ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਪੰਜਾਬ ਸਰਕਾਰ ਵੱਲੋਂ ਕਿੱਤਾ‑ਮੁਖੀ ਸਿੱਖਿਆ ਦੇ ਪ੍ਰਸਾਰ ਤੇ ਵਿਸ਼ੇਸ ਜੋਰ ਦਿੱਤਾ ਜਾ ਰਿਹਾ ਹੈ। ਇਸੇ ਉਦੇਸ ਨਾਲ ਪਿੰਡ ਫਤੁਹੀ ਖੇੜਾ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਖੋਲਿਆ ਜਾ ਰਿਹਾ ਹੈ। ਇਸ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਹੈ। ਇਸ ਇਮਾਰਤ ’ਤੇ 7 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ: ਦਰਸ਼ਨ ਸਿੰਘ ਗਰੇਵਾਲ ਨੇ ਦਿੱਤੀ।
ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਕਿੱਤਾ‑ਮੁਖੀ ਤਕਨੀਕੀ ਸਿੱਖਿਆ ਨੂੰ ਉਤਸਾਹਿਤ ਕਰਨ ਦੇ ਵਿਸ਼ੇਸ ਉਪਰਾਲੇ ਕਰ ਰਹੇ ਹਨ ਕਿਉਂਕਿ ਨਵੇਂ ਦੌਰ ਵਿਚ ਤਕਨੀਕੀ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਰੁਜਗਾਰ ਦੇ ਵਧੇਰੇ ਮੌਕੇ ਮਿਲਦੇ ਹਨ। ਇਸੇ ਸੋਚ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਲੋਟ ਤੋਂ 20 ਕਿਲੋਮੀਟਰ ਦੂਰ ਪਿੰਡ ਫਤੂਹੀ ਖੇੜਾ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਬਣਾਇਆ ਹੈੇ। ਇਸ ਪੇਂਡੂ ਖੇਤਰ ਵਿਚ ਪਹਿਲਾਂ ਅਜਿਹਾ ਕੋਈ ਸਰਕਾਰੀ ਵਿਦਿਅਕ ਅਦਾਰਾ ਨਹੀਂ ਸੀ ਪਰ ਹੁਣ ਜ਼ਿਲ੍ਹੇ ਭਰ ਦੇ ਨੌਜਵਾਨਾਂ ਲਈ ਸਿੱਖਿਆ ਦਾ ਇਕ ਨਵਾਂ ਚਾਨਣ ਮੁਨਾਰਾ ਸ਼ੁਰੂ ਹੋਣ ਜਾ ਰਿਹਾ ਹੈ।
ਪਿੰਡ ਫਤੂਹੀ ਖੇੜਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਲਈ ਪੰਚਾਇਤ ਨੇ ਲਗਭਗ ਸਾਢੇ 5 ਏਕੜ ਜ਼ਮੀਨ ਦਿੱਤੀ ਹੈ। ਇਸ ਤੇ ਕਾਲਜ ਦੀ ਸ਼ਾਨਦਾਰ ਇਮਾਰਤ ਬਣ ਗਈ ਹੈ। ਇਸ ਵਿਚ ਪ੍ਰਬੰਧਕੀ ਬਲਾਕ ਅਤੇ ਵਰਕਸ਼ਾਪ ਬਲਾਕ ਬਣਾਏ ਗਏ ਹਨ ਅਤੇ ਇਸ ਦਾ ਕੁੱਲ ਛੱਤਿਆ ਖੇਤਰ (ਕਵਰਡ ਏਰੀਆ) 65000 ਵਰਗ ਫੁੱਟ ਹੈ। ਕਾਲਜ ਦਾ ਹਰੇ ਭਰੇ ਚੌਗਿਰਦੇ ਵਿਚ ਬਣਿਆ ਖੁਲ੍ਹਾ‑ਡੁਲ੍ਹਾ ਕੈਂਪਸ ਵੇਖਣ ਯੋਗ ਹੈ।
ਪਿੰਡ ਦੇ ਸਰਪੰਚ ਸ: ਸੁਖਮੰਦਰ ਸਿੰਘ ਅਨੁਸਾਰ ਉਹ ਸਰਕਾਰ ਦੇ ਧੰਨਵਾਦੀ ਹਨ ਕਿ ਅਗਲੀਆਂ ਪੀੜ੍ਹੀਆਂ ਲਈ ਵਰਦਾਨ ਬਣਨ ਵਾਲਾ ਸਿੱਖਿਆ ਸੰਸਥਾਨ ਉਨ੍ਹਾਂ ਦੇ ਪਿੰਡ ਵਿਚ ਖੋਲਿਆ ਗਿਆ ਹੈ। ਉਨ੍ਹਾਂ ਅਨੁਸਾਰ ਇਸ ਸੰਸਥਾਨ ਦੇ ਇੱਥੇ ਖੁੱਲਣ ਨਾਲ ਇਲਾਕੇ ਦੇ ਨੌਜਵਾਨ ਤਕਨੀਕੀ ਸਿੱਖਿਆ ਦੇ ਲੜ ਲੱਗ ਕੇ ਆਪਣੇ ਲਈ ਬੇਹਤਰ ਰੁਜਗਾਰ ਦੇ ਮੌਕੇ ਪ੍ਰਾਪਤ ਕਰ ਸਕਣਗੇ।