵਉੱਚ ਧਾਰਮਕ ਜੱਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਬਣੇ ਰਹਿਣ ਦਾ ਅਧਿਕਾਰੀ ਹੋ ਸਕਦਾ ਹੈ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ ਨੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ, ਗੁਰਦੁਆਰਾ ਕਮੇਟੀ ਵਲੋਂ ਧਾਰਮਕ ਅਤੇ ਵਿੱਦਿਅਕ ਖੇਤਰ ਵਿਚ ਕੀਤੇ ਜਾ ਰਹੇ ਪ੍ਰੰਸ਼ਸਾਯੋਗ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਿਰੋਧੀਆਂ ਪੁਰ ਨਿੱਜ-ਸੁਆਰਥ ਤੇ ਵਿਰੋਧੀ ਭਾਵਨਾ ਅਧੀਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਿਰੁੱਧ ਕੂੜ-ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ ਕੀਤੇ ਜਾ ਰਹੇ ਕੰਮ ਸੰਗਤਾਂ ਦੇ ਸਾਮ੍ਹਣੇ ਹਨ, ਜਿਸ ਕਾਰਣ ਸੱਚਾਈ ਉਹ ਜਾਣਦੀਆਂ ਤੇ ਸਮਝਦੀਆਂ ਹਨ।
ਸ. ਪਰਮਜੀਤ ਸਿੰਘ ਸਰਨਾ, ਸ. ਹਰਵਿੰਦਰ ਸਿੰਘ ਸਰਨਾ, ਸ. ਗੁਰਮੀਤ ਸਿੰਘ ਸ਼ੰਟੀ, ਸ. ਕਰਤਾਰ ਸਿੰਘ ਕੋਛੜ, ਪ੍ਰੋ. ਹਰਮੋਹਿੰਦਰ ਸਿੰਘ ਆਦਿ ਮੁਖੀਆਂ ਵਲੋਂ ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ. ਕੇ. ਬੰਧੋਪਾਧਿਆਇ ਉਨ੍ਹਾਂ ਦੀ ਪਤਨੀ, ਜਾਇੰਟ ਰਜਿਸਟਰਾਰ ਕਰਨਲ ਉਪਮਨਿਊ, ਪ੍ਰਸਿੱਧ ਐਡਵੋਕੇਟ ਕੇ. ਟੀ. ਐਸ. ਤੁਲਸੀ, ਉਨ੍ਹਾਂ ਦੇ ਸਹਾਇਕ ਐਡਵੋਕੇਟ ਰਾਜ ਕਮਲ ਅਤੇ ਸਵਿਟਜ਼ਰਲੈਂਡ ਦੇ ਸਿੱਖ ਮੁਖੀ ਸ. ਕੁਲਜੀਤ ਸਿੰਘ ਜੰਜੂਆ ਦੀਆਂ ਸੇਵਾਵਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ। ਸ. ਤਰਸੇਮ ਸਿੰਘ ਅਤੇ ਸ. ਗੁਰਮੀਤ ਸਿੰਘ ਮੀਤਾ ਨੇ ਇਸ ਮੌਕੇ ਤੇ ਸਟੇਜ ਸਕੱਤਰ ਦੀਆਂ ਜ਼ਿੰਮੇਦਾਰੀਆਂ ਬਖੂਬੀ ਨਿਭਾਈਆਂ।