ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਪੰਜਾਬ ਦੇ ਮੁਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਪੁਰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਧੋਖਾ ਕਰਨ ਅਤੇ ਰਾਜੀਵ-ਲੌਂਗੋਵਾਲ ਸਮਝੌਤਾ ਤੋੜਨ ਦਾ ਦੋਸ਼ ਲਾਇਆ ਹੈ।
ਸ. ਪਰਮਜੀਤ ਸਿੰਘ ਸਰਨਾ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਸਥਿਤੀ ਦੇ ਮੌਕੇ ਦੇ ਗਵਾਹ ਹਨ। ਉਨ੍ਹਾਂ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਨਹੀਂ ਸਨ ਚਾਹੁੰਦੇ ਕਿ ਪੰਜਾਬ ਵਿਚ ਅਮਨ ਤੇ ਸ਼ਾਂਤੀ ਕਾਇਮ ਕਰਨ ਲਈ ਸਮਝੌਤਾ ਕਰਨ ਦਾ ਸੇਹਰਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਰ ਬੱਝੇ। ਇਸ ਲਈ ਉਨ੍ਹਾਂ ਅੰਦਰ-ਖਾਤੇ ਪਹਿਲਾਂ ਤੋਂ ਹੀ ਸਮਝੌਤੇ ਦਾ ਵਿਰੋਧ ਕਰਨ ਦੀ ਯੋਜਨਾ ਬਣਾ ਲਈ ਹੋਈ ਸੀ। ਇਸੇ ਕਾਰਣ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਰਾਜੀਵ ਗਾਂਧੀ ਨਾਲ ਸਮਝੌਤੇ ਦੀ ਗੱਲਬਾਤ ਕਰਨ ਲਈ ਨਾਲ ਚੱਲਣ ਦੇ ਦਿੱਤੇ ਗਏ ਸੱਦੇ ਨੂੰ ਬਹਾਨਾ ਮਾਰ ਟਾਲ ਗਏ ਸਨ। ਸ. ਸਰਨਾ ਨੇ ਹੋਰ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਰਾਜੀਵ ਗਾਂਧੀ ਵਿਚਕਾਰ ਹੋਏ ਸਮਝੌਤੇ ਨੂੰ ਪੰਜਾਬ ਵਿਚ ਅਮਨ-ਸ਼ਾਂਤੀ ਦਾ ਵਾਤਾਵਰਣ ਕਾਇਮ ਕਰਨ ਵੱਲ ਪਹਿਲ ਕਰਾਰ ਦਿੰਦਿਆਂ ਅਮਨ-ਸ਼ਾਂਤੀ ਦੇ ਇਛੁੱਕ ਹਲਕਿਆਂ ਵਲੋਂ ਜ਼ੋਰਦਾਰ ਸੁਆਗਤ ਕੀਤਾ ਗਿਆ ਸੀ, ਜਿਸ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਬਰਦਾਸ਼ਤ ਨਹੀਂ ਕਰ ਸਕੇ। ਫਲਸਰੂਪ ਸਮਝੌਤੇ ਦਾ ਵਿਰੋਧ ਕਰ ਸ. ਪ੍ਰਕਾਸ਼ ਸਿੰਘ ਬਾਦਲ ਜਿੱਥੇ ਸ. ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਦਾ ਕਾਰਣ ਬਣੇ, ਉਥੇ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਸਮਝੌਤੇ ਤੋਂ ਪਿੱਛੇ ਹਟਣ ਦਾ ਰਾਹ ਵੀ ਮੁਹੱਈਆ ਕਰਵਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਇਕ ਅਜਿਹੇ ਸੰਤਾਪ ਦੀ ਅੱਗ ਵਿਚ ਧੱਕ ਦਿੱਤਾ, ਜੋ ਉਸ ਨੂੰ ਲਗਭਗ ਡੇਢ ਦਹਾਕੇ ਤੱਕ ਸਾੜਦੀ ਰਹੀ। ਉਨ੍ਹਾਂ ਕਿਹਾ ਕਿ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਇਕ ਪਾਸੇ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਤੇ ਮਗਰਮੱਛੀ ਅੱਥਰੂ ਵਹਾ ਕੇ ਤੇ ਦੂਜੇ ਪਾਸੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਨਾ ਕਰਨ ਦਾ ਦੋਸ਼ ਕੇਂਦਰ ਸਰਕਾਰ ਤੇ ਮੜ੍ਹ ਆਪਣੇ ਆਪਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸੱਚਾਈ ਉਨ੍ਹਾਂ ਨੂੰ ਇਨ੍ਹ੍ਾ ਦੋਹਾਂ ਗੱਲਾਂ ਲਈ ਦੋਸ਼ੀਆਂ ਦੇ ਕਟਿਹਰੇ ਵਿਚ ਖੜ੍ਹਿਆਂ ਕਰਦੀ ਹੈ।