ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੌਸ਼ਟਿਕਤਾ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਦੀ ਮਾਤਰਾ ਵਧਾਉਣ ਨਾਲ ਸਰੀਰ ਵਧੇਰੇ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ, ਖਣਿਜ ਤੱਤ ਅਤੇ ਕੁਝ ਹੋਰ ਖੁਰਾਕੀ ਤੱਤ ਹੁੰਦੇ ਹਨ ਜਿਹੜੇ ਸਿਹਤ ਨੂੰ ਸਦੀਵੀ ਸਡੌਲਤਾ ਬਖਸ਼ਦੇ ਹਨ। ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਵਧਾ ਕੇ ਸਾਨੂੰ ਤਲੇ ਹੋਏ ਆਲੂਆਂ, ਪੀਜ਼ਾ ਬਰਗਰ ਆਦਿ ਬਾਜ਼ਾਰੂ ਵਾਧੂ ਖੁਰਾਕਾਂ ਤੋਂ ਮੁਕਤੀ ਹਾਸਿਲ ਕਰਨ ਦੀ ਲੋੜ ਹੈ। ਪੰਜਾਬੀ ਖਪਤਕਾਰਾਂ ਨੂੰ ਸੁਚੇਤ ਕਰਦਿਆਂ ਯੂਨੀਵਰਸਿਟੀ ਵਿਗਿਆਨੀਆਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਸੁਹਾਂਜਣਾਂ, ਚੁਲਾਈ, ਪਾਲਕ ਅਤੇ ਬਾਥੂ ਦੀਆਂ ਪੱਤੀਆਂ ਖੁਰਾਕ ਦਾ ਹਿੱਸਾ ਬਣ ਸਕਦੀਆਂ ਹਨ। ਭੋਜਨ ਅਤੇ ਪੌਸ਼ਟਿਕਤਾ ਵਿਭਾਗ ਦੀ ਮਾਹਿਰ ਵਿਗਿਆਨੀ ਡਾ: ਪਰਮਜੀਤ ਚਾਵਲਾ ਅਤੇ ਡਾ: ਸ਼ਾਲਿਨੀ ਖੁਸ਼ਵਾਹਾ ਨੇ ਦੱਸਿਆ ਕਿ ਹਰੀਆਂ ਸਬਜ਼ੀਆਂ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਤੱਤ ਵੀ ਮਿਲਦਾ ਹੈ ਜੋ ਤੁਹਾਡੇ ਲਹੂ ਦੇ ਦਬਾਅ ਅਤੇ ਖੂਨ ਵਿਚਲੀ ਸ਼ੂਗਰ ਨੂੰ ਵੀ ਕਾਬੂ ਵਿੱਚ ਰੱਖਦਾ ਹੈ। ਭਾਰ ਵਧਣ ਤੋਂ ਬਚਣ ਲਈ ਵੀ ਪੱਤੇਦਾਰ ਸਬਜ਼ੀਆਂ ਬਹੁਤ ਚੰਗਾ ਸਾਧਨ ਹਨ ਕਿਉਂਕਿ ਇਨ੍ਹਾਂ ਵਿੱਚ ਕੈਲੋਰੀਜ਼ ਘੱਟ ਅਤੇ ਵਿਟਾਮਿਨ, ਖਣਿਜ ਤੱਤ ਆਦਿ ਵਧੇਰੇ ਹੁੰਦੇ ਹਨ।
ਡਾ: ਸ਼ਾਲਿਨੀ ਖੁਸ਼ਵਾਹਾ ਨੇ ਦੱਸਿਆ ਕਿ ਸੁਹਾਂਜਣੇ ਦੇ ਪੱਤੇ ਤਾਜ਼ੇ ਵੀ ਖਾਧੇ ਜਾ ਸਕਦੇ ਹਨ ਅਤੇ ਪਕਾ ਕੇ ਵੀ। ਇਵੇਂ ਹੀ ਇਨ੍ਹਾਂ ਨੂੰ ਸੁਕਾ ਕੇ ਉਸਦਾ ਪਾਊਡਰ ਵੀ ਬਣਾ ਕੇ ਰੱਖਿਆ ਜਾ ਸਕਦਾ ਹੈ। ਇਨ੍ਹਾਂ ਪੱਤਿਆਂ ਵਿੱਚ ਦੁੱਧ ਨਾਲੋਂ ਵਧੇਰੇ ਕੈਲਸ਼ੀਅਮ, ਪਾਲਕ ਨਾਲੋਂ ਵਧੇਰੇ ਲੋਹਾ ਤੱਤ ਅਤੇ ਸੰਤਰਿਆਂ ਨਾਲੋਂ ਵਧੇਰੇ ਵਿਟਾਮਿਨ ਸੀ ਹੋਣ ਤੋਂ ਇਲਾਵਾ ਕੇਲਿਆਂ ਨਾਲੋਂ ਵੱਧ ਪੋਟਾਸ਼ੀਅਮ ਤੱਤ ਮਿਲਦੇ ਹਨ। ਡਾ: ਖੁਸ਼ਵਾਹਾ ਨੇ ਦੱਸਿਆ ਕਿ ਇਹ ਪੱਤੇ ਨਿੱਕੇ ਬੱਚਿਆਂ ਲਈ ਕਰਾਮਾਤੀ ਟਾਨਿਕ ਵਜੋਂ ਵਰਤੇ ਜਾ ਸਕਦੇ ਹਨ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਖੂਨ ਵੀ ਸਾਫ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਵੀ ਇਸ ਦਾ ਲਾਭ ਪਹੁੰਚਦਾ ਹੈ ਜਿਸ ਨਾਲ ਜਣੇਪਾ ਸੌਖਾ ਹੋ ਜਾਂਦਾ ਹੈ ਅਤੇ ਜਣੇਪੇ ਉਪਰੰਤ ਆਉਣ ਵਾਲੀਆਂ ਗੁੰਝਲਾਂ ਤੋਂ ਵੀ ਮੁਕਤੀ ਮਿਲਦੀ ਹੈ।
ਚੁਲਾਈ ਦੀ ਖੁਰਾਕੀ ਮਹੱਤਤਾ ਬਾਰੇ ਦਸਦਿਆਂ ਡਾ: ਪਰਮਜੀਤ ਚਾਵਲਾ ਨੇ ਕਿਹਾ ਕਿ ਚੁਲਾਈ ਦੇ ਪੱਤੇ ਖੁਰਾਕ ਵਿੱਚ ਰੋਜ਼ਾਨਾ ਪਾਉਣ ਨਾਲ ਵਿਟਾਮਿਨ ਏ, ਬੀ-1, ਬੀ-2 ਅਤੇ ਸੀ ਤੋਂ ਇਲਾਵਾ ਕੈਲਸ਼ੀਅਮ, ਲੋਹਾ ਤੱਤ ਅਤੇ ਪੋਟਾਸ਼ੀਅਮ ਦੀ ਕਮੀ ਵੀ ਪੂਰੀ ਹੁੰਦੀ ਹੈ। ਨਜ਼ਰ ਵਿੱਚ ਪੈਣ ਵਾਲੇ ਨੁਕਸਾਂ ਤੋਂ ਵੀ ਬਚਾ ਰਹਿੰਦਾ ਹੈ। ਇਵੇਂ ਹੀ ਸਾਹ ਨਲੀ ਵਿੱਚ ਹੋਣ ਵਾਲੀ ਰੁਕਾਵਟ, ਬਾਰ ਬਾਰ ਜ਼ੁਕਾਮ ਲੱਗਣ ਅਤੇ ਸਰੀਰਕ ਅਹੁਰਾਂ ਤੋਂ ਵੀ ਮੁਕਤੀ ਮਿਲਦੀ ਹੈ। ਉਨ੍ਹਾਂ ਆਖਿਆ ਕਿ ਚੁਲਾਈ ਦੀ ਗਰਭਵਤੀ ਔਰਤਾਂ ਲਈ ਬਹੁਤ ਹੀ ਮਹੱਤਤਾ ਹੈ। ਚੁਲਾਈ ਦੇ ਪੱਤਿਆਂ ਦਾ ਤਾਜ਼ਾ ਰਸ ਜੇਕਰ ਸ਼ਹਿਦ ਵਿੱਚ ਮਿਲਾ ਕੇ ਗਰਭਵਤੀ ਔਰਤਾਂ ਲੈਣ ਤਾਂ ਇਹ ਲਾਹੇਵੰਦ ਰਹਿੰਦਾ ਹੈ। ਗਰਭ ਵਿੱਚ ਪਲਦੇ ਬੱਚੇ ਦਾ ਵਿਕਾਸ ਵੀ ਚੰਗਾ ਹੁੰਦਾ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਅਤੇ ਲੋਹਾ ਤੱਤ ਦੀ ਕਮੀ ਵੀ ਨਹੀਂ ਆਉਂਦੀ । ਇਸ ਨਾਲ ਜਣੇਪਾ ਵੀ ਦਰਦ ਰਹਿਤ ਹੁੰਦਾ ਹੈ।
ਚੁਕੰਦਰ ਦੇ ਪੱਤਿਆਂ ਦੀ ਖੁਰਾਕੀ ਮਹੱਤਤਾ ਬਾਰੇ ਦਸਦਿਆਂ ਡਾ: ਉਤਰਾ ਸਿੰਘ ਨੇ ਦੱਸਿਆ ਕਿ ਇਹ ਪੱਤੇ ਭਾਵੇਂ ਖਾਣ ਵਿੱਚ ਕੁਝ ਕੌੜੇ ਹਨ ਪਰ ਕਲੋਰੋਫਿਲ, ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਤਾਂਬਾ ਤੱਤ, ਸੋਡੀਅਮ ਤੱਤ, ਰੇਸ਼ੇ ਅਤੇ ਬੀਟਾ ਕੈਰੋਟਿਨ ਤੋਂ ਇਲਾਵਾ ਵਿਟਾਮਿਨ ਏ, ਬੀ, ਸੀ ਦਾ ਭਰਪੂਰ ਖ਼ਜ਼ਾਨਾ ਹਨ। ਇਹ ਚੁਕੰਦਰ ਦੇ ਧਰਤੀ ਹੇਠਲੇ ਹਿੱਸੇ ਨਾਲੋਂ ਵੱਧ ਗੁਣਕਾਰੀ ਹੈ ਅਤੇ ਇਸ ਵਿੱਚ ਪਾਲਕ ਨਾਲੋਂ ਵਧੇਰੇ ਲੋਹਾ ਤੱਤ ਹੁੰਦਾ ਹੈ। ਖੂਨ ਦੇ ਜਮਾਓ ਲਈ ਜਿੰਮੇਵਾਰ ਵਿਟਾਮਿਨ ਏ ਦੀ ਮਾਤਰਾ ਵੀ ਇਸ ਵਿੱਚ ਮਿਲਦੀ ਹੈ। ਚੰਗੀ ਨਿਗ੍ਹਾ ਰੱਖਣ ਲਈ ਇਹ ਪੱਤੇ ਤੁਹਾਨੂੰ ਵਿਟਾਮਿਨ ਏ ਵੀ ਮੁਹੱਈਆ ਕਰਵਾਉਂਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨੀਆਂ ਨੇ ਹਰੀਆਂ ਸਬਜ਼ੀਆਂ ਦੀ ਮਹੱਤਤਾ ਬਾਰੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਸਰੀਰ ਵਿੱਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਵੀ ਇਹ ਦਿੰਦੀਆਂ ਹਨ। ਮਾਹਿਰਾਂ ਮੁਤਾਬਕ ਹਰੀਆਂ ਪੱਤੇਦਾਰ ਸਬਜ਼ੀਆਂ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨਾ ਅੱਜ ਦੀ ਪ੍ਰਮੁਖ ਲੋੜ ਹੈ।
ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਦੀ ਮਾਤਰਾ ਵਧਾਓ-ਪੀ ਏ ਯੂ ਵਿਗਿਆਨੀ
This entry was posted in ਖੇਤੀਬਾੜੀ.