ਲੁਧਿਆਣਾ:- ਦੇਸ਼ ਦੀ ਕੁੱਲ ਖੁੰਭ ਪੈਦਾਵਾਰ ਵਿਚੋਂ 50 ਫੀ ਸਦੀ ਸਿਰਫ ਪੰਜਾਬ ਪੈਦਾ ਕਰਦਾ ਹੈ ਅਤੇ ਇਸ ਨੂੰ ਖੁਰਾਕ ਦਾ ਹਿੱਸਾ ਬਣਾ ਕੇ ਯਕੀਨਨ ਪੌਸ਼ਟਿਕਤਾ ਹਾਸਿਲ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਕੋਆਡੀਨੇਟਰ ਖੋਜ ਡਾ: ਪ੍ਰਦੀਪ ਖੰਨਾ ਨੇ ਦੱਸਿਆ ਕਿ ਖੁੰਭਾਂ ਬੀਜਣ, ਪਾਲਣ ਅਤੇ ਮੰਡੀਕਰਨ ਵਿਧੀਆਂ ਵਿਕਸਤ ਕਰਕੇ ਹੁਣ ਤੀਕ ਚਾਰ ਕਿਸਮ ਦੀਆਂ ਖੁੰਭਾਂ ਨੂੰ ਵਿਸ਼ਵ ਮੰਡੀ ਵਿੱਚ ਪਰੋਸਿਆ ਸੀ ਪਰ ਹੁਣ ਪੰਜਵੀਂ ਕਿਸਮ ਛਟਾਕੀ ਨੂੰ ਖਾਣਯੋਗ ਖੁੰਭਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਖੁੰਭ ਸਿਆਲ ਵਿੱਚ ਲੱਗਦੀ ਹੈ। ਸਰੀਰਕ ਰੋਗਾਂ ਦੇ ਇਲਾਜ ਅਤੇ ਸ਼ਕਤੀ ਲਈ ਇਸ ਖੁੰਭ ਨੂੰ ਚੰਗਾ ਸਮਝ ਕੇ ਖਾਣ ਵਾਲਿਆਂ ਦੀ ਗਿਣਤੀ ਕਾਫੀ ਵਧ ਰਹੀ ਹੈ ਅਤੇ ਇਸ ਦੀ ਤਕਨਾਲੋਜੀ ਨੂੰ ਸੁਧਾਰ ਕੇ ਹੁਣ ਪੂਰਾ ਸਾਲ ਬੀਜਣ ਦੀ ਤਕਨੀਕ ਵਿਕਸਤ ਕੀਤੀ ਜਾ ਰਹੀ ਹੈ। ਡਾ: ਖੰਨਾ ਨੇ ਦੱਸਿਆ ਕਿ ਥੋੜ੍ਹੇ ਸਮੇਂ ਵਿੱਚ ਇਹ ਖੁੰਭਾਂ ਦੀ ਕਿਸਮ ਕਾਸ਼ਤ ਵਜੋਂ ਦੂਸਰੇ ਨੰਬਰ ਤੇ ਵਿਸ਼ਵ ਭਰ ਵਿੱਚ ਬੀਜੀ ਜਾਣ ਲੱਗੀ ਹੈ। ਬਟਨ ਖੁੰਭ ਤੋਂ ਬਾਅਦ ਇਹ ਕਿਸਮ ਛਟਾਕੀ (ਲੈਂਟੀਨਸ ਐਡੋਡਸ) ਭਾਰਤ ਵਿੱਚ ਤਿੰਨ ਮਿਲੀਅਨ ਮੀਟਰਕ ਟਨ ਉਪਜ ਦੇ ਰਹੀ ਹੈ। ਵਿਦੇਸ਼ੀ ਮੰਡੀਆਂ ਵਿੱਚ ਖੁੰਭਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਮੁਤਾਬਕ ਪੂਰਬੀ ਏਸ਼ੀਆ ਵਿੱਚ ਬੀਜੀ ਜਾਣ ਵਾਲੀ ਇਸ ਖੁੰਭ ਦੀ ਏਸ਼ੀਆਈ ਮੁਲਕਾਂ ਤੋਂ ਇਲਾਵਾ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਵੀ ਪੌਸ਼ਟਿਕਤਾ ਅਤੇ ਦਵਾਈ ਬੂਟੀ ਮਹੱਤਤਾ ਕਾਰਨ ਬੜੀ ਮੰਗ ਹੈ।
ਇਸ ਕਿਸਮ ਬਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਡਾ: ਖੰਨਾ ਨੇ ਦੱਸਿਆ ਕਿ ਇਸ ਕਿਸਮ ਦੀ ਕਾਸ਼ਤ ਲਈ ਕਣਕ ਦੀ ਤੂੜੀ ਦੀ ਵਰਤੋਂ ਕੀਤੀ ਜਾਂਦੀ ਹੈ। ਪੱਕੇ ਫਰਸ਼ ਤੇ ਤੂੜੀ ਵਿਛਾਉਣ ਉਪਰੰਤ ਉਸ ਨੂੰ ਰਾਤ ਭਰ ਲਈ ਸਿੱਧਾ ਕਰ ਲਿਆ ਜਾਂਦਾ ਹੈ ਅਤੇ ਜਦ ਇਹ ਨਮੀ 65 ਫੀ ਸਦੀ ਰਹਿ ਜਾਵੇ ਤਾਂ ਇਸ ਵਿੱਚ 10 ਫੀ ਸਦੀ ਕਣਕ ਦਾ ਛਾਣ ਰਲਾਇਆ ਜਾਂਦਾ ਹੈ ਅਤੇ ਇਸ ਸਮਾਨ ਨੂੰ ਮੋਮੀ ਲਿਫਾਫਿਆਂ ਵਿੱਚ ਬੰਦ ਕਰਕੇ ਲਗਪਗ 2 ਕਿਲੋ ਵਜ਼ਨ ਪ੍ਰਤੀ ਲਿਫਾਫਾ ਜੀਵਾਣੂੰ ਮੁਕਤ ਕੀਤਾ ਜਾਂਦਾ ਹੈ। ਬਾਅਦ ਵਿੱਚ ਇਸ ਦੇ ਵਿਚਕਾਰ ਮੋਰੀ ਕਰਕੇ ਉਸ ਵਿੱਚ ਖੁੰਭਾਂ ਦਾ ਜਾਗ ਲਗਾਇਆ ਜਾਂਦਾ ਹੈ ਅਤੇ ਜਿਸ ਮੋਰੀ ਥਾਣੀ ਜਾਗ ਲਗਾਇਆ ਜਾਂਦਾ ਹੈ ਉਸ ਨੂੰ ਰੂੰ ਦੇ ਫੰਬੇ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਇਹ ਜਾਗ ਕੁਲ ਵਜ਼ਨ ਦਾ ਚਾਰ ਫੀ ਸਦੀ ਹੋਣਾ ਚਾਹੀਦਾ ਹੈ। ਡਾ: ਖੰਨਾ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਨੂੰ ਹਵਾ ਹਾਰੇ ਕਮਰੇ ਵਿੱਚ 22 ਡਿਗਰੀ ਤਾਪਮਾਨ ਦੇ ਨੇੜੇ ਤੇੜੇ ਰੱਖੋ। ਦਿਨੇ ਸੂਰਜ ਦੀ ਰੌਸ਼ਨੀ ਅਤੇ ਰਾਤ ਨੂੰ ਹਨੇਰਾ ਇਨ੍ਹਾਂ ਖੁੰਭਾਂ ਦੀ ਪਰਵਰਿਸ਼ ਲਈ ਚੰਗਾ ਹੈ। ਇਸ ਕਮਰੇ ਵਿੱਚ ਪਾਣੀ ਛਿੜਕ ਕੇ ਹੁੰਮਸ ਬਣਾਈ ਰੱਖੋ। ਇੰਝ ਖੁੰਭਾਂ ਅੰਦਰੇ ਅੰਦਰੇ ਤਿਆਰ ਹੋਈ ਜਾਣਗੀਆਂ। ਤਿੰਨ ਮਹੀਨਿਆਂ ਵਿੱਚ ਖੁੰਭਾਂ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਖੁੰਭਾਂ ਨੂੰ ਵਿਸ਼ਵ ਭਰ ਵਿੱਚ ਚੰਗੇ ਮੁੱਲ ਤੇ ਖਰੀਦਿਆ ਜਾਂਦਾ ਹੈ ਅਤੇ ਭਾਰਤੀ ਮੰਡੀ ਵਿੱਚ ਵੀ ਇਹ ਚੰਗਾ ਭਾਅ ਦੇ ਜਾਂਦੀਆਂ ਹਨ।
ਭੋਜਨ ਪੌਸ਼ਟਿਕਤਾ ਲਈ ਖੁੰਭਾਂ ਦੀ ਨਵੀਂ ਕਿਸਮ ਛਟਾਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਭਰਵਾਂ ਹੁੰਗਾਰਾ -ਡਾ: ਖੰਨਾ
This entry was posted in ਖੇਤੀਬਾੜੀ.