ਭਾਵੇਂ ਸਾਡੇ ਦੇਸ਼ ਪੰਜਾਬ ਦੇ ਲੀਡਰ ਨਿੱਤ ਨਵੇਂ ਨਵੇਂ ਬਿਆਨ ਦਾਗ ਕੇ ਪੰਜਾਬ ਨੂੰ ਪੈਰਿਸ ਬਣਾ ਦੇਵਾਗੇ,ਲੁਧਿਆਣੇ ਮੈਟਰੋ ਚਲਾ ਦੇਵਾਗੇ ਆਦਿ,ਪਰ ਇਹ ਬਿਆਨ ਸੁਣਨ ਵੇਲੇ ਤਾਂ ਮਨ ਨੂੰ ਬਾਗੋ ਬਾਗ ਕਰ ਦਿੰਦੇ ਨੇ, ਕਾਸ਼ ਕਿਤੇ ਇਹ ਸੁਪਨੇ ਸੱਚ ਹੋ ਜਾਣ, ਜਿਸ ਦੀਆਂ ਇਹ ਉਦਾਹਰਣਾਂ ਦਿੰਦੇ ਹਨ।ਉਹਨਾਂ ਦੇਸ਼ਾਂ ਵਿੱਚ ਮੈਟਰੋ ਤਾਂ 19 ਵੀ ਸਦੀ ਵਿੱਚ ਬਣਨੀ ਸ਼ੁਰੂ ਹੋ ਗਈ ਸੀ।ਇਹ ਦੂਰ ਅਦੇਸ਼ੀ ਗੋਰੇ ਲੋਕਾਂ ਨੇ ਸੌ ਸਾਲ ਤੋਂ ਵੀ ਪਹਿਲਾਂ ਧਰਤੀ ਹੇਠਾਂ ਮੈਟਰੋ ਬਣਾਉਣ ਦਾ ਮਨਸੂਬਾ ਬਣਾ ਲਿਆ ਸੀ।ਜਿਵੇਂ ਇੰਗਲੈਡ ਵਿੱਚ ਦੁਨੀਆਂ ਦੀ ਪਹਿਲੀ ਮੈਟਰੋ 10 ਜਨਵਰੀ 1863 ਨੂੰ ਚੱਲੀ ਸੀ।ਇਹ ਕਹਿਣ ਨਾਲੋਂ ਕਰਨ ਤੇ ਵਿਸ਼ਵਾਸ ਰੱਖ ਦੇ ਹਨ, ਕਹਿੰਦੇ ਹੁੰਦੇ ਆ ਜਿਹੜੇ ਬੱਦਲ ਗਰਜ਼ਦੇ ਆ ਉਹ ਵਰ੍ਹਦੇ ਨਹੀ, ਜਿਹੜੇ ਬੋਲਦੇ ਆ ਉਹ ਲੜਦੇ ਨੀ। ਪਰ ਮੇਰੇ ਇਹ ਲੇਖ ਦਾ ਵਿਸ਼ਾ ਸਿਆਸੀ ਤੁਲਣਾ ਕਰਨ ਦਾ ਨਹੀ ਹੈ।ਫਰਾਂਸ ਦੀ ਰਾਜਧਾਨੀ ਪੈਰਿਸ ਵਾਰੇ ਬਹੁਤ ਕੁਝ ਪੜ੍ਹਣ ਸੁਣਨ ਲਈ ਅਕਸਰ ਹੀ ਮਿਲਦਾ ਰਹਿੰਦਾ ਹੈ।ਪੈਰਿਸ ਦੀ ਮੈਟਰੋ ਦੇ ਇਤਿਹਾਸ ਨੂੰ ਸੁੰਗੜੀਆਂ ਲਾਈਨਾਂ ਵਿੱਚ ਵਰਨਣ ਕਰਨ ਦੀ ਮਾਮੂਲੀ ਜਿਹੀ ਕੋਸ਼ਿਸ ਹੀ ਹੈ।ਪੈਰਿਸ ਵਿੱਚ ਅੰਡਰਗਰਾਉਡ ਬਿਜਲੀ ਨਾਲ ਚੱਲਣ ਵਾਲੀ ਮੈਟਰੋ ਬਣਉਣ ਦਾ ਸਕੰਲਪ ਫਰਾਂਸ ਦੇ ਮਸ਼ਹੂਰ ਇੰਜਨੀਅਰ ਫੁਲਜੋਨਜ਼ ਬੀਆਂਵਿਨੂੰ ਨੇ 20 ਅਪ੍ਰੈਲ 1896 ਨੁੰ ਇੱਕ ਪ੍ਰਾਜੈਕਟ ਤਿਆਰ ਕਰਕੇ ਕੀਤਾ ਸੀ।ਜਿਸ ਨੇ ਪੈਰਿਸ ਦੀ ਮਿਉਸਪਲਟੀ ਅਤੇ ਪੁਲੀਸ ਹੈਡਕੁਆਟਰ ਤੋਂ ਹਰੀ ਝੰਡੀ ਮਿਲ ਜਾਣ ਬਾਅਦ 4 ਅਕਤੂਬਰ 1898 ਨੂੰ ਪਹਿਲੀ ਅੰਡਰਗਰਾਂਉਡ ਚੱਲਣ ਵਾਲੀ ਮੈਟਰੋ ਦੀ ਲਾਈਨ ਨੰਬਰ 1 ਬਣਾਉਣੀ ਸ਼ੁਰੂ ਕਰ ਦਿੱਤੀ ਸੀ।ਇਸ ਦਾ ਮਤਲਵ ਇਹ ਨਹੀ ਕਿ ਪੈਰਿਸ ਵਿੱਚ ਪਹਿਲਾਂ ਕੋਈ ਰੇਲਵੇ ਲਾਈਨ ਨਹੀ ਸੀ।ਪੈਰਿਸ ਵਿੱਚ ਸਮਾਨ ਦੀ ਢੋਅ ਢੋਆਈ ਲਈ ਧਰਤੀ ਉਪਰਲੀ ਪਹਿਲੀ ਰੇਲਵੇ ਲਾਈਨ 1845 ਵਿੱਚ ਬਣਾਈ ਗਈ ਸੀ।ਪੈਰਿਸ ਦੀ ਇਹ ਪਹਿਲੀ ਮੈਟਰੋ 19 ਜੁਲਾਈ 1900 ਨੂੰ 17 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਗਈ ਸੀ।ਇਸ ਦਿੱਨ ਯਾਤਰੀਆ ਲਈ ਦਿੱਨ ਦੇ ਇੱਕ ਵਜੇ ਦਰਵਾਜ਼ੇ ਖੋਲ ਦਿੱਤੇ ਸਨ।ਸਨ 1900 ਵਿੱਚ ਪੈਰਿਸ ਵਿੱਚ ਓਲਾਪਿੰਕ ਖੇਡਾਂ ਵੀ ਹੋ ਰਹੀਆ ਸਨ।ਇਸ ਕਰਕੇ ਖੇਡਾਂ ਤੋਂ ਪਹਿਲਾਂ ਪਹਿਲਾਂ ਪੂਰਾ ਕਰਨ ਦਾ ਨਿਸਚਾ ਧਾਰਿਆ ਹੋਇਆ ਸੀ।ਪੈਰਿਸ ਵਿੱਚ ਮੈਟਰੋ ਦੀਆਂ 16 ਲਾਈਨਾਂ ਹਨ ਜਿਹੜੀਆਂ ਅੰਡਰਗਰਾਂਉਡ ਬਣੀਆ ਹੋਈਆਂ ਹਨ।ਮੈਟਰੋ ਦੀਆਂ ਲਾਈਨਾਂ ਦਾ ਵਿਸ਼ਿਆ ਹੋਇਆ ਜਾਲ 214 ਕਿ.ਮੀ. ਲੰਬਾ ਹੈ,ਜਿਹੜਾ 197 ਮੀਟਰ ਧਰਤੀ ਵਿੱਚ ਹੈ।ਇਸ ਦੇ ਕਈ ਇਲਾਕਿਆਂ ਵਿੱਚ ਗਲੀਆਂ ਅਤੇ ਇਮਾਰਤਾਂ ਦੀ ਸੁਰਖਿਆਤਾ ਨੂੰ ਧਿਆਨ ਵਿੱਚ ਰਖਦਿਆਂ ਘੱਟ ਖੁਦਾਈ ਕੀਤੀ ਗਈ ਸੀ।ਪਰ ਜਿਆਦਾ ਕਰਕੇ ਇਸ ਦੇ ਸਟੇਸ਼ਨ ਡੂੰਘਾਈ ਵਿੱਚ ਬਣੇ ਹੋਏ ਹਨ।ਉਸ ਵਕਤ ਇਸ ਦੇ ਪਲੇਟਫਾਰਮਾਂ ਦੀ ਲੰਬਾਈ 75 ਮੀ.ਰੱਖੀ ਗਈ ਸੀ, ਪਰ ਬਾਅਦ ਵਿੱਚ 90 ਮੀ.ਤੇ 105 ਮੀ.ਲੰਬੇ ਵੀ ਬਣੇ ਹਨ।ਸਭ ਤੋਂ ਪਹਿਲਾਂ ਇਸ ਵਿੱਚ ਸਫਰ ਕਰਨ ਲਈ ਦੋ ਟਿੱਕਟਾਂ ਵਰਤੀਆਂ ਜਾਦੀਆ ਸਨ, ਇੱਕ ਫਸਟ ਕਲਾਸ ਤੇ ਦੂਸਰੀ ਸੈਕਿੰਡ ਕਲਾਸ,ਜਿਹਨਾਂ ਦੀ ਕੀਮਤ 25 ਸੈਟ ਤੇ 15ਸੈਂਟ ਸੀ।ਪਰ ਇਸ ਵਕਤ ਇਸ ਵਿੱਚ ਫਸਟ ਕਲਾਸ ਡੱਬਾ ਖਤਮ ਕਰ ਦਿੱਤਾ ਹੈ।ਵੀਹਵੀ ਸਦੀ ਦੇ ਮੁੰਢ ਵਿੱਚ ਇਸ ਦੇ ਕਈ ਸਟੇਸ਼ਨਾਂ ਦੀਆਂ ਕੰਧਾਂ ਅਤੇ ਛੱਤਾਂ ਉਤੇ ਛੋਟੇ ਆਕਾਰ ਦੀਆਂ ਚਮਕੀਲੀਆਂ ਸਫੇਦ ਟਾਈਲਾਂ ਲਾਈਆਂ ਗਈਆ ਸਨ।ਜਿਹਨਾਂ ਦੀ ਚਮਕ ਬਿਜਲੀ ਦੀ ਰੋਸ਼ਨੀ ਨਾਲ ਸਟੇਸ਼ਨ ਨੂੰ ਚਮਕੀਲਾ ਬਣਾ ਦਿੰਦੀ ਹੈ।ਕਈ ਜਗ੍ਹਾ ਤੇ ਕਲਚਰ ਨੂੰ ਬਿਆਨ ਕਰਦੀਆਂ ਤਸਵੀਰਾਂ ਵੀ ਬਣਈਆਂ ਹੋਈਆਂ ਹਨ।ਦੂਸਰੀ ਜੰਗ ਵੇਲੇ ਇਸ ਦੇ ਸਟੇਸ਼ਨਾਂ ਦੀ ਡੈਕੋਰੈਸ਼ਨ ਵਿੱਚ ਕਮੀ ਕਰ ਦਿੱਤੀ ਗਈ ਸੀ।ਸਾਲ 1901 ਵਿੱਚ 55 ਲੱਖ ਲੋਕੀ ਇਸ ਵਿੱਚ ਸਵਾਰ ਹੋਏ ਸਨ।ਪਰ ਇਸ ਵਕਤ ਇੱਕ ਦਿੱਨ ਵਿੱਚ 39 ਲੱਖ ਲੋਕੀ ਚੜ੍ਹਦੇ ਉਤਰਦੇ ਹਨ। ਸਨ 1913 ਤੱਕ ਪੈਰਿਸ ਵਿੱਚ 10 ਅੰਡਰਗਰਾਉਡ ਲਾਈਨਾਂ ਬਣ ਕੇ ਤਿਆਰ ਹੋ ਚੁੱਕੀਆਂ ਸਨ।ਯਾਤਰੀਆਂ ਦੀ ਗਿਣਤੀ ਵੱਧ ਕੇ ਸਾਲ ਵਿੱਚ 467 ਲੱਖ ਹੋ ਗਈ ਸੀ।ਪੈਰਿਸ ਦੇ ਵਿਚਕਾਰ ਸੇਨ ਦਰਿਆ ਚਲਦਾ ਹੈ ਇਸ ਦੇ ਇੱਕੇ ਪਾਸੇ ਸੀਤੇ ਨਾਂ ਦਾ ਸਟੇਸ਼ਨ ਹੈ,ਤੇ ਦੂਸਰੀ ਤਰਫ ਸੇਂਟ ਮਿਸ਼ਲ ਹੈ।ਜਿਹਨਾਂ ਦਾ 1100 ਮੀਟਰ ਦਾ ਫਾਸਲਾ ਹੈ।ਇਹ ਲਾਈਨ ਸਭ ਤੋਂ ਜਿਆਦਾ ਡੂੰਘਾਈ ਵਿੱਚ ਬਣਾਈ ਗਈ ਹੈ।ਇਥੇ ਲਿਫਟ ਰਾਹੀ ਬਾਹਰ ਆਉਣ ਜਾਣ ਦਾ ਰਸਤਾ ਹੈ।ਵੈਸੇ ਪਾਉੜ੍ਹੀਆਂ ਵੀ ਬਣੀਆਂ ਹੋਈਆਂ ਹਨ।ਉਹਨਾਂ ਰਾਹੀ ਚੜ੍ਹਨਾ ਉਤਰਨਾ ਹਰ ਇੱਕ ਦੇ ਬੱਸ ਦੀ ਗੱਲ ਨਹੀ।ਇਸ ਦਰਿਆ ਦੇ ਥੱਲੇ ਮੈਟਰੋ ਦੀ ਲਾਈਨ ਬਣਾਉਣ ਲਈ ਸਖਤ ਮਿਹਨਤ ਕਰਨੀ ਪਈ ਸੀ।ਤੇ ਕਾਫੀ ਸਮਾ ਵੀ ਲੱਗਿਆ।ਦਰਿਆ ਦੇ ਨੀਚੇ ਦੀ ਮਿੱਟੀ ਸੂਖਮ ਤੇ ਸਿੱਲੀ ਹੋਣ ਕਾਰਨ ਪਹਿਲਾਂ ਉਸ ਨੂੰ –24 ਡਿਗਰੀ ਤੇ 40 ਦਿੱਨ ਤੱਕ ਫਰੀਜ਼ ਕੀਤਾ ਗਿਆ,ਫਿਰ ਉਸ ਵਿੱਚ ਲੋਹੇ ਦੀਆਂ ਧਾਤਾਂ ਦੇ ਸਰੁੰਗ ਵਰਗੇ ਤਿੰਨ ਹੋਲ ਦਰਿਆ ਵਿੱਚ ਦੀ ਉਤਾਰੇ ਗਏ।ਪਾਣੀ ਨੂੰ ਉਸ ਜਗ੍ਹਾ ਤੋਂ ਹੋਲ ਰਾਹੀ ਬਾਹਰ ਵੱਲ ਕੱਢਿਆ ਗਿਆ।ਸਿਰਫ 14.50 ਮੀ. ਸਰੁੰਗ ਨੂੰ 10 ਮਹੀਨਿਆਂ ਵਿੱਚ ਬਣਾਇਆ ਸੀ।ਇਹ ਸਾਰਾ ਲੋਹੇ ਦਾ ਬਣਿਆ ਹੋਇਆ ਹੈ।
ਸੰਨ 1929 ਵਿੱਚ ਮੈਟਰੋ ਨੂੰ ਨਾਲ ਲੱਗਦੇ ਇਲਾਕਿਆਂ ਤੱਕ ਲੈ ਜਾਣ ਦਾ ਮਤਾ ਰੱਖਿਆ ਗਿਆ ਸੀ।ਬਾਅਦ ਵਿੱਚ ਇਸ ਦੀਆਂ 9 ਲਾਈਨਾਂ ਨੂੰ ਅੱਗੇ ਤੱਕ ਲਿਜਾਇਆ ਗਿਆ।ਮਈ 1963 ਵਿੱਚ ਪਹਿਲੀ ਟਾਈਰਾਂ ਨਾਲ ਚੱਲਣ ਵਾਲੀ ਮੈਟਰੋ ਤਿਆਰ ਹੋ ਗਈ ਸੀ, ਤੇ 1967 ਵਿੱਚ ਮੈਟਰੋ ਦੇ ਆਟੋਮੈਟਿੱਕ ਦਰਵਾਜ਼ੇ ਖੁਲਣ ਲੱਗ ਪਏ ਸਨ।ਇਸ ਦੀਆਂ 16 ਲਾਈਨਾਂ ਮੱਕੜੀ ਦੇ ਜਾਲ ਵਾਂਗ ਉਤਰ ਦੱਖਣ ਪੂਰਬ ਪੱਛਮ ਜਾ ਮਿਲਦੀਆਂ ਹਨ। 1998 ਵਿੱਚ ਬਣੀ ਇਸ ਦੀ 14 ਨੰਬਰ ਲਾਈਨ ਜਿਹੜੀ ਬਿਨਾਂ ਡਰਾਇਵਰ ਤੋਂ ਚਲਦੀ ਹੈ,ਇਹ ਲਾਈਨ 9 ਕਿ.ਮੀ. ਲੰਬੀ ਹੈ, ਇਸ ਦੇ ਸਟੇਸ਼ਨ ਦਾ ਫਾਸਲਾ 1 ਕਿ.ਮੀ. ਤੱਕ ਦਾ ਹੈ।ਬਾਕੀ ਦੀਆ ਲਾਈਨਾਂ ਦਾ ਫਾਸਲਾ 424 ਮੀ. ਤੇ 548 ਮੀ. ਦੇ ਵਿਚਕਾਰ ਹੈ।ਮੈਟਰੋ ਦੇ ਕੁੱਲ 384 ਸਟੇਸ਼ਨ ਹਨ, ਪਰ ਇਹ 300 ਸਟੇਸ਼ਨਾਂ ਤੱਕ ਹੀ ਰੁਕਦੀ ਹੈ।ਬਾਕੀ ਕੁਝ ਬੰਦ ਪਏ ਹਨ,ਜਾਂ ਸਮਾਨ ਦੀ ਢੋਅ ਢੁਆਈ ਲਈ ਵਰਤੇ ਜਾਦੇ ਹਨ।ਇਸ ਦੇ 62 ਸਟੇਸ਼ਨਾਂ ਦਾ ਅੰਦਰੋ ਅੰਦਰੀ ਹੀ ਦੁਸਰੀਆਂ ਲਾਈਨਾਂ ਨਾਲ ਸਪੰਰਕ ਹੈ।ਜਿਥੇ ਤੁਸੀ ਬਦਲੀ ਕਰ ਸਕਦੇ ਹੋ।ਰੀਪਬਲਿੱਕ ਨਾਂ ਦੇ ਸਟੇਸ਼ਨ ਤੇ 5 ਪਲੇਟਫਾਰਮ ਧਰਤੀ ਹੇਠਾਂ ਇੱਕਠੇ ਵੀ ਬਣੇ ਹੋਏ ਹੋਏ ਹਨ।ਸਾਲ 2008 ਸਭ ਤੋਂ ਜਿਆਦਾ ਯਾਤਰੀਆਂ ਨੇ ਇਸ ਵਿੱਚ ਸਫਰ ਕੀਤਾ।ਇਸ ਦੇ ਅੰਤਰਰਾਸਟਰੀ ਗਾਰ ਦੀ ਨੋਰਦ ਨਾਂ ਦੇ ਸਟੇਸ਼ਨ ਤੇ 47 ਲੱਖ ਲੋਕੀ ਆਏ।ਮੈਟਰੋ ਵਿੱਚ ਕਈ ਮੰਦਭਾਗੀ ਦੁਰਘਟਨਾਵਾਂ ਵੀ ਵਾਪਰੀਆਂ ਹਨ।ਜਦੋਂ 10-11 ਅਗਸਤ 1903 ਦੀ ਰਾਤ ਨੂੰ ਕਿਸੇ ਕਾਰਨ ਅੱਗ ਲੱਗ ਗਈ ਸੀ,ਉਸ ਵਕਤ ਮੇਟਰੋ ਦੇ ਡੱਬੇ ਲੱਕੜ ਦੇ ਬਣੇ ਹੋਏ ਸਨ।ਫਸਟ ਏਡ ਤੇ ਫਾਇਰ ਬ੍ਰੀਗੇਡ ਆਉਣ ਤੋਂ ਪਹਿਲਾਂ ਹੀ 84 ਲੋਕੀ ਧੂਏਂ ਨਾਲ ਸਾਹ ਘੁੱਟ ਕੇ ਤੇ ਕੁਝ ਅੱਗ ਨਾਲ ਝੁਲਸ ਕੇ ਮੌਤ ਦੇ ਮੂੰਹ ਜਾ ਪਏ ਸਨ।ਸੌ ਤੋਂ ਵੱਧ ਜਖਮੀ ਹੋ ਗਏ ਸਨ, ਉਸ ਤੋਂ ਬਾਅਦ 23 ਅਪ੍ਰੈਲ 1930 ਨੂੰ ਐਕਸੀਡੈਂਟ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ,10 ਜਨਵਰੀ 1930 ਨੂੰ 40 ਜਖਮੀ ਹੋਏ ਸਨ,30 ਅਕਤੂਬਰ 1973 ਨੂੰ ਫਿਰ ਇੱਕ ਦੁਰਘਟਨਾ ਰਾਹੀ 19 ਜਖਮੀ ਹੋ ਗਏ ਸਨ।25 ਨਵੰਬਰ ਨੂੰ ਐਕਸੀਡੈਂਟ ਨਾਲ ਮੈਟਰੋ ਦੇ ਡਰਾਇਵਰ ਦੀ ਮੌਤ ਹੋ ਗਈ ਸੀ। 18 ਨਵੰਬਰ 1996 ਨੂੰ ਦੋ ਜਖਮੀ ਹੋਏ। ਉਸ ਤੋਂ ਬਾਅਦ 30 ਅਗਸਤ 2000 ਨੂੰ 24 ਜਖਮੀ ਹੋ ਗਏ ਸਨ।ਇਸ ਧਰਤੀ ਹੇਠਲੇ ਮੈਟਰੋ ਦੇ ਜਾਲ ਵਿੱਚ ਜੇਬ ਕਤਰਿਆਂ ਦੀ ਵੀ ਘਾਟ ਨਹੀ ਹੈ।ਸਾਲ 2008 ਤੱਕ 18500 ਚੋਰੀਆਂ ਦੀਆਂ ਵਾਰਦਾਤਾਂ ਹੋਈਆਂ ਹਨ।ਜਿਹਨਾਂ ਵਿੱਚੋਂ 4653 ਜਬਰਦਸਤੀ ਖੋਹ ਦੀਆਂ ਵਾਰਦਾਤਾਂ ਹੋਈਆਂ। 117 ਬਲਤਕਾਰ ਜਾਂ ਬਲਤਕਾਰ ਕਰਨ ਦੀ ਕੋਸ਼ਿਸ ਜਿਹੀਆਂ ਘਿਉਨਣੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।ਸਾਲ 2008 ਵਿੱਚ 195 ਲੋਕਾਂ ਨੇ ਆਤਮ ਹੱਤਿਆ ਕੀਤੀ ਸੀ ਔਸਤਨ ਹਫਤੇ ਵਿੱਚ ਦੋ ਲੋਕਾਂ ਨੇ ਆਤਮ ਹੱਤਿਆ ਕੀਤੀ।ਪਿਛਲੇ 50 ਸਾਲਾਂ ਤੋਂ ਮੈਟਰੋ ਚੱਲਣ ਦੇ ਟਾਈਮ ਟੇਬਲ ਵਿੱਚ ਕੋਈ ਤਬਦੀਲੀ ਨਹੀ ਕੀਤੀ ਗਈ। ਪਰ ਕਿਸੇ ਵਿਸ਼ੇਸ ਦਿੱਨ ਤੇ ਜਿਵੇਂ ਕ੍ਰਿਸਮਿਸ, ਨਵਾਂ ਸਾਲ ਤੇ ਅਜਾਦੀ ਦਿਵਸ ਆਦਿ ਵਿੱਚ ਸਮੇਂ ਦੀ ਅਦਲਾ ਬਦਲੀ ਕਰ ਦਿੱਤੀ ਜਾਦੀ ਹੈ।ਇਸ ਦੇ ਟੂਰਿਸਟ ਸਟੇਸ਼ਨਾਂ ਉਪਰ ਜੇਬ ਕਤਰਿਆਂ ਤੋਂ ਬਚੋ, ਸਵਾਰੀ ਆਪਣੇ ਸਮਾਨ ਦੀ ਸੰਭਾਲ ਕਰੇ, ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਕਈ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਵਾਰ 2 ਸੂਚਤ ਕੀਤਾ ਜਾਦਾ ਹੈ।ਸਾਲ 2008 ਵਿੱਚ ਜਬਰਦਸਤ ਹੜਤਾਲ ਵੀ ਹੋਈ, ਜਿਹੜੀ ਲਗਾਤਾਰ 18 ਦਿੱਨ ਤੱਕ ਚੱਲੀ ਸੀ।ਪੈਰਿਸ ਵਿੱਚ ਪਹਿਲੀ ਮੈਟਰੋ ਸਵੇਰੇ 5.30 ਵਜੇ ਚਲਦੀ ਹੈ ਤੇ ਰਾਤ ਨੂੰ 0.45 ਵਜੇ ਬੰਦ ਹੋ ਜਾਦੀ ਹੈ।ਸਿਰਫ 7 ਬਿਸ ਨਾਂ ਦੀ ਲਾਈਨ ਹੈ ਜਿਹੜੀ ਸਵੇਰੇ 5.30 ਵਜੇ ਚੱਲ ਕੇ ਅਗਲੇ ਸਵੇਰ ਦੇ 1.15 ਤੇ ਰੁਕਦੀ ਹੈ।ਇਸ ਦੀਆਂ ਚਾਰ ਲਾਈਨਾਂ ਨੂੰ ਆਉਣ ਵਾਲੇ ਸਾਲ ਵਿੱਚ ਅੱਗੇ ਤੱਕ ਹੋਰ ਵਧਾਇਆ ਜਾ ਰਿਹਾ ਹੈ।ਪੈਰਿਸ ਆਪਣੀ ਹੱਦ ਬੰਦੀ ਨੂੰ ਸਮੁੰਦਰ ਦੇ ਕੰਢੇ ਤੱਕ (ਭਾਵ ਇੰਗਲੈਂਡ ਵਾਲੇ ਪਾਸੇ ਤੱਕ) ਲੈ ਜਾਣ ਲਈ 29 ਅਪ੍ਰੈਲ 2009 ਦੇ ਪ੍ਰਾਜੈਕਟ ਤੇ ਪੱਬਾਂ ਭਾਰ ਹੋਇਆ ਬੈਠਾ ਹੈ।ਜਿਸ ਦੀ 2025 ਤੱਕ ਪੂਰੀ ਹੋ ਜਾਣ ਦੀ ਉਮੀਦ ਹੈ।ਇਸ ਦੌੜ ਵਿੱਚ ਮੈਟਰੋ ਵੀ ਪਿਛੇ ਨਹੀ ਰਹੇਗੀ, ਇਹ ਤਾਂ ਆਉਣ ਵਾਲ ਸਮਾ ਹੀ ਦੱਸੇਗਾ।ਉਮੀਦ ਹੈ ਕਿਸੇ ਦਿੱਨ ਸਮੁੰਦਰ ਨਾਲ ਵੀ ਜਾ ਮੱਥਾ ਲਾਉਗੀ।